ਡੇਂਗੂ ਦੇ ਮੱਦੇਨਜਰ ਜਾਗਰੂਕਤਾ ਮੁਹਿੰਮ ‘ਚ ਤੇਜ਼ੀ, ਟੀਮਾਂ ਨੂੰ ਕੀਤਾ ਰਵਾਨਾ, ਫੌਗਿੰਗ ਵੱਡੇ ਪੱਧਰ ‘ਤੇ ਜਾਰੀ

ਫਗਵਾੜਾ ( ਡਾ ਰਮਨ ) ਸਬ—ਡਵੀਜ਼ਨ ਫਗਵਾੜਾ ਵਿਖੇ ਸਿਵਲ ਅਤੇ ਨਗਰ ਨਿਗਮ ਪ੍ਰਸ਼ਾਸ਼ਨ ਵੱਲੋਂ ਡੇਂਗੂ ਦੀ ਗੰਭੀਰਤਾ ਦੇ ਮੱਦੇਨਜਰ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕੀਤਾ ਗਿਆ । ਪ੍ਰਸ਼ਾਸ਼ਨ ਵੱਲੋਂ ਸ਼ਹਿਰ ਅੰਦਰ ਡੇਂਗੂ ਤੋਂ ਬਚਾਓ ਲਈ ਅੱਜ ਨਿਗਮ ਕੰਪਲੈਕਸ ਵਿੱਚੋਂ ਵੱਖ-ਵੱਖ ਵੈਨਾਂ ਉੱਪਰ ਹੋਰਡਿੰਗਜ਼ ਲਗਾ ਕੇ ਅਤੇ ਲਾਊਡ ਸਪੀਕਰ ਦੀ ਸਹਾਇਤਾ ਨਾਲ ਸ਼ਹਿਰ ਅੰਦਰ ਟੀਮਾਂ ਨੂੰ ਰਵਾਨਾ ਕੀਤਾ ਗਿਆ ਕਿਉਂਕਿ ਡੇਂਗੂ ਦੀ ਰੋਕਥਾਮ ਲਈ ਸਭ ਤੋਂ ਵੱਡਾ ਉਪਰਾਲਾ ਡੇਂਗੂ ਪ੍ਰਤੀ ਜਾਗਰੂਕਤਾ ਹੈ।
ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਡੇਂਗੂ ਦਾ ਮੱਛਰ ਸਾਫ ਪਾਣੀ ਵਿੱਚ ਹੀ ਪੈਦਾ ਹੁੰਦਾ ਹੈ, ਇਸ ਲਈ ਸਮੂਹ ਸ਼ਹਿਰ ਵਾਸੀ ਇਸ ਗੱਲ ਦਾ ਖਾਸ ਧਿਆਨ ਰੱਖਣ ਕਿ ਆਪਣੇ ਘਰਾਂ ਵਿੱਚ ਗਮਲਿਆਂ/ਕੂਲਰਾਂ/ਬਰਤਨਾਂ ਅਤੇ ਆਲੇ ਦੁਆਲੇ ਸਾਫ ਪਾਣੀ ਇਕੱਠਾ ਨਾ ਹੋਣ ਦੇਣ। ਇਸ ਤੋਂ ਇਲਾਵਾ ਨਗਰ ਨਿਗਮ ਪ੍ਰਸ਼ਾਸ਼ਨ ਵੱਲੋਂ ਸ਼ਹਿਰ ਅੰਦਰ ਲਗਾਤਾਰ ਫੋਗਿੰਗ ਸਵੇਰੇ ਅਤੇ ਸ਼ਾਮ ਦੇ ਸਮੇਂ ਕਰਵਾਈ ਜਾ ਰਹੀ। ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਅਭਿਆਨ ਤਹਿਤ ਸ਼ਹਿਰ ਦੀਆਂ ਤੰਗ ਗਲੀਆਂ ਵਿੱਚ ਵੀ ਹੈਂਡ ਫੋਗਿੰਗ ਮਸ਼ੀਨ ਰਾਹੀਂ ਫੋਗਿੰਗ ਕਰਵਾਣੀ ਸ਼ੁਰੂ ਕਰ ਦਿੱਤੀ ਗਈ ਹੈ। ਨਿਗਮ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਉਨ੍ਹਾਂ ਦੇ ਘਰਾਂ ਨੇੜੇ ਨਿਗਮ ਦੀ ਟੀਮ ਫੋਗਿੰਗ ਲਈ ਆਉਂਦੀ ਹੈ ਤਾਂ ਉਸ ਸਮੇਂ ਆਪਣੇ ਘਰਾਂ ਦੇ ਜਾਲੀ ਦੇ ਦਰਵਾਜ਼ੇ ਅਤੇ ਜਾਲੀ ਦੀਆਂ ਖਿੜਕੀਆਂ ਨੂੰ ਖੁੱਲ੍ਹਾ ਰੱਖਿਆ ਜਾਵੇ ਤਾਂ ਜੋ ਫੋਗਿੰਗ ਦਾ ਅਸਰ ਜ਼ਿਆਦਾ ਹੋ ਸਕੇ

