ਸ੍ਰੋਮਣੀ ਅਕਾਲੀ ਦਲ (ਬ) ਦਾ ਵਫਾਦਾਰ ਸਿਪਾਹੀ ਹਾਂ, ਪਾਰਟੀ ਦੀ ਮਜਬੂਤੀ ਲਈ ਕੰਮ ਕਰਦਾ ਰਹਾਂਗਾ – ਗੁਰਕਮਲ ਸਿੰਘ

ਸ੍ਰੋਮਣੀ ਅਕਾਲੀ ਦਲ (ਬ) ਦਾ ਵਫਾਦਾਰ ਸਿਪਾਹੀ ਹਾਂ, ਪਾਰਟੀ ਦੀ ਮਜਬੂਤੀ ਲਈ ਕੰਮ ਕਰਦਾ ਰਹਾਂਗਾ – ਗੁਰਕਮਲ ਸਿੰਘ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸ੍ਰੋਮਣੀ ਅਕਾਲੀ ਦਲ (ਬ) ਦੇ ਸਾਬਕਾ ਜਿਲ੍ਹਾ ਸਹਿ ਸਕੱਤਰ ਗੁਰਕਮਲ ਸਿੰਘ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਉਹ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਤੇ ਹਮੇਸ਼ਾ ਪਾਰਟੀ ਦੀ ਮਜਬੂਤੀ ਲਈ ਕੰਮ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਬੇਸ਼ਕ ਕੁੱਝ ਸਮੇਂ ਲਈ ਉਹਨਾਂ ਨੇ ਪਾਰਟੀ ਨੂੰ ਛੱਡਿਆ ਸੀ, ਪਰ ਬਾਹਰ ਰਹਿ ਕੇ ਇਹੋ ਮਹਿਸੂਸ ਕੀਤਾ ਕਿ ਸ੍ਰੋਮਣੀ ਅਕਾਲੀ ਦਲ (ਬ) ਹੀ ਪੰਜਾਬ, ਪੰਜਾਬੀਅਤ, ਗਰੀਬ, ਕਿਸਾਨ ਤੇ ਮਜਦੂਰਾਂ ਦੇ ਹਿਤਾਂ ਦੀ ਪਹਿਰੇਦਾਰ ਪਾਰਟੀ ਹੈ। ਜਿਸ ਦੀਆਂ ਜੜ੍ਹਾਂ ਪੰਜਾਬ ਦੀ ਮਿੱਟੀ ਨਾਲ ਡੂੰਘੀਆਂ ਜੁੜੀਆਂ ਹੋਈਆਂ ਹਨ ਜਦਕਿ ਹੋਰਨਾਂ ਪਾਰਟੀਆਂ ਦਾ ਰਿਮੋਟ ਕੰਟਰੋਲ ਦਿੱਲੀ ਵਿਚ ਬੈਠੇ ਆਗੂਆਂ ਦੇ ਹੱਥਾਂ ਵਿਚ ਰਹਿੰਦਾ ਹੈ ਜਿਹਨਾਂ ਵਲੋਂ ਪੰਜਾਬ ਦੇ ਹਿਤਾਂ ਦੀ ਬਜਾਏ ਆਪਣੇ ਸਿਆਸੀ ਨਫੇ ਜਾਂ ਨੁਕਸਾਨ ਦੀ ਚਿੰਤਾ ਰਹਿੰਦੀ ਹੈ। ਉਹਨਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਵਿਰਾਸਤ ਨੂੰ ਸ. ਸੁਖਬੀਰ ਸਿੰਘ ਬਾਦਲ ਪੂਰੀ ਇਮਾਨਦਾਰੀ ਨਾਲ ਚੜ੍ਹਦੀ ਕਲਾ ਵਿਚ ਲੈ ਜਾ ਰਹੇ ਹਨ, ਇਹੋ ਕਾਰਨ ਹੈ ਕਿ ਪਾਰਟੀ ਦੇ ਸਾਰੇ ਹੀ ਸੀਨੀਅਰ ਤੇ ਟਕਸਾਲੀ ਆਗੂ ਮੁੜ ਤੋਂ ਇਕੱਠੇ ਅਤੇ ਇਕਜੁਟ ਹੋ ਰਹੇ ਹਨ। ਉਹਨਾਂ ਦਾਅਵਾ ਕੀਤਾ ਕਿ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਆਉਂਦੀਆਂ ਲੋਕਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਹੂੰਝਾ ਫੇਰ ਜਿੱਤ ਯਕੀਨੀ ਬਣਾਈ ਜਾਵੇਗੀ। ਹਲਕਾ ਹੁਸ਼ਿਆਰਪੁਰ ਤੋਂ ਪਾਰਟੀ ਜਿਸ ਵੀ ਉਮੀਦਵਾਰ ਦੇ ਨਾਮ ਤੇ ਮੋਹਰ ਲਗਾਏਗੀ ਉਸਨੂੰ ਫਗਵਾੜਾ ਵਿਧਾਨਸਭਾ ਹਲਕੇ ਤੋਂ ਭਾਰੀ ਲੀਡ ਲੈ ਕੇ ਦਿੱਤੀ ਜਾਵੇਗੀ। ਉਹਨਾਂ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਸ੍ਰੋਮਣੀ ਅਕਾਲੀ ਦਲ (ਬ) ਦਾ ਸਾਥ ਦਿੱਤਾ ਜਾਵੇ ਤਾਂ ਜੋ ਪਾਰਟੀ ਦੇ ਵੱਧ ਤੋਂ ਵੱਧ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੇ ਸੂਬੇ ਦੇ ਹੱਕਾਂ ਦੀ ਆਵਾਜ ਨੂੰ ਸੰਸਦ ਵਿਚ ਬੁਲੰਦ ਕੀਤਾ ਜਾ ਸਕੇ

58 Views