ਜੀਡੀਆਰ ਡੇ ਬੋਰਡਿੰਗ ਪਬਲਿਕ ਸਕੂਲ, ਆਦਰਸ਼ ਨਗਰ, ਫਗਵਾੜਾ ਨੇ ਸਾਲਾਨਾ ਸਮਾਗਮ ਜਸ਼ਨ-ਏ-ਉਮੰਗ 2024 ਦਾ ਕੀਤਾ ਆਗਾਜ

ਜੀਡੀਆਰ ਡੇ ਬੋਰਡਿੰਗ ਪਬਲਿਕ ਸਕੂਲ, ਆਦਰਸ਼ ਨਗਰ, ਫਗਵਾੜਾ ਨੇ ਸਾਲਾਨਾ ਸਮਾਗਮ ਜਸ਼ਨ-ਏ-ਉਮੰਗ 2024 ਦਾ ਕੀਤਾ ਆਗਾਜ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਜੀ.ਡੀ.ਆਰ.ਡੇ ਬੋਰਡਿੰਗ ਪਬਲਿਕ ਸਕੂਲ, ਆਦਰਸ਼ ਨਗਰ, ਫਗਵਾੜਾ ਦਾ ਸਾਲਾਨਾ ਸਮਾਗਮ ਜਸ਼ਨ-ਏ-ਉਮੰਗ 2024 ਦਾ ਆਗਾਜ ਨਗਰ ਨਿਗਮ ਫਗਵਾੜਾ ਦੇ ਆਡੀਟੋਰੀਅਮ ਵਿੱਚ ਬੜੇ ਹੀ ਉਤਸ਼ਾਹ ਨਾਲ ਕੀਤਾ ਗਿਆ । ਪ੍ਰੋਗਰਾਮ ਦਾ ਉਦਘਾਟਨ ਬਹੁਤ ਹੀ ਪ੍ਰਸਿੱਧ ਸਕ੍ਰਿਪਟ ਲੇਖਕ ਅਤੇ ਫਿਲਮ ਨਿਰਮਾਤਾ ਸ਼੍ਰੀ ਜਸਵੀਰ ਗੁਣਾਚੋਰੀਆ ਨੇ ਕੀਤਾ। ਜੀ.ਡੀ.ਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਮਾਧਵੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਇਸ ਪ੍ਰੋਗਰਾਮ ਵਿੱਚ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ, ਭਾਰਤ ਸਰਕਾਰ, ਸ਼੍ਰੀ ਸੋਮ ਪ੍ਰਕਾਸ਼ ਕੈਂਥ ਨੇ ਮੁੱਖ ਮਹਿਮਾਨ ਦੀ ਭੂਮਿਕਾ ਨਿਭਾਈ। ਉਨ੍ਹਾਂ ਦੇ ਨਾਲ, ਮਿਸ ਕੋਨਿਕਾ ਸਾਈਂ ਨੇ ਗੈਸਟ ਓਫ ਆਨਰ ਦੇ ਰੂਪ ਵਿੱਚ ਸ਼ਿਰਕਤ ਕੀਤੀ। ਮਹਿਮਾਨਾਂ ਨੇ ਸ਼ਮਾਂ ਰੌਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ’ਚ ਬੱਚਿਆਂ ਨੇ ਗਣੇਸ਼ ਵੰਦਨਾ ’ਤੇ ਬਹੁਤ ਹੀ ਸ਼ਾਨਦਾਰ ਡਾਂਸ ਪੇਸ਼ ਕੀਤਾ। ਬੱਚਿਆਂ ਨੇ ਸਵਾਗਤੀ ਗੀਤ ‘ਆਪ ਜੋ ਪਧਾਰੇ, ਮਹਿਕ ਉਠੀ ਗਲੀ’ ਗਾਇਆ। ਸਕੂਲ ਦੇ ਪ੍ਰਿੰਸੀਪਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਵਿਦਿਆਰਥੀਆਂ ਨੇ ‘‘ਮਾਂ ਸਰਸਵਤੀ ਸ਼ਾਰਦੇ’’ ਸਰਸਵਤੀ ਵੰਦਨਾ ਗਾ ਕੇ ਮਾਹੌਲ ਨੂੰ ਅਧਿਆਤਮਕ ਰੰਗ ਵਿਚ ਰੰਗਿਆ। ਪ੍ਰੀ-ਨਰਸਰੀ ਅਤੇ ਨਰਸਰੀ ਜਮਾਤ ਦੇ ਬੱਚਿਆਂ ਨੇ ਅੰਗਰੇਜ਼ੀ ਗੀਤਾਂ ’ਤੇ ਡਾਂਸ ਕਰਕੇ ਖੂਬ ਮਸਤੀ ਕੀਤੀ। ਛੋਟੇ-ਛੋਟੇ ਬੱਚਿਆਂ ਨੇ ਆਪਣੇ ਮਾਪਿਆਂ ਦੇ ਪਿਆਰ ਨੂੰ ਦਰਸਾਉਂਦੇ ਹੋਏ ਵਧੀਆ ਪੇਸ਼ਕਾਰੀ ਕੀਤੀ। ਵਿਦਿਆਰਥੀਆਂ ਵੱਲੋਂ ਸਰਦਾਰ ਭਗਤ ਸਿੰਘ ਦੇ ਜੀਵਨ ’ਤੇ ਆਧਾਰਿਤ ਕੋਰੀਓਗ੍ਰਾਫ਼ੀ ਵੀ ਪੇਸ਼ ਕੀਤੀ ਗਈ, ਜਿਸ ਨੂੰ ਸਾਰਿਆਂ ਨੇ ਖੂਬ ਸਲਾਹਿਆ। ਬੱਚਿਆਂ ਵੱਲੋਂ ਪੇਸ਼ ਕੀਤੀ ਗਈ ਮੇਰੀ ਰਸ਼ਕ-ਏ-ਕਮਰ ਕੁਆਲੀ ਦਾ ਵੀ ਹਾਜਰੀਨ ਨੇ ਆਨੰਦ ਮਾਣਿਆ। ਬੱਚਿਆਂ ਨੇ ਪੁਰਾਣੇ ਗੀਤ ਅਤੇ ਡਾਂਸ ਪੇਸ਼ ਕਰਕੇ ਖੂਬ ਤਾੜੀਆਂ ਬਟੋਰੀਆਂ। ਬੱਚਿਆਂ ਨੇ ਅਦੁੱਤੀ ਭਾਰਤ ਦੀ ਝਲਕ ਪੇਸ਼ ਕੀਤੀ ਅਤੇ ਇਸ ਦੇ ਨਾਲ ਹੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਵਿਦਿਆਰਥੀਆਂ ਵੱਲੋਂ ਰਾਜਸਥਾਨ, ਮਹਾਰਾਸ਼ਟਰ, ਪੰਜਾਬ ਆਦਿ ਰਾਜਾਂ ਦੇ ਲੋਕ ਨਾਚ ਵੀ ਪੇਸ਼ ਕੀਤੇ ਗਏ। ਵਿਦਿਆਰਥਣ ਪਲਕ ਨੇ ਕਲਾਸੀਕਲ ਡਾਂਸ ’ਤੇ ਆਪਣਾ ਸਰਬ ਉੱਤਮ ਪ੍ਰਦਰਸ਼ਨ ਦਿੱਤਾ। ਸੈਮੀ ਕਲਾਸੀਕਲ ਡਾਂਸ ਨੇ ਵੀ ਮਾਹੌਲ ਨੂੰ ਹੋਰ ਰੰਗੀਨ ਬਣਾਇਆ। ਵਿਦਿਆਰਥੀਆਂ ਨੇ ਅਯੁੱਧਿਆ ਵਿਸ਼ੇ ’ਤੇ ਆਪਣੀ ਪੇਸ਼ਕਾਰੀ ਰਾਹੀਂ ਅਯੁੱਧਿਆ ’ਚ ਭਗਵਾਨ ਰਾਮ ਦੇ ਮੰਦਰ ਦੇ ਨਿਰਮਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਬੱਚਿਆਂ ਦਾ ਗਿੱਧਾ, ਭੰਗੜਾ ਅਤੇ ਗ੍ਰੈਂਡ ਫਿਨਾਲੇ ਦੀ ਪੇਸ਼ਕਾਰੀ ਮੁੱਖ ਖਿੱਚ ਦਾ ਕੇਂਦਰ ਰਹੇ। ਪ੍ਰੋਗਰਾਮ ’ਚ ਇੰਝ ਲੱਗ ਰਿਹਾ ਸੀ ਕਿ ਜਿਵੇਂ ਤਾਰੇ ਜ਼ਮੀਨ ’ਤੇ ਪਹੁੰਚ ਗਏ ਹੋਣ ਅਤੇ ਪੂਰੀ ਧਰਤੀ ਨੂੰ ਰੋਸ਼ਨ ਕਰ ਦਿੱਤਾ ਹੋਵੇ। ਬੱਚੇ ਬੜੇ ਉਤਸ਼ਾਹ ਨਾਲ ਆਪਣੇ ਭਵਿੱਖ ਦੀ ਉਡਾਣ ਭਰਨ ਲਈ ਤਿਆਰ ਜਾਪਦੇ ਸਨ। ਇਸ ਮੌਕੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਅਤੇ ਪਿਛਲੇ ਸਾਲ ਵਿੱਦਿਅਕ ਅਤੇ ਸਹਿ-ਅਕਾਦਮਿਕ ਗਤੀਵਿਧੀਆਂ ਵਿੱਚ ਅੱਗੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਇਨਾਮ ਦਿੱਤੇ ਗਏ। ਮੈਰੀਗੋਲਡ ਹਾਊਸ ਨੇ ਸਕੂਲ ਦੀ ਓਵਰਆਲ ਟਰਾਫੀ ਜਿੱਤੀ। ਮੰਚ ਸੰਚਾਲਨ ਆਮਿਰ ਖਾਨ, ਮੈਡਮ ਕਾਮਿਨੀ, ਵਿਦਿਆਰਥਣ ਸਤੂਤੀ, ਮਹਿਕ ਅਤੇ ਬਵਨੀਤ ਨੇ ਕੀਤਾ। ਇਸ ਪ੍ਰੋਗਰਾਮ ਵਿਚ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਕੈਂਥ, ਤੇਰਾ ਤੇਰਾ ਮਾਲ ਤੋਂ ਸਾਊਦੀ ਸਿੰਘ, ਅਭਿਨੇਤਰੀ ਤੇ ਗਾਇਕਾ ਕੈਵਲੀਨ, ਕੰਸਯੂਮਰ ਪ੍ਰਤੀਨਿਧੀ ਮੈਡਮ ਰਜਨੀ ਬਾਲਾ, ਮੈਨੇਜਰ ਇੰਡੀਅਨ ਬੈਂਕ ਅੰਜਲੀ ਹੰਸ, ਪ੍ਰਧਾਨ ਪੇਰੈਂਟ ਟੀਚਰ ਐਸੋਸੀਏਸ਼ਨ ਮੈਡਮ ਪ੍ਰੀਤੀ ਸ਼ਰਮਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਸਕੂਲ ਵੱਲੋਂ ਮਹਿਲਾ ਸਸ਼ਕਤੀਕਰਨ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਸਿੱਧ ਸੰਗੀਤਕਾਰ ਅਤੇ ਲੇਖਕ ਦਿਲਬਹਾਰ ਸ਼ੌਕਤ, ਮੀਤ ਪ੍ਰਧਾਨ ਭਾਜਪਾ ਕਪੂਰਥਲਾ ਵਿਨਾਇਕ ਪਰਾਸ਼ਰ, ਪ੍ਰਸਿੱਧ ਗਾਇਕ ਜਰਨੈਲ ਸਿੰਘ ਦੁਸਾਂਝ, ਨਵਦੀਪ ਕੁਮਾਰ ਦੀਪਾ, ਪਲਵਿੰਦਰ ਦੁਸਾਂਝ, ਦਵਿੰਦਰ ਸ਼ਰਮਾ, ਕਰਨੈਲ ਸਿੰਘ, ਪ੍ਰਸਿੱਧ ਫਿਲਮ ਪ੍ਰਮੋਟਰ ਦਲਵੀਰ ਸਿੰਘ ਜਲੋਵਾਲੀਆ ਕੈਲਗਰੀ ਕੈਨੇਡਾ, ਵਿਜੇ ਸੋਨੀ, ਮੁਕੇਸ਼ ਸ਼ਰਮਾ, ਅਮਨਦੀਪ ਸ਼ਰਮਾ, ਰਵਿੰਦਰ ਕੁਮਾਰ ਆਨੰਦ ਨੇ ਵੀ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਸਮਾਜ ਪ੍ਰਤੀ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਟਰਾਂਸਪੋਰਟਰਾਂ ਲਖਵਿੰਦਰ ਸਿੰਘ, ਅਸ਼ੋਕ ਸ਼ਰਮਾ, ਮਨਵਿੰਦਰ ਸਿੰਘ, ਸੁਰਿੰਦਰ ਕੁਮਾਰ ਦਾ ਵੀ ਸਨਮਾਨ ਕੀਤਾ ਗਿਆ। ਗੀਤਕਾਰ, ਸਕ੍ਰਿਪਟ ਰਾਈਟਰ ਅਤੇ ਫਿਲਮ ਨਿਰਮਾਤਾ ਸ਼੍ਰੀ ਜਸਵੀਰ ਗੁਣਾਚੋਰੀਆ ਨੇ ਸਟੇਜ ‘ਤੇ ਆਪਣੇ ਗੀਤ ਗਾ ਕੇ ਖੂਬ ਵਾਹ-ਵਾਹ ਖੱਟੀ।ਉਨ੍ਹਾਂ ਬੱਚਿਆਂ ਨੂੰ ਇਸੇ ਤਰ੍ਹਾਂ ਵੱਖ-ਵੱਖ ਗਤੀਵਿਧੀਆਂ ‘ਚ ਅੱਗੇ ਆਉਣ ਲਈ ਪ੍ਰੇਰਿਆ। ਸਮਾਜ ਸੇਵੀ ਮੈਡਮ ਅਨੀਤਾ ਸੋਮ ਪ੍ਰਕਾਸ਼ ਕੈਂਥ ਨੇ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਂਦੇ ਹੋਏ ਪੜ੍ਹਾਈ ਵੱਲ ਧਿਆਨ ਦੇਣ ਲਈ ਕਿਹਾ ਤਾਂ ਜੋ ਉਹ ਸਮਾਜ ਵਿੱਚ ਚੰਗਾ ਮੁਕਾਮ ਹਾਸਲ ਕਰ ਸਕਣ। ਪਿ੍ੰਸੀਪਲ ਮੈਡਮ ਮਾਧਵੀ ਨੇ ਦੱਸਿਆ ਕਿ ਜੀ. ਡੀਆਰ ਸੰਸਥਾਵਾਂ ਬੱਚਿਆਂ ਨੂੰ ਵੱਖ-ਵੱਖ ਮੁਕਾਬਲਿਆਂ ਵਿੱਚ ਅੱਗੇ ਵਧਣ ਲਈ ਤਿਆਰ ਕਰ ਰਹੀਆਂ ਹਨ ਅਤੇ ਇਸ ਦੇ ਨਾਲ ਹੀ ਬੱਚਿਆਂ ਨੂੰ ਖੇਡਾਂ ਵਿੱਚ ਵੀ ਅੱਗੇ ਲਿਆਉਣ ਲਈ ਵਿਸ਼ੇਸ਼ ਤੌਰ ‘ਤੇ ਮਿਹਨਤ ਕਰ ਰਹੀਆਂ ਹਨ। ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਕੈਵਲੀਨ ਨੇ ਸਟੇਜ ‘ਤੇ ਬੱਚਿਆਂ ਦੀ ਜੋਸ਼ ਭਰੀ ਪੇਸ਼ਕਾਰੀ ਲਈ ਪ੍ਰਸ਼ੰਸਾ ਕੀਤੀ। ਮਿਸ ਇੰਡੀਆ ਕੋਨਿਕਾ ਸਾਈ ਨੇ ਆਪਣੇ ਕਰੀਅਰ ਦੇ ਸਫ਼ਰ ਨੂੰ ਬੱਚਿਆਂ ਨਾਲ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਟੀਚੇ ਤੈਅ ਕਰਨ ਲਈ ਕਿਹਾ।ਸਕੂਲ ਦੇ ਪ੍ਰਧਾਨ ਧਰਮ ਸਿੰਘ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਏ ਮਹਿਮਾਨਾਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਨੇ ਕਿਹਾ ਕਿ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਤੋਂ ਇਲਾਵਾ ਉਨ੍ਹਾਂ ਦੇ ਮਾਪਿਆਂ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਜੀ ਡੀ ਆਰ ਦੇ ਸਾਰੇ ਵਿਦਿਅਕ ਅਦਾਰੇ ਵਿਦਿਆਰਥੀਆਂ ਨੂੰ ਸਹੀ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਦਾ ਉਪਰਾਲਾ ਕਰਨ ਰਹੇ ਹਨ ਤਾਂ ਜੋ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਮੌਕੇ ਵਿਦਿਆਰਥੀਆਂ ਦੇ ਮਾਪੇ, ਸਕੂਲ ਦੇ ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।

48 Views