ਕਾਲ਼ਾ ਸੰਘਿਆਂ “ਚ ਉਵਰਲੋਡ ਟਿੱਪਰਾਂ ਕਾਰਨ ਅੱਧਾ ਘੰਟਾ ਲੱਗੇ ਜਾਮ “ਚ ਫਸੀ ਐਂਬੂਲੈਂਸ।

ਕਾਲ਼ਾ ਸੰਘਿਆਂ “ਚ ਉਵਰਲੋਡ ਟਿੱਪਰਾਂ ਕਾਰਨ ਅੱਧਾ ਘੰਟਾ ਲੱਗੇ ਜਾਮ “ਚ ਫਸੀ ਐਂਬੂਲੈਂਸ।

ਨਾਜ਼ੁਕ ਹਾਲਤ ਵਿੱਚ ਐਂਬੂਲੈਂਸ ਵਿੱਚ ਪਏ ਮਰੀਜ਼ ਨੂੰ ਵੇਖ ਲੋਕਾਂ ਨੇ ਮਸਾਂ ਲੰਘਾਈ ਐਂਬੂਲੈਂਸ।

ਸੁਖਵਿੰਦਰ ਸਿੰਘ ਸਿੱਧੂ, ਕਾਲਾ ਸੰਘਿਆਂ

ਕਾਲ਼ਾ ਸੰਘਿਆਂ ਤੋਂ ਪਿਛਲੇ ਲੰਮੇ ਸਮੇਂ ਤੋਂ ਲੰਘਦੇ ਵੱਖ ਵੱਖ ਧਨਾਟ ਲੋਕਾਂ ਦੇ ਚੱਲ ਰਹੇ ਮਿੱਟੀ ਨਾਲ ਭਰੇ ਉਵਰਲੋਡ ਟਿੱਪਰਾਂ ਕਾਰਨ ਸਥਾਨਕ ਕਸਬੇ ਅਤੇ ਪਿੰਡਾਂ ਦੇ ਲੋਕ ਬੇਹੱਦ ਪ੍ਰੇਸ਼ਾਨ ਹਨ ਅਤੇ ਇਹ ਟਿੱਪਰ ਟ੍ਰੈਫਿਕ ਨਿਯਮਾਂ ਨੂੰ ਛਿੱਕੇ ਟੰਗ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਆਮ ਵੇਖੇ ਜਾਂਦੇ ਹਨ ਪਰ ਕਿਸੇ ਅਧਿਕਾਰੀ ਦੀ ਕਦੇ ਹਿੰਮਤ ਤੱਕ ਨਹੀਂ ਹੋਈ ਕਿ ਇਹਨਾਂ ਦੀ ਕਦੀ ਕੋਈ ਪੁੱਛ ਗਿੱਛ ਜਾਂ ਕੋਈ ਕਾਰਵਾਈ ਕਰ ਸਕੇ। ਅੱਜ ਸਥਾਨਕ ਕਸਬੇ ਦੇ ਜਲੰਧਰ ਰੋਡ ਤੇ ਇਹਨਾਂ ਟਿੱਪਰਾਂ ਕਾਰਨ ਕਰੀਬ ਅੱਧਾ ਘੰਟਾ ਲੰਬਾਂ ਟ੍ਰੈਫਿਕ ਜਾਮ ਲੱਗਾ ਰਿਹਾ ਜਿਸ ਕਾਰਨ ਆਉਣ ਜਾਣ ਵਾਲੇ ਲੋਕ ਅਤੇ ਖਾਸਕਰ ਕਿਤੇ ਜਲਦ ਪਹੁੰਚਣ ਵਾਲੇ ਲੋਕ ਡਾਹਢੇ ਪ੍ਰੇਸ਼ਾਨ ਵੇਖੇ ਗਏ। ਇਸੇ ਦੌਰਾਨ ਇਸ ਜਾਮ ਵਿੱਚ ਇਕ ਐਂਬੂਲੈਂਸ ਵੀ ਬੁਰੀ ਤਰ੍ਹਾਂ ਫਸ ਗਈ ਜਿਸ ਵਿੱਚ ਇਕ ਮਰੀਜ਼ ਨਾਜ਼ੁਕ ਹਾਲਤ ਵਿੱਚ ਪਿਆ ਸੀ। ਇਸ ਮਰੀਜ਼ ਦੀ ਗੰਭੀਰ ਹਾਲਤ ਨੂੰ ਵੇਖ ਐਂਬੂਲੈਂਸ ਚਾਲਕ ਵੱਲੋਂ ਲਗਾਤਾਰ ਹੂਟਰ ਵਜਾਉਣ ਤੇ ਆਮ ਲੋਕਾਂ ਵੱਲੋਂ ਬੜੀ ਕੋਸ਼ਿਸ਼ ਕਰਕੇ ਮਸਾਂ ਇਸ ਐਂਬੂਲੈਂਸ ਨੂੰ ਇਸ ਟ੍ਰੈਫਿਕ ਵਿੱਚੋਂ ਲੰਘਾਇਆ ਗਿਆ ਲੋਕਾਂ ਵੱਲੋਂ ਇੰਨੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਇਸ ਐਂਬੂਲੈਂਸ ਨੂੰ ਜਾਮ ਵਿੱਚ ਨਿਕਲਣ ਲਈ ਕਰੀਬ 10 ਤੋਂ 15 ਮਿੰਟ ਲੱਗ ਗਏ ਜਿਸ ਕਾਰਨ ਲੋਕ ਇਹਨਾਂ ਉਵਰਲੋਡ ਟਿੱਪਰਾਂ ਵਾਲਿਆਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਕੋਸਦੇ ਵਿਖਾਈ ਦਿੱਤੇ। ਇਹ ਟਿੱਪਰਾਂ ਵਾਲੇ ਅਕਸਰ ਹੀ ਉਵਰਲੋਡ ਮਿੱਟੀ ਭਰ ਕੇ ਸੜਕਾਂ ਤੇ ਜਾਂਦੇ ਹਨ ਅਤੇ ਇਹ ਮਿੱਟੀ ਨੂੰ ਉਪਰੋਂ ਢੱਕਦੇ ਵੀ ਨਹੀਂ ਜਿਸ ਕਾਰਨ ਦੋ ਪਹੀਆ ਵਾਹਨਾਂ ਵਾਲਿਆਂ ਦੀਆਂ ਅੱਖਾਂ ਵਿੱਚ ਇਹ ਮਿੱਟੀ ਉੱਡ ਕੇ ਪੈਂਦੀ ਹੈ ਜਿਸ ਕਾਰਨ ਵੱਡਾ ਸੜਕ ਹਾਦਸਾ ਵਾਪਰਨ ਦਾ ਖ਼ਤਰਾ ਰਹਿੰਦਾ ਹੈ ਅਤੇ ਬਹੁਤ ਵਾਰ ਕਈ ਟਿੱਪਰਾਂ ਨੂੰ ਬਿਨਾਂ ਨੰਬਰ ਪਲੇਟਾਂ ਦੇ ਵੀ ਵੇਖਿਆ ਗਿਆ ਹੈ ਪਰ ਟ੍ਰੈਫਿਕ ਪੁਲਿਸ ਜਾਂ ਸਦਰ ਪੁਲਿਸ ਵੱਲੋਂ ਕਦੀ ਇਹਨਾਂ ਟਿੱਪਰਾਂ ਵਾਲਿਆਂ ਤੇ ਕੋਈ ਕਾਰਵਾਈ ਕਰਦੇ ਨਹੀਂ ਵੇਖਿਆ ਗਿਆ। ਲੋਕਾਂ ਨੂੰ ਇਹ ਵੀ ਕਹਿੰਦੇ ਸੁਣਿਆ ਗਿਆ ਕਿ ਇਹਨਾਂ ਟਿੱਪਰਾਂ ਦੇ ਮਾਲਕ ਧਨਾਡ ਲੋਕ ਹੋਣ ਕਰਕੇ ਪੁਲਿਸ ਦਬਾਅ ਹੇਠ ਕੋਈ ਕਾਰਵਾਈ ਨਹੀਂ ਕਰਦੀ। ਜਿਸ ਕਾਰਨ ਇਹ ਸ਼ਰੇਆਮ ਕਾਨੂੰਨ ਨੂੰ ਦੰਦੀਆਂ ਚਿੜਾ ਰਹੇ ਹਨ।

71 Views