ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਕਪੂਰਥਲਾ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
*ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਕਪੂਰਥਲਾ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
*
*ਮਾਣ ਭੱਤਾ ਮੁਲਾਜ਼ਮਾਂ ਅਤੇ ਵਰਕਰਾਂ ‘ਤੇ ਘੱਟੋ ਘੱਟ ਉਜਰਤ ਨੂੰ ਲਾਗੂ ਕਰਨ ਦੀ ਕੀਤੀ ਮੰਗ*
ਕਾਲਾ ਸੰਘਿਆਂ 9 ਮਾਰਚ ( ਮਨਜੀਤ ਮਾਨ ) ਮਿੱਡ -ਡੇ- ਮੀਲ ਵਰਕਰਜ਼ ਯੂਨੀਅਨ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਮਮਤਾ ਸੈਦਪੁਰ ਦੀ ਅਗਵਾਈ ਵਿੱਚ ਕਪੂਰਥਲਾ ਵਿਖੇ ਅੰਤਰਰਾਸ਼ਟਰੀ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।ਇਸ ਸਮੇਂ ਪ੍ਰਧਾਨ ਮਮਤਾ ਸੈਦਪੁਰ ਨੇ ਮਿੱਡ-ਡੇ-ਮੀਲ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਦਿਨ ਔਰਤਾਂ ਦੇ ਸੰਘਰਸ਼ ਅਤੇ ਜਿੱਤਾਂ ਦੇ ਪ੍ਰਤੀਕ ਵਜੋਂ ਔਰਤ ਜਾਤੀ ਨੂੰ ਸਮਰਪਿਤ ਕੀਤਾ ਗਿਆ ਹੈ। 19 ਮਾਰਚ 1908 ਨੂੰ ਜਰਮਨੀ,ਹਾਲੈਂਡ, ਡੈਨਮਾਰਕ ਅਤੇ ਹੋਰ ਦੇਸ਼ਾਂ ਵਿੱਚ ਲੱਖਾਂ ਹੀ ਔਰਤਾਂ ਨੇ ਰੈਲੀਆਂ ਅਤੇ ਹੋਰ ਮੁਹਿੰਮਾਂ ਰਾਹੀਂ ਪਬਲਿਕ ਦਫ਼ਤਰਾਂ ਵਿੱਚ ਅਤੇ ਹੋਰ ਕੰਮਕਾਜੀ ਥਾਵਾਂ ਤੇ ਹੁੰਦੇ ਵਿਤਕਰਿਆਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ। 1910 ਵਿੱਚ ਸਤਾਰਾਂ ਦੇਸ਼ਾਂ ਦੀਆਂ ਔਰਤਾਂ ਨੇ ਜਰਮਨ ਦੀ ਕਲਾਰਾ ਜੈਕਟਨ ਦੀ ਅਗਵਾਈ ਵਿੱਚ ਕਾਨਫਰੰਸ ਕਰਕੇ 08 ਮਾਰਚ 1911 ਤੋਂ ਇਹ ਦਿਨ ਮਨਾਉਣ ਦਾ ਫ਼ੈਸਲਾ ਕੀਤਾ ਅਤੇ ਔਰਤਾਂ ਦੇ ਕੰਮ ਦੇ ਘੰਟੇ ਘਟਾਉਣ, ਤਨਖਾਹ ਵਧਾਉਣ, ਬਿਹਤਰ ਕੰਮ ਸਹੂਲਤਾਂ ਦੀਆਂ ਮੰਗਾਂ ਨੂੰ ਲੈ ਕੇ ਘੋਲ਼ ਆਰੰਭਿਆ ਅਤੇ ਉਦੋਂ ਤੋਂ ਹਰ ਸਾਲ 08 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਸਮੇਂ ਹੋਰ ਮਿੱਡ-ਡੇ-ਮੀਲ ਆਗੂਆਂ ਨੇ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਿੱਡ-ਡੇ-ਮੀਲ ਵਰਕਰਾਂ ਨੂੰ ਘੱਟੋਂ ਘੱਟ ਉਜਰਤ ਦੇ ਘੇਰੇ ਵਿੱਚ ਲਿਆ ਕੇ 18000/-ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇ। ਸਮੂਹ ਮਿੱਡ -ਡੇ- ਮੀਲ ਵਰਕਰਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ,ਪੰਜ ਲੱਖ ਰੁਪਏ ਦਾ ਮੁਫ਼ਤ ਬੀਮਾ ਕੀਤਾ ਜਾਵੇ, ਸਰਵਿਸ ਬੁੱਕਾਂ ਲਗਾਈਆਂ ਜਾਣ,ਹਰ ਮਹੀਨੇ ਦੀ ਪੰਜ ਤਰੀਕੇ ਤੱਕ ਮਾਣ ਭੱਤਾ ਸਿੱਧਾ ਬੈਂਕ ਖਾਤਿਆਂ ਵਿੱਚ ਭੇਜਿਆ ਜਾਵੇ,ਮਿੱਡ-ਡੇ-ਮੀਲ ਵਰਕਰਾਂ ਤੋਂ ਖਾਣਾ ਬਣਾਉਣ ਅਤੇ ਬੱਚਿਆਂ ਨੂੰ ਖਵਾਉਣ ਤੋਂ ਬਿਨਾਂ ਵਾਧੂ ਜ਼ਬਰੀ ਹੋਰ ਕੰਮ ਲੈਣੇ ਬੰਦ ਕੀਤੇ ਜਾਣ ਆਦਿ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਅਤੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ। ਇਸ ਸਮੇਂ ਹੋਰਨਾਂ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਿਰ ਸਨ ।

