ਕੇਜਰੀਵਾਲ ਦੇ ਕੱਟੜ ਭ੍ਰਿਸ਼ਟਾਚਾਰੀ ਹੋਣ ਦੀ ਪੋਲ ਜਨਤਾ ਦੇ ਸਾਹਮਣੇ ਖੁੱਲ ਚੁੱਕੀ ਹੈ – ਖੁਰਾਣਾ
ਕੇਜਰੀਵਾਲ ਦੇ ਕੱਟੜ ਭ੍ਰਿਸ਼ਟਾਚਾਰੀ ਹੋਣ ਦੀ ਪੋਲ ਜਨਤਾ ਦੇ ਸਾਹਮਣੇ ਖੁੱਲ ਚੁੱਕੀ ਹੈ – ਖੁਰਾਣਾ
ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਕੀਤੀ ਗਿਰਫਤਾਰੀ ਅਤੇ ਸੁਪਰੀਮ ਕੋਰਟ ਵਲੋਂ ਬੀਤੇ ਦਿਨ ਲੰਬੀ ਸੁਣਵਾਈ ਤੋਂ ਬਾਅਦ ਅਖੀਰ ਕੇਜਰੀਵਾਲ ਨੂੰ ਰਿਮਾਂਡ ‘ਤੇ ਭੇਜਣ ਦੇ ਸੁਣਾਏ ਗਏ ਫੈਸਲੇ ਨੂੰ ਲੈ ਕੇ ਟਿੱਪਣੀ ਕਰਦਿਆਂ ਸ੍ਰੋਮਣੀ ਅਕਾਲੀ ਦਲ (ਬ) ਦੇ ਸ਼ਹਿਰੀ ਹਲਕਾ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਆਪਣੇ ਆਪ ਨੂੰ ਕੱਟੜ ਇਮਾਨਦਾਰ ਦਾ ਖਿਤਾਬ ਦੇਣ ਵਾਲੇ ਕੇਜਰੀਵਾਲ ਦੇ ਕੱਟੜ ਭ੍ਰਿਸ਼ਟਾਚਾਰ ਦੀ ਪੋਲ ਜਨਤਾ ਸਾਹਮਣੇ ਖੁੱਲ ਚੁੱਕੀ ਹੈ। ਬਾਵਜੂਦ ਇਸ ਦੇ ਅਸਤੀਫਾ ਨਾ ਦੇ ਕੇ ਕੇਜਰੀਵਾਲ ਮੁੱਖ ਮੰਤਰੀ ਵਰਗੇ ਉੱਚ ਸੰਵਿਧਾਨਕ ਅਹੁਦੇ ਦਾ ਅਪਮਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਈ.ਡੀ. ਨੂੰ ਪੰਜਾਬ ਸਰਕਾਰ ਦੀਆਂ ਕਾਰਗੁਜਾਰੀਆਂ ਦੀ ਵੀ ਡੁੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਪਿਛਲੇ ਦੋ ਸਾਲ ‘ਚ ਇੱਥੋਂ ਦੀ ਭਗਵੰਤ ਮਾਨ ਸਰਕਾਰ ਨੇ ਵੀ ਆਪਣੇ ਸਿਆਸੀ ਹਿਤਾਂ ਲਈ ਪੰਜਾਬ ਦੇ ਖਜਾਨੇ ਨੂੰ ਲੁੱਟਣ ਵਿਚ ਕੋਈ ਕਸਰ ਨਹੀਂ ਛੱਡੀ ਹੈ। ਜਿਸ ਬਾਰੇ ਲੋਕ ਆਮ ਚਰਚਾ ਕਰਦੇ ਹਨ। ਉਹਨਾਂ ਕਿਹਾ ਕਿ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ ਕਿ 90 ਤੋਂ ਵੱਧ ਵਿਧਾਨਸਭਾ ਦੀਆਂ ਸੀਟਾਂ ਜਿੱਤ ਕੇ ਸੱਤਾ ਵਿਚ ਆਈ ਪਾਰਟੀ ਤੋਂ ਸਿਰਫ ਦੋ ਸਾਲ ਵਿਚ ਹੀ ਜਨਤਾ ਦਾ ਮੋਹ ਭੰਗ ਹੋ ਗਿਆ ਹੋਵੇ। ਖੁਰਾਣਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਰਾਜ ਵਿੱਚ ਦਿੱਲੀ ਦੀ ਤਰਜ ਤੇ ਹੀ ਪੰਜਾਬ ‘ਚ ਬਣਾਈ ਗਈ ਸ਼ਰਾਬ ਨੀਤੀ, ਪਿਛਲੀ ਕਣਕ ਦੀ ਖਰੀਦ ਲਈ ਖਰੀਦੇ ਗਏ ਬਾਰਦਾਨੇ, ਪਹਿਲਾਂ ਤੋਂ ਚਲ ਰਹੇ ਸਿਹਤ ਕੇਂਦਰਾਂ ਤੇ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ‘ਚ ਤਬਦੀਲ ਕਰਨ ਲਈ ਕੀਤੀ ਲੀਪਾ-ਪੋਚੀ ਦੇ ਦਿੱਤੇ ਠੇਕਿਆਂ, ਨਸ਼ਾ ਛੁਡਾਉ ਗੋਲੀਆਂ ਅਤੇ ਮੈਡੀਕਲ ਦਵਾਈਆਂ ਦੀ ਖਰੀਦ ‘ਚ ਹੋਏ ਭ੍ਰਿਸ਼ਟਾਚਾਰ ਦੇ ਨਾਲ-ਨਾਲ ਦਰਿਆਵਾਂ ਦੀ ਸਫਾਈ ਦੇ ਨਾਮ ਤੇ ਦਰਿਆਵਾਂ ‘ਚੋਂ ਰੇਤ ਦੀ ਅਤੇ ਪਹਾੜੀ ਖੇਤਰ ਦੇ ਨਾਲੋਂ ਪੱਥਰ ਅਤੇ ਬਜਰੀ ਦੀ ਕੀਤੀ ਗਈ ਨਜਾਇਜ ਮਾਈਨਿੰਗ ਦਾ ਵੀ ਨੋਟਿਸ ਲੈਂਦਿਆਂ ਕੇਂਦਰੀ ਏਜੰਸੀਆਂ ਨੂੰ ਜਾਂਚ ਕਰਨੀ ਚਾਹੀਦੀ ਹੈ। ਉਹਨਾਂ ਸਮੂਹ ਪੰਜਾਬੀਆਂ ਨੂੰ ਅਗਾਹ ਕੀਤਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਉਹਨਾਂ ਦੇ ਜੇਲ੍ਹਾਂ ‘ਚ ਬੰਦ ਮੰਤਰੀਆਂ ਦੀਆਂ ਕਾਰਗੁਜਾਰੀਆ ਤੋਂ ਸਬਕ ਲੈਂਦੇ ਹੋਏ ਪੰਜਾਬ ਦੀ ਭਲਾਈ ਲਈ ਇਸ ਪਾਰਟੀ ਨੂੰ ਬਿਲਕੁਲ ਵੀ ਮੂੰਹ ਨਾ ਲਗਾਉਣ। ਕਿਉਂਕਿ ਜਨਤਾ ਨੂੰ ਫਰੀ ਦੀਆਂ ਰਿਓੜੀਆਂ ਦੇ ਝਾਂਸੇ ਵਿਚ ਲੈ ਕੇ ਆਮ ਆਦਮੀ ਪਾਰਟੀ ਸੂਬੇ ਨੂੰ ਲੁੱਟਣ ਵਿਚ ਕੋਈ ਕਸਰ ਨਹੀਂ ਛੱਡੇਗੀ

