ਡੀ.ਏ.ਪੀ.ਦੀ ਘਾਟ ਨੂੰ ਮੁੱਖ ਰੱਖਦਿਆਂ ਕਿਸਾਨ ਯੂਨੀਅਨ ਦਾ ਵਫਦ ਮਿਲਿਆ ਡੀ.ਸੀ. ਨੂੰ
ਡੀ.ਏ.ਪੀ.ਦੀ ਘਾਟ ਨੂੰ ਮੁੱਖ ਰੱਖਦਿਆਂ ਕਿਸਾਨ ਯੂਨੀਅਨ ਦਾ ਵਫਦ ਮਿਲਿਆ ਡੀ.ਸੀ. ਨੂੰ
ਬਠਿੰਡਾ( ਜਸਵੀਰ ਸਿੱਧੂ )ਡੀ.ਏ.ਪੀ ਖਾਦ ਦੀ ਘਾਟ ਅਤੇ ਝੋਨੇ ਦੀ ਫਸਲ ਦੀ ਖਰੀਦ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦਾ ਇੱਕ ਵਫਦ ਡਿਪਟੀ ਕਮਿਸ਼ਨਰ ਨੂੰ ਮਿਲਿਆ। ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਪਹੁੰਚੇ ਆਗੂਆਂ ਨੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਕਣਕ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਗਿਆ ਹੈ ਪਰ ਕਿਸਾਨਾਂ ਨੂੰ ਪੂਰੀ ਡੀਏਪੀ ਨਹੀਂ ਮਿਲ ਰਹੀ ਅਤੇ ਜੋ ਮਿਲ ਰਹੀ ਹੈ ਉਸ ਨਾਲ ਦੁਕਾਨਦਾਰ ਅਤੇ ਇਫਕੋ ਵਰਗੇ ਅਦਾਰੇ ਹੋਰ ਰਸਾਇਣਕ ਖਾਦਾ, ਜੈਵਿਕ ਖਾਦਾਂ ਤੇ ਹੋਰ ਤੱਤਾਂ ਦੇ ਥੈਲੇ ਕਿਸਾਨਾਂ ਨੂੰ ਨਾਲ ਖਰੀਦਣ ਲਈ ਮਜਬੂਰ ਕਰਦੇ ਹਨ।
ਇਸੇ ਤਰਾਂ ਝੋਨੇ ਦੀ ਖਰੀਦ ਸਬੰਧੀ ਕਿਸਾਨ ਆਗੂਆਂ ਨੇ ਦੱਸਿਆ ਕਿ ਮੰਡੀਆਂ ਵਿਚ ਨਮੀ ਦੇ ਬਹਾਨੇ ਖਰੀਦ ਨਹੀਂ ਕੀਤੀ ਜਾ ਰਹੀ , ਬਾਰਦਾਨੇ ਦੀ ਘਾਟ ਹੈ ਅਤੇ ਲਿਫਟਿੰਗ ਦੀ ਸਮੱਸਿਆ ਵੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਨੇ ਭਰੋਸਾ ਦਿੱਤਾ ਕਿ 50 ਫੀਸਦੀ ਡੀਏਪੀ ਖਾਦ ਕੋ ਆਪੇ੍ਟਿਵ ਸੁਸਾਈਟੀਆਂ ਅਤੇ ਦੁਕਾਨਦਾਰਾਂ ਕੋਲੇ ਪਹੁੰਚ ਚੁੱਕੀ ਹੈ ਅਤੇ ਹਫਤੇ ਤਕ ਹੋਰ ਖਾਦ ਪਹੁੰਚ ਜਾਵੇਗੀ। ਝੋਨੇ ਦੀ ਫਸਲ ਦੀ ਖਰੀਦ ਸਬੰਧੀ ਕਿਸੇ ਵੀ ਮੁਸ਼ਕਿਲ ਆਉਣ ‘ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੇਰੇ ਧਿਆਨ ਵਿਚ ਲਿਆਂਦੀ ਜਾਵੇ ਤੁਰੰਤ ਮਸਲਾ ਹੱਲ ਕਰ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਮੱਸਿਆਵਾਂ ਹੱਲ ਨਾ ਕੀਤੀਆਂ ਤਾਂ ਇਸ ਨੂੰ ਹੱਲ ਕਰਵਾਉਣ ਲਈ ਸੰਘਰਸ਼ ਦੀ ਤਿਆਰੀ ਵਿੱਢ ਦਿੱਤੀ ਜਾਵੇ।ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਵੱਲੋਂ ਗੈਸ ਪਾਈਪਲਾਈਨ ਸਬੰਧੀ ਮੁਆਵਜੇ ਨਾਲ ਕੀਤੇ ਸਮਝੌਤੇ ਤੋਂ ਭੱਜਣ ਦੀ ਜੋਰਦਾਰ ਨਿਖੇਧੀ ਕੀਤੀ। ਉਨਾਂ੍ਹ ਕਿਹਾ ਕਿ ਲਿਖਤੀ ਕੀਤੇ ਸਮਝੌਤੇ ਨੂੰ ਇਨਵਿੰਨ ਲਾਗੂ ਕਰਾਉਣ ਲਈ ਚੱਲ ਰਿਹਾ ਸੰਘਰਸ਼ ਜਾਰੀ ਰਹੇਗਾ ਅਤੇ ਆਉਂਦੇ ਦਿਨਾਂ ਵਿਚ ਜ਼ਿਲ੍ਹੇ ਦੀ ਮੀਟਿੰਗ ਕਰਕੇ ਇਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਵਫਦ ਵਿਚ ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ, ਦਰਸ਼ਨ ਸਿੰਘ ਮਾਈਸਰਖਾਨਾ, ਜਗਸੀਰ ਸਿੰਘ ਝੁੰਬਾ ,ਜਗਦੇਵ ਸਿੰਘ ਜੋਗੇਵਾਲਾ , ਨਛੱਤਰ ਸਿੰਘ ਢੱਡੇ , ਸੁਖਦੇਵ ਸਿੰਘ ਰਾਮਪੁਰਾ , ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ , ਜਸਪਾਲ ਸਿੰਘ ਕੋਠਾ ਗੁਰੂ, ਅਮਰੀਕ ਸਿੰਘ ਸਿਵੀਆਂ, ਕੁਲਵੰਤ ਸ਼ਰਮਾ ਰਾਏ ਕੇ ਕਲਾਂ, ਹਰਪ੍ਰਰੀਤ ਸਿੰਘ ਚੱਠੇਵਾਲਾ , ਰਾਜਵਿੰਦਰ ਸਿੰਘ ਰਾਜੂ ਰਾਮ ਨਗਰ ਤੋਂ ਇਲਾਵਾ ਕਿਸਾਨ ਆਗੂ ਵਰਕਰ ਸ਼ਾਮਿਲ ਸਨ।

