ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਨੋਟਿਸ ਭੇਜਣਾ ਤੇ ਖਾਤੇ ਫ੍ਰੀਜ਼ ਕਰਨਾ ਸਿਆਸੀ ਸਾਜ਼ਿਸ਼ : ਸੰਤੋਸ਼ ਚੌਧਰੀ
ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਨੋਟਿਸ ਭੇਜਣਾ ਤੇ ਖਾਤੇ ਫ੍ਰੀਜ਼ ਕਰਨਾ ਸਿਆਸੀ ਸਾਜ਼ਿਸ਼ : ਸੰਤੋਸ਼ ਚੌਧਰੀ
ਕਿਹਾ : ਵੋਟਾਂ ਵਾਲੇ ਦਿਨ ਜਨਤਾ ਦੇਵੇਗੀ ਜਵਾਬ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਸੰਤੋਸ਼ ਚੌਧਰੀ ਨੇ ਟੈਕਸ ਰਿਟਰਨਾਂ ਵਿੱਚ ਕਥਿਤ ਗੜਬੜੀ ਨੂੰ ਲੈ ਕੇ ਕਾਂਗਰਸ ਪਾਰਟੀ ਨੂੰ 1823 ਕਰੋੜ ਰੁਪਏ ਦੀ ਅਦਾਇਗੀ ਸਬੰਧੀ ਸ਼ੁੱਕਰਵਾਰ ਨੂੰ ਇਨਕਮ ਟੈਕਸ ਵਿਭਾਗ ਵੱਲੋਂ ਜਾਰੀ ਕੀਤੇ ਨੋਟਿਸ ਨੂੰ ਚੋਣ ਸਾਜ਼ਿਸ਼ ਕਰਾਰ ਦਿੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਪਾਰਟੀ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪਹਿਲਾਂ ਹੀ ਆਮਦਨ ਕਰ ਵਿਭਾਗ ਵੱਲੋਂ 210 ਕਰੋੜ ਰੁਪਏ ਦਾ ਜੁਰਮਾਨਾ ਲਾਉਣ ਅਤੇ ਬੈਂਕ ਖਾਤੇ ਫਰੀਜ਼ ਕੀਤੇ ਜਾਣ ਕਾਰਨ ਪੂੰਜੀ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ। ਹੁਣ ਇਹ ਨਵਾਂ ਨੋਟਿਸ ਜਾਰੀ ਕਰਨਾ ਯਕੀਨੀ ਤੌਰ ’ਤੇ ਸਿਆਸੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਤੁਰੰਤ ਬਾਅਦ ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਲੋਕਤੰਤਰ ਲਈ ਖ਼ਤਰਾ ਹੈ। ਉਹਨਾਂ ਕਿਹਾ ਕਿ ਜਨਤਾ ਇਹ ਸਭ ਦੇਖ ਰਹੀ ਹੈ ਅਤੇ ਚੋਣਾਂ ’ਚ ਵੋਟਾਂ ਵਾਲੇ ਦਿਨ ਇਸ ਦਾ ਜਵਾਬ ਦੇਵੇਗੀ। ਸ੍ਰੀਮਤੀ ਚੌਧਰੀ ਨੇ ਪੰਜਾਬ ਵਿੱਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਬਾਰੇ ਵੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਨਿੱਤ ਦਿਨ ਵਾਪਰ ਰਹੀਆਂ ਕਤਲਾਂ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਤੋਂ ਸਹਿਮੇ ਹੋਏ ਹਨ। ਸੂਬਾ ਸਰਕਾਰ ਅਮਨ-ਕਾਨੂੰਨ ਨੂੰ ਕੰਟਰੋਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਲੋਕਾਂ ਦਾ ਸੂਬਾ ਸਰਕਾਰ ਤੋਂ ਵਿਸ਼ਵਾਸ ਉੱਠ ਗਿਆ ਹੈ। ਇਸ ਲਈ ਜੇਕਰ ਅੱਜ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਕਰਵਾ ਲਈਆਂ ਜਾਣ ਤਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਜਾਣਗੀਆਂ

