ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਬੱਚਿਆਂ ਨੂੰ ਕੋਚਿੰਗ ਲਈ ਅਰਜ਼ੀਆਂ ਮੰਗੀਆਂ

ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਬੱਚਿਆਂ ਨੂੰ ਕੋਚਿੰਗ ਲਈ ਅਰਜ਼ੀਆਂ ਮੰਗੀਆਂ
ਬਠਿੰਡਾ(ਜਸਵੀਰ ਸਿੱਧੂ )ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਦੁਆਰਾ ਚਲਾਏ ਜਾ ਰਹੇ ਡਾ. ਅੰਬੇਦਕਰ ਫਾਊਂਡੇਸ਼ਨ ਨੇ ਅਨੁਸੂਚਿਤ ਜਾਤੀ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਸਸ਼ਕਤੀਕਰਨ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਨਾਲ ਯੂਨੀਵਰਸਿਟੀ ਕੈੰਪਸ ਵਿਖੇ ਡਾ. ਅੰਬੇਦਕਰ ਸੈਂਟਰ ਆਫ਼ ਐਕਸੀਲੈਂਸ ਨੂੰ ਕਾਰਜਸ਼ੀਲ ਰੱਖਦੇ ਹੋਏ ਸਿਵਲ ਸੇਵਾਵਾਂ ਪ੍ਰੀਖਿਆਵਾਂ ਲਈ ਉੱਚ ਗੁਣਵੱਤਾ ਵਾਲੀ ਮੁਫ਼ਤ ਕੋਚਿੰਗ ਸਹੂਲਤਾਂ ਪ੍ਰਦਾਨ ਕਰਨ ਲਈ ਕੀਤੇ ਸਮਝੌਤੇ ਤਹਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਯੂਪੀਐਸਸੀ ਸਿਵਲ ਸੇਵਾ ਪ੍ਰੀਖਿਆ ਲਈ ਉੱਚ ਗੁਣਵੱਤਾ ਵਾਲੀ ਮੁਫਤ ਕੋਚਿੰਗ ਪ੍ਰੋਗਰਾਮ ਵਿੱਚ ਸਾਲ 2023 ਬੈਚ ਦੀਆਂ 120 ਸੀਟਾਂ ਲਈ ਅਨੁਸੂਚਿਤ ਜਾਤੀਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ ਜਿਨ੍ਹਾਂ ਨੂੰ ਆਨਲਾਈਨ ਜਮ੍ਹਾਂ ਕਰਨ ਦੀ ਆਖਰੀ ਮਿਤੀ 31 ਅਕਤੂਬਰ, 2023 ਹੈ।ਤਿੰਨ ਸਾਲਾਂ ਦੀ ਮਿਆਦ ਲਈ ਪ੍ਰਭਾਵੀ ਇਸ ਸਮਝੌਤੇ ਤੇ ਡਾ. ਅੰਬੇਦਕਰ ਫਾਊਂਡੇਸ਼ਨ ਦੇ ਡਾਇਰੈਕਟਰ ਸ਼੍ਰੀ ਪਰਵੀਨ ਕੁਮਾਰ ਥਿੰਦ ਅਤੇ ਸੀਯੂਪੀਬੀ ਦੇ ਪ੍ਰੀਖਿਆਵਾਂ ਕੰਟਰੋਲਰ ਅਤੇ ਕਾਰਜਕਾਰੀ ਰਜਿਸਟਰਾਰ ਪ੍ਰੋ. ਬੀ.ਪੀ. ਗਰਗ ਨੇ ਪਿਛਲੇ ਹਫਤੇ ਦਸਤਖ਼ਤ ਕੀਤੇ ਸਨ।ਇਹਨਾਂ 120 ਸੀਟਾਂ ਵਿੱਚੋਂ 100 ਸੀਟਾਂ ਐਸਸੀ ਅਤੇ ਓਬੀਸੀ ਉਮੀਦਵਾਰਾਂ ਨੂੰ ਦਿੱਤੀਆਂ ਜਾਣਗੀਆਂ, ਜਿਸ ਵਿੱਚ ਕੋਰਸ ਦੀ ਫੀਸ ਡੀਏਐਫ ਦੁਆਰਾ ਅਦਾ ਕੀਤੀ ਜਾਵੇਗੀ ਜਦਕਿ ਬਾਕੀ ਬਚੀਆਂ 20 ਸੀਟਾਂ ਨਿਰਧਾਰਤ ਫੀਸ ਦੇ ਭੁਗਤਾਨ ਨਾਲ ਓਪਨ ਕੈਟਾਗਰੀ ਲਈ ਉਪਲਬਧ ਹੋਣਗੀਆਂ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦਾ ਧੰਨਵਾਦ ਕੀਤਾ।ਉਹਨਾਂ ਨੇ ਅਨੁਸੂਚਿਤ ਜਾਤੀ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਡੀਏਸੀਈ ਪ੍ਰੋਗਰਾਮ ਵਿੱਚ ਦਾਖਲਾ ਲੈ ਕੇ ਯੂਪੀਐਸਸੀ ਸਿਵਲ ਸੇਵਾ ਪ੍ਰੀਖਿਆ ਵਿੱਚ ਉੱਚ ਗੁਣਵੱਤਾ ਪ੍ਰਾਪਤ ਕਰਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੀ ਅਪੀਲ ਕੀਤੀ।ਸੀਯੂਪੀਬੀ ਵਿੱਚ ਡਾ. ਅੰਬੇਦਕਰ ਸੈਂਟਰ ਆਫ ਐਕਸੀਲੈਂਸ ਦੇ ਨੋਡਲ ਅਫਸਰ ਡਾ. ਵਿਨੋਦ ਆਰੀਆ ਨੇ ਦੱਸਿਆ ਕਿ ਇਸ ਸਕੀਮ ਤਹਿਤ ਰਜਿਸਟ੍ਰੇਸ਼ਨ ਪ੍ਰਕਿਰਿਆ ਤੋਂ ਬਾਅਦ ਕੁੱਲ 100 ਅਨੁਸੂਚਿਤ ਜਾਤੀ/ਹੋਰ ਪਛੜੀ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਦਾਖਲਾ ਪ੍ਰੀਖਿਆ ਰਾਹੀਂ ਇੱਕ ਸਾਲ ਦੀ ਮਿਆਦ ਲਈ ਮੁਫ਼ਤ ਕੋਚਿੰਗ ਲਈ ਚੁਣਿਆ ਜਾਵੇਗਾ। ਉਮੀਦਵਾਰ ਯੂਨੀਵਰਸਿਟੀ ਦੀ ਵੈੱਬਸਾਈਟ https://cup.edu.in/dace ਰਾਹੀਂ ਅਰਜ਼ੀਆਂ ਆਨਲਾਈਨ ਜਮ੍ਹਾਂ ਕਰ ਸਕਦੇ ਹਨ।

55 Views