ਸਿੱਖਿਆ ਮੰਤਰੀ ਦਾ ਸਾੜਿਆ ਪੁੱਤਲਾ
ਸਿੱਖਿਆ ਮੰਤਰੀ ਦਾ ਸਾੜਿਆ ਪੁੱਤਲਾ
ਬਠਿੰਡਾ(ਜਸਵੀਰ ਸਿੱਧੂ )23 ਅਕਤੂਬਰ – ਸ਼ੋ੍ਰਮਣੀ ਅਕਾਲੀ ਦਲ ਦੇ ਬਠਿੰਡਾ ਸ਼ਹਿਰੀ ਹਲਕੇ ਨਾਲ ਸੰਬੰਧਿਤ ਮਹਿਲਾ ਵਿੰਗ ਵਲੋਂ ਸਥਾਨਕ ਚਿਲਡਰਨ ਪਾਰਕ ਵਿਚ ਇਕੱਠੇ ਹੋਣ ਉਪਰੰਤ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਪੁਤਲਾ ਸਾੜਿਆ ਗਿਆ ਅਤੇ ‘ਪੰਜਾਬ ਸਰਕਾਰ’, ‘ਸਿੱਖਿਆ ਮੰਤਰੀ’ ਮੁਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਮਰਹੂਮ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਨੂੰ ਇਨਸਾਫ਼ ਦੇਣ ਦੀ ਮੰਗ ਉਠਾਈ ਗਈ | ਇਸ ਮੌਕੇ ਮਹਿਲਾ ਵਿੰਗ ਪ੍ਰਧਾਨ ਬਲਵਿੰਦਰ ਕੌਰ ਨੇ ਕਿਹਾ ਕਿ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਬੜੀ ਮਿਹਨਤ ਕਰਕੇ ਰੋਜ਼ੀ ਰੋਟੀ ਕਮਾਉਣ ਯੋਗ ਹੋਈ ਅਤੇ ਉਸ ਨੇ ਰੁਜ਼ਗਾਰ ਪ੍ਰਾਪਤੀ ਲਈ ਰੋਜ਼ਾਨਾ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੇ ਤਰਲੇ ਕੱਢੇ ਪਰ ਸਰਕਾਰ ਨੇ ਉਸ ਦੀ ਇਕ ਨਾ ਸੁਣੀ | ਉਹ ਸਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਾ ਕਰਦੀ ਹੋਈ ਆਪਣੀ ਜੀਵਨ ਲੀਲਾ ਸਮਾਪਤ ਕਰ ਗਈ | ਉਨ੍ਹਾਂ ਕਿਹਾ ਕਿ ਔਰਤਾਂ ਨੂੰ ਇਨਸਾਫ਼ ਦੇਣ ਵਿਚ ਸੂਬਾ ਸਰਕਾਰ ਬਿਲਕੁਲ ਫ਼ੇਲ੍ਹ ਰਹੀ ਹੈ, ਆਏ ਦਿਨ ਪੰਜਾਬ ਦੀਆਂ ਬੇਟੀਆਂ ਨਾਲ ਜੁਲਮ ਹੋ ਰਹੇ ਹਨ ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ, ਜਿਸ ਨੂੰ ਜਗਾਉਣ ਲਈ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸਤਰੀ ਅਕਾਲੀ ਦਲ ਮਰਹੂਮ ਸਹਾਇਕ ਪ੍ਰੋਫੈਸਰ ਨੂੰ ਇਨਸਾਫ਼ ਦਿਵਾਉਣ ਲਈ ਹਰ ਲੜਾਈ ਲੜੇਗਾ | ਬੀਬੀ ਜੋਗਿੰਦਰ ਕੌਰ ਮੈਂਬਰ ਐਸ.ਜੀ.ਪੀ.ਸੀ. ਨੇ ਕਿਹਾ ਕਿ ‘ਆਪ’ ਸਰਕਾਰ ਵਿਚ ਔਰਤਾਂ ਕਿਧਰੇ ਵੀ ਸੁਰੱਖਿਆ ਨਹੀਂ | ਆਏ ਦਿਨ ਕਿਸੇ ਨਾ ਕਿਸੇ ਪਾਸੇ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ | ਉਨ੍ਹਾਂ ਕਿਹਾ ਕਿ 1158 ਸਹਾਇਕ ਪ੍ਰੋਫੈਸਰ ਤੇ ਲਾਇਬਰੇਰੀਅਨ ਭਰਤੀ ਪੂਰੀ ਨਾ ਹੋਣ ਕਰਕੇ ਪੰਜਾਬ ਦੀ ਬੇਟੀ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਆਪਣੀ ਜਾਨ ਦੇ ਗਈ ਹੈ | ਮਹਿਲਾ ਆਗੂਆਂ ਨੇ ਕਿਹਾ ਕਿ ਬਲਵਿੰਦਰ ਕੌਰ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਲਿਖੇ ਖ਼ੁਦਕੁਸ਼ੀ ਨੋਟ ਵਿਚ ਆਪਣੀ ਮੌਤ ਲਈ ਸਿੱਧੇ ਤੌਰ ‘ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਇਸ ਲਈ ਹਰਜੋਤ ਸਿੰਘ ਬੈਂਸ ਤੋ ਤੁਰੰਤ ਅਸਤੀਫ਼ਾ ਲਿਆ ਜਾਵੇ ਅਤੇ ਉਸ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇ | ਉਪਰੰਤ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਵਿਚ ਇਸਤਰੀ ਵਿੰਗ ਵਲੋਂ ਰਾਜਪਾਲ ਪੰਜਾਬ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਰਾਜਵਿੰਦਰ ਸਿੰਘ ਸਿੱਧੂ, ਮਨਪ੍ਰੀਤ ਕੌਰ, ਚਰਨਜੀਤ ਕੌਰ ਸਮੇਤ ਹੋਰ ਔਰਤਾਂ ਮੌਜੂਦ ਸਨ |

