ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੂੰ ਘਰ ਨਜ਼ਰਬੰਦ ਕਰਨਾ ਮੰਦਭਾਗਾ-ਗਣੇਸ਼ ਭਗਤ

ਸਰਵ ਸਿੱਖਿਆ ਅਭਿਆਨ/ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੂੰ ਘਰ ਨਜ਼ਰਬੰਦ ਕਰਨਾ ਮੰਦਭਾਗਾ-ਗਣੇਸ਼ ਭਗਤ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ):ਪੰਜਾਬ ਸਰਕਾਰ ਨੂੰ ਸੱਤਾ ਵਿੱਚ ਲਿਆਉਣ ਲਈ ਵੱਖ ਵੱਖ ਅਦਾਰਿਆਂ ‘ਚ ਕੰਮ ਕਰਦੇ ਕਰਮਚਾਰੀਆਂ ਨੇ ਵਡਮੁੱਲਾ ਯੋਗਦਾਨ ਇਸ ਆਸ ਨਾਲ ਪਾਇਆ ਸੀ ਕਿ ਸਰਕਾਰ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਮੰਨ ਕੇ ਉਹਨਾਂ ਨੂੰ ਤੋਹਫਾ ਦੇਵੇਗੀ ਲੇਕਿਨ ਸਰਕਾਰ ਵਲੋਂ ਉਲਟਾ ਇਸ ਸਮੇਂ ਆਪਣੇ ਮੁਲਾਜ਼ਮਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਜਿਸ ਨਾਲ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਪ੍ਰਤੀ ਮੁਲਾਜ਼ਮਾਂ ਦਾ ਗੁੱਸਾ ਵੱਧਦਾ ਹੀ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਆਗੂ ਗਣੇਸ਼ ਭਗਤ ਨੇ ਦੱਸਿਆ ਪੰਜਾਬ ਭਰ ਵਿੱਚ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਅਤੇ ਵਿਸ਼ੇਸ਼ ਲੋੜਾਂ ਵਾਲੇ ਅਧਿਆਪਕ ਤਕਰੀਬਨ 1100 ਦੇ ਕਰੀਬ ਪਿਛਲੇ ਲੰਮੇ ਸਮੇਂ ਤੋਂ ਨਿਗੁਣੀਆਂ ਤਨਖਾਹਾ ਤੇ ਸੇਵਾ ਨਿਭਾਅ ਰਹੇ ਹਨ ਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਦੌਰੇ ‘ਤੇ ਸਨ ਤਾਂ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੋਭਿਤ ਭਗਤ ਨੂੰ ਸਰਕਾਰਾਂ ਦੇ ਆਦੇਸਾਂ ਤੇ ਪ੍ਰਸ਼ਾਸਨ ਨੇ ਉਨ੍ਹਾਂ ਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਇਸ ਤੋਂ ਸਾਫ ਪਤਾ ਲੱਗਦਾ ਹੈ ਕੇ ਲੋਕਤੰਤਰ ਵਿੱਚ ਆਪਣੇ ਹੱਕ ਮੰਗਣਾ ਵੀ ਸਰਕਾਰ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਜੋ ਕਿ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਅਤੇ ਸਬ ਕਮੇਟੀ ਦੀ ਪ੍ਰਵਾਨਗੀ ਹੋਣ ਦੇ ਬਾਵਜੂਦ ਵੀ ਇਨ੍ਹਾਂ ਦਫ਼ਤਰੀ ਕਰਮਚਾਰੀਆਂ ਨੂੰ ਰੈਗੂਲਰ ਹੋਣ ਦੇ ਆਰਡਰ ਨਹੀਂ ਦਿੱਤੇ ਜਾ ਰਹੇ। ਉਹਨਾਂ ਕਿਹਾ ਕਿ ਉਕਤ ਕਰਮਚਾਰੀ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ ਕੇ ਉਨ੍ਹਾਂ ਨੂੰ ਸੀ. ਐੱਸ .ਆਰ. ਨਿਯਮਾਂ ਤਹਿਤ ਪੱਕਾ ਕੀਤਾ ਜਾਵੇ। ਇਨ੍ਹਾਂ ਕਰਮਚਾਰੀਆਂ ਦਾ ਇਸ ਗੱਲ ਦਾ ਰੋਸ਼ ਹੈ ਕਿ ਸਤੰਬਰ 2020 ਤੋਂ ਇਨ੍ਹਾਂ ਦੀਆ ਤਨਖਾਹਾਂ ਦੀ 5000 ਕਟੋਤੀ ਕੀਤੀ ਹੋਈ ਹੈ। ਸਰਕਾਰਾਂ ਵੱਲੋਂ ਇਸ ਗੱਲ ਦਾ ਪੱਖਪਾਤ ਕੀਤਾ ਗਿਆ ਕਿ 2018 ਵਿੱਚ ਸਰਵ ਸਿੱਖਿਆ ਅਭਿਆਨ ਅਧੀਨ ਆਉਂਦੇ ਅਧਿਆਪਕ ਤਾਂ ਪੱਕੇ ਕਰ ਦਿੱਤੇ ਗਏ। ਦਫ਼ਤਰੀ ਕਰਮਚਾਰੀਆਂ ਨੂੰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ। ਜਦੋਂ ਕਿ ਇਨ੍ਹਾਂ ਦਫ਼ਤਰੀ ਕਰਮਚਾਰੀਆਂ ਨੂੰ ਪਾਰਦਰਸ਼ੀ ਤਰੀਕੇ ਨਾਲ ਭਰਤੀ ਲਿਖਤੀ ਟੈਸਟ ਪਾਸ ਕਰਕੇ ਰੋਸਟਰ ਮੁਤਾਬਿਕ ਭਰਤੀ ਕੀਤੀ ਗਈ। ਫਿਰ ਇਹ ਦਫ਼ਤਰੀ ਕਰਮਚਾਰੀ ਐਨੇ ਲੰਮੇ ਸਮੇਂ ਤੋਂ ਸੇਵਾ ਨਿਭਾਅ ਰਹੇ ਹਨ। ਇਸ ਲਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਇਨ੍ਹਾਂ ਦਫ਼ਤਰੀ ਕਰਮਚਾਰੀਆਂ ਨਾਲ ਇਨਸਾਫ਼ ਕਰਨਾ ਚਾਹੀਦਾ ਹੈ। ਇਨ੍ਹਾਂ ਦੇ ਆਗੂਆਂ ਨੂੰ ਨਜ਼ਰਬੰਦ ਕਰਨ ਦੀ ਬਜਾਏ ਇਨ੍ਹਾਂ ਨੂੰ ਰੈਗੂਲਰ ਕਰਕੇ ਇਨ੍ਹਾਂ ਦੇ ਹੱਕ ਦੇਣੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਨੂੰ ਸੰਘਰਸ਼ ਦਾ ਰਸਤਾ ਅਖ਼ਤਿਆਰ ਨਾ ਕਰਨਾ ਪਵੇ

66 Views