ਛਿੰਝ ਮੇਲਾ ਸਾਡੀ ਖੇਡ ਵਿਰਾਸਤ ਦਾ ਪ੍ਰਤੀਕ ਹੈ-ਸੁਸ਼ੀਲ ਕੁਮਾਰ ਰਿੰਕੂ

ਛਿੰਝ ਮੇਲਾ ਸਾਡੀ ਖੇਡ ਵਿਰਾਸਤ ਦਾ ਪ੍ਰਤੀਕ ਹੈ-ਸੁਸ਼ੀਲ ਕੁਮਾਰ ਰਿੰਕੂ

ਢੰਡੋਵਾਲ ਵਿੱਚ ਕਰਵਾਏ 57ਵੇਂ ਛਿੰਝ ਮੇਲੇ ਵਿੱਚ ਸਾਂਸਦ ਨੇ ਨੌਜਵਾਨਾਂ ਨੂੰ ਖੇਡਾਂ ਵਿੱਚ ਅੱਗੇ ਆਉਣ ਦਾ ਸੱਦਾ ਦਿੱਤਾ।

ਗਰਾਮ ਪੰਚਾਇਤ ਨੂੰ ਐਮ.ਪੀ ਫੰਡ ਵਿੱਚੋਂ 500000 ਰੁਪਏ ਦੇਣ ਦਾ ਵੀ ਐਲਾਨ ਕੀਤਾ

ਜਲੰਧਰ, 14 ਜਨਵਰੀ-

ਛਿੰਝ ਮੇਲਿਆਂ ਨੇ ਸਾਡੇ ਪੰਜਾਬ ਦੇ ਅਮੀਰ ਖੇਡ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੈ, ਜਿਸ ਰਾਹੀਂ ਨਵੀਂ ਪੀੜ੍ਹੀ ਸਾਡੇ ਇਸ ਅਨਮੋਲ ਵਿਰਸੇ ਤੋਂ ਜਾਣੂ ਹੋ ਸਕਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਪਿੰਡ ਢੰਡੋਵਾਲ ਵਿਖੇ ਕਰਵਾਏ 57ਵੇਂ ਛਿੰਝ ਮੇਲੇ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ | ਇਹ ਮੇਲਾ ਸ਼ਹੀਦ ਬਾਬਾ ਸੁਖਚੇਤ ਸਿੰਘ ਦੇ ਅਸਥਾਨ ‘ਤੇ ਪਹਿਲਵਾਨ ਜਤਿੰਦਰ ਸਿੰਘ ਚੱਠਾ ਅਤੇ ਜੋਗਿੰਦਰ ਸਿੰਘ ਦੀ ਯਾਦ ‘ਚ ਕਰਵਾਇਆ ਗਿਆ | ਸੰਸਦ ਮੈਂਬਰ ਨੇ ਕਿਹਾ ਕਿ ਸਦੀਆਂ ਤੋਂ ਪੰਜਾਬ ਦੇ ਨੌਜਵਾਨ ਖੇਡਾਂ ਖਾਸ ਕਰਕੇ ਕੁਸ਼ਤੀ ਵਿੱਚ ਮੋਹਰੀ ਰਹੇ ਹਨ, ਇਸ ਲਈ ਸਮੇਂ ਦੀ ਲੋੜ ਹੈ ਕਿ ਅਜਿਹੇ ਸਮਾਗਮ ਹੁੰਦੇ ਰਹਿਣ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੜ੍ਹਾਈ ਦੇ ਨਾਲ-ਨਾਲ ਆਪਣੀ ਜ਼ਿੰਦਗੀ ਵਿੱਚ ਖੇਡਾਂ ਨੂੰ ਵੀ ਵਿਸ਼ੇਸ਼ ਮਹੱਤਵ ਦੇਣ ਤਾਂ ਜੋ ਉਹ ਸਰੀਰਕ ਤੌਰ ’ਤੇ ਮਜ਼ਬੂਤ ਹੋ ਕੇ ਖਿਡਾਰੀ ਵਜੋਂ ਆਪਣਾ ਕੈਰੀਅਰ ਬਣਾ ਸਕਣ। ਇਸ ਦੌਰਾਨ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਮੌਜੂਦਾ ਸੰਸਦ ਫੰਡ ਵਿੱਚੋਂ 500000 ਰੁਪਏ ਗ੍ਰਾਮ ਪੰਚਾਇਤ ਨੂੰ ਜਾਰੀ ਕਰਨ ਦਾ ਐਲਾਨ ਵੀ ਕੀਤਾ ਤਾਂ ਜੋ ਪੰਚਾਇਤ ਵੱਲੋਂ ਅਜਿਹੇ ਸਮਾਗਮ ਕਰਵਾਏ ਜਾ ਸਕਣ।

