ਪੰਜਾਬੀ ਲੈਕਚਰਾਰ ਅਤੇ ਕਾਰਜਕਾਰੀ ਪ੍ਰਿੰਸੀਪਲ ਸ਼ੀਤਲ ਰਾਮ ਲੋਈ ਦੀ ਸੇਵਾ ਮੁਕਤੀ ਅੱਜ
ਪੰਜਾਬੀ ਲੈਕਚਰਾਰ ਅਤੇ ਕਾਰਜਕਾਰੀ ਪ੍ਰਿੰਸੀਪਲ ਸ਼ੀਤਲ ਰਾਮ ਲੋਈ ਦੀ ਸੇਵਾ ਮੁਕਤੀ ਅੱਜ
ਫਗਵਾੜਾ (ਡਾ ਰਮਨ ਹਰਦਿਆਲ ਸਿੰਘ ਸੰਧੂ ) ਪੰਜਾਬੀ ਲੈਕਚਰਾਰ ਅਤੇ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਰਾਣੀਪੁਰ ਰਾਜਪੂਤਾਂ ਜਿਲ੍ਹਾ ਕਪੂਰਥਲਾ ਦੇ ਕਾਰਜਕਾਰੀ ਪ੍ਰਿੰਸੀਪਲ ਸ਼ੀਤਲ ਰਾਮ ਲੋਈ ਦਾ ਜਨਮ ਪਿੰਡ ਭੁੰਗਰਨੀ ਜਿਲ੍ਹਾ ਹੁਸ਼ਿਆਰਪੁਰ ਵਿਖੇ 13 ਮਾਰਚ 1966 ਨੂੰ ਪਿਤਾ ਦਰਸ਼ਨ ਰਾਮ ਲੋਈ ਅਤੇ ਮਾਤਾ ਸ਼ਕੁੰਤਲਾ ਦੇਵੀ ਦੇ ਘਰ ਹੋਇਆ। ਇਹਨਾਂ ਨੇ ਮੁਢਲੀ ਸਿੱਖਿਆ ਪਿੰਡ ਭੁੰਗਰਨੀ ਦੇ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਫਿਰ ਗੁਰੂ ਨਾਨਕ ਦੇਵ ਨਵ ਭਾਰਤ ਕਾਲਜ ਨਰੂੜ (ਪਾਂਛਟ) ਤੋਂ ਬੀ.ਏ. ਦੀ ਡਿਗਰੀ ਹਾਸਲ ਕੀਤੀ। ਬੈਚਲਰ ਆਫ ਐਜੂਕੇਸ਼ਨ ਦੀ ਡਿਗਰੀ ਡੇ.ਏ.ਵੀ. ਕਾਲਜ ਹੁਸ਼ਿਆਰਪੁਰ ਤੋਂ ਅਤੇ ਐਮ.ਏ. ਦੀ ਡਿਗਰੀ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਪਾਸ ਕੀਤੀ। ਸ਼ੀਤਲ ਰਾਮ ਲੋਈ ਨੇ ਸਿੱਖਿਆ ਵਿਭਾਗ ਪੰਜਾਬ ਵਿਚ ਬਤੌਰ ਅਧਿਆਪਕ ਆਪਣੇ ਕੈਰੀਅਰ ਦੀ ਸ਼ੁਰੂਆਤ 19 ਅਗਸਤ 1994 ਨੂੰ ਸਰਕਾਰੀ ਹਾਈ ਸਕੂਲ ਕੰਗਰੌੜ੍ਹ ਜਿਲ੍ਹਾ ਨਵਾਂਸ਼ਹਿਰ (ਹੁਣ ਐਸ.ਬੀ.ਐਸ. ਨਗਰ) ਤੋਂ ਕੀਤੀ। ਜਿਸ ਤੋਂ ਬਾਅਦ ਸਾਲ 1997 ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਬੰਸਪੁਰ ਤਹਿਸੀਲ ਫਗਵਾੜਾ ਜਿਲ੍ਹਾ ਕਪੂਰਥਲਾ ਵਿਖੇ ਤਬਾਦਲਾ ਕਰਵਾ ਲਿਆ ਆਪ ਦੀ ਬਤੌਰ ਲੈਕਚਰਾਰ ਤਰੱਕੀ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਰਾਣੀਪੁਰ ਰਾਜਪੂਤਾਂ (ਫਗਵਾੜਾ) ਵਿਖੇ ਹੋਣ ਕਰਕੇ ਜੁਲਾਈ 2016 ਤੋਂ ਇੱਥੇ ਸੇਵਾਵਾਂ ਨਿਭਾ ਰਹੇ ਸਨ। ਜਿੱਥੇ ਮਿਤੀ 31.03.2024 ਨੂੰ ਬਤੌਰ ਕਾਰਜਕਾਰੀ ਪ੍ਰਿੰਸੀਪਲ ਸੇਵਾ ਮੁਕਤ ਹੋ ਰਹੇ ਹਨ। ਰਾਣੀਪੁਰ ਰਾਜਪੂਤਾਂ ਦੇ ਆਪਣੇ ਸੇਵਾਕਾਲ ਦੌਰਾਨ ਇਹਨਾਂ ਨੇ ਸਕੂਲ ਦੇ ਸਰਬ ਪੱਖੀ ਵਿਕਾਸ ਵਿਚ ਪਿੰਡ ਦੀ ਪਸਵਕ ਕਮੇਟੀ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਵਢਮੁੱਲਾ ਯੋਗਦਾਨ ਪਾਇਆ। ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਹੀ ਖੇਡਾਂ ‘ਚ ਵੀ ਦਿਲਚਸਪੀ ਲੈਣ ਲਈ ਲਗਾਤਾਰ ਪ੍ਰੇਰਿਤ ਕੀਤਾ। ਲੈਕਚਰਾਰ ਲੋਈ ਦੇ ਪਰਿਵਾਰ ਵਿਚ ਪਤਨੀ ਸਵਿੰਦਰਜੀਤ ਸਿਹਤ ਵਿਭਾਗ ਪੰਜਾਬ ਵਿਚ ਬਤੌਰ ਫਾਰਮੇਸੀ ਅਫਸਰ ਸੇਵਾਵਾਂ ਨਿਭਾ ਰਹੇ ਹਨ। ਵੱਡੀ ਪੁਤਰੀ ਬੀ.ਟੈਕ ਦੀ ਪੜ੍ਹਾਈ ਉਪਰੰਤ ਐਮ.ਬੀ.ਏ. ਕਰਨ ਲਈ ਕਨੇਡਾ ਵਿਚ ਹੈ ਜਦਕਿ ਛੋਟੀ ਬੇਟੀ ਡੀ.ਐਮ.ਸੀ. ਲੁਧਿਆਣਾ ਵਿਖੇ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰ ਰਹੀ ਹੈ। ਆਪ ਨੇ ਜਿੱਥੇ ਵਿਦਿਆਰਥੀਆਂ ਦੀ ਭਲਾਈ ਲਈ ਲਗਾਤਾਰ ਉਪਰਾਲੇ ਕੀਤੇ, ਉੱਥੇ ਹੀ ਅਧਿਆਪਕ ਵਰਗ ਦੇ ਮਸਲਿਆਂ ਨੂੰ ਲੈ ਕੇ ਪਿਛਲੇ 20 ਸਾਲ ਤੋਂ ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਕਪੂਰਥਲਾ ਦੇ ਜਿਲ੍ਹਾ ਪ੍ਰਧਾਨ ਵਜੋਂ ਸੰਘਰਸ਼ ਕਰ ਰਹੇ ਹਨ। ਪਿਛਲੇ ਚਾਰ ਸਾਲ ਤੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ, ਮਾਸਟਰ ਕਾਡਰ ਯੂਨੀਅਨ ਵਿਚ ਬਤੌਰ ਸਲਾਹਕਾਰ, ਲੈਕਚਰਾਰ ਯੂਨੀਅਨ ਫਗਵਾੜਾ ਵਿਚ ਬਤੌਰ ਜਨਰਲ ਸਕੱਤਰ ਅਤੇ ਸਮਾਜਿਕ ਨਿਆਂ ਅਧਿਕਾਰਤ ਵੈਲਫੇਅਰ ਯੂਨੀਅਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਵੀ ਹਨ। ਸਿੱਖਿਆ ਵਿਭਾਗ ਪੰਜਾਬ ਵਿਚ ਆਪ ਦਾ ਸੇਵਾਕਾਲ 29 ਸਾਲ 7 ਮਹੀਨੇ 13 ਦਿਨ ਦਾ ਰਿਹਾ