ਇਸ ਛਿੰਝ ਮੇਲੇ ਦੌਰਾਨ ਜੰਮੂ ਦੇ ਬੀਨੀਆ ਪਹਿਲਵਾਨ ਅਤੇ ਭਾਰਤ ਕੇਸਰੀ ਜੱਸਾ ਪੱਟੀ ਵਿਚਕਾਰ ਪਟਾਕੇ ਦੀ ਕੁਸ਼ਤੀ ਦਾ ਫਸਵਾਂ ਮੁਕਾਬਲਾ ਹੋਇਆ, ਜਿਸ ਵਿੱਚ ਜੱਸੀ ਪੱਟੀ ਨੇ ਬੀਨੀਆ ਪਹਿਲਵਾਨ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਅਤੇ ਦੋਵਾਂ ਪਹਿਲਵਾਨਾਂ ਵੱਲੋਂ ਦਿਖਾਈ ਗਈ ਖੇਡ ਭਾਵਨਾ ਦੀ ਵੀ ਸ਼ਲਾਘਾ ਕੀਤੀ। ਰਿੰਕੂ ਨੇ ਕਿਹਾ ਕਿ ਖੇਡਾਂ ਨਾ ਸਿਰਫ਼ ਸਾਨੂੰ ਸਰੀਰਕ ਤੌਰ ‘ਤੇ ਮਜ਼ਬੂਤ ਬਣਾਉਂਦੀਆਂ ਹਨ ਸਗੋਂ ਸਾਨੂੰ ਅਨੁਸ਼ਾਸਨ ਅਤੇ ਟੀਮ ਭਾਵਨਾ ਵਰਗੇ ਜੀਵਨ ਦੇ ਅਹਿਮ ਸਬਕ ਵੀ ਸਿਖਾਉਂਦੀਆਂ ਹਨ। ਉਨ੍ਹਾਂ ਇਹ ਸਮਾਗਮ ਕਰਵਾਉਣ ਲਈ ਪਿੰਡ ਢੰਡੋਵਾਲ ਦੀ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਅਤੇ ਅਜਿਹੇ ਸਮਾਗਮਾਂ ਵਿੱਚ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ।

ਸੰਸਦ ਮੈਂਬਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੇਡਾ ਵਤਨ ਪੰਜਾਬ ਦੀਆ ਵਰਗੇ ਵੱਡੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਅਤੇ ਨਵੀਂ ਖੇਡ ਨੀਤੀ ਰਾਹੀਂ ਪੰਜਾਬ ਦੇ ਖਿਡਾਰੀਆਂ ਨੂੰ ਸੂਬੇ ਦਾ ਨਾਮ ਰੌਸ਼ਨ ਕਰਨ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਬਲਬੀਰ ਸਿੰਘ ਢੰਡੋਵਾਲ, ਚੇਅਰਮੈਨ ਮਾਰਕੀਟ ਕਮੇਟੀ ਮਹਿਤਪੁਰ ਬਲਕਾਰ ਸਿੰਘ ਚੱਠਾ, ਚੇਅਰਮੈਨ ਮਾਰਕੀਟ ਕਮੇਟੀ ਲੋਹੀਆਂ ਸਰਬਜੀਤ ਸਿੰਘ, ਹਰਜਿੰਦਰ ਸਿੰਘ, ਰੂਪ ਲਾਲ ਸ਼ਰਮਾ, ਸਤੀਸ਼ ਰੇਹਾਨ ਹਾਜ਼ਰ ਸਨ।

64 Views