ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਲਗਾਇਆ ਦੰਦਾਂ ਅਤੇ ਜਬਾੜਿਆਂ ਦਾ 424ਵਾਂ ਕੈਂਪ
ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਲਗਾਇਆ ਦੰਦਾਂ ਅਤੇ ਜਬਾੜਿਆਂ ਦਾ 424ਵਾਂ ਕੈਂਪ
125 ਮਰੀਜਾਂ ਦੀ ਹੋਈ ਜਾਂਚ
6 ਨਵੇਂ ਤਿਆਰ ਜਬਾੜੇ ਵੀ ਵੰਡੇ
ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਸ਼ਹਿਰ ਦੇ ਪ੍ਰਸਿੱਧ ਉਦਯੋਗਪਤੀ ਅਤੇ ਸਮਾਜ ਸੇਵਕ ਸ੍ਰੀ ਕੇ.ਕੇ. ਸਰਦਾਨਾ ਦੀ ਸਰਪ੍ਰਸਤੀ ਹੇਠ ਸਥਾਨਕ ਗੁਰੂ ਹਰਗੋਬਿੰਦ ਨਗਰ ਵਿੱਚ ਚਲਾਏ ਜਾ ਰਹੇ ਬਲੱਡ ਬੈਂਕ ਵਿਖੇ ਮਾਤਾ ਠਾਕੁਰ ਦੇਵੀ ਅਤੇ ਨਾਨਕ ਚੰਦ ਸੇਠੀ ਦੀ ਮਿੱਠੀ ਯਾਦ ਨੂੰ ਸਮਰਪਿਤ 424ਵਾਂ ਮੁਫ਼ਤ ਦੰਦਾਂ ਦਾ ਕੈਂਪ ਲਗਾਇਆ ਗਿਆ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ ਨੇ ਸ਼ਮਾਂ ਰੌਸ਼ਨ ਕਰਕੇ ਕੀਤਾ। ਇਸ ਦੌਰਾਨ ਰੋਟਰੀ ਕਲੱਬ ਦੇ ਸਾਬਕਾ ਗਵਰਨਰ ਸਤਪਾਲ ਸੇਠੀ ਵੀ ਵਿਸ਼ੇਸ਼ ਤੌਰ ’ਤੇ ਮੋਜੂਦ ਰਹੇ। ਮੁੱਖ ਮਹਿਮਾਨ ਨੇ ਬਲੱਡ ਬੈਂਕ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ 6 ਲੋੜਵੰਦ ਬਜ਼ੁਰਗਾਂ ਨੂੰ ਨਵੇਂ ਤਿਆਰ ਕੀਤੇ ਜਬਾੜੇ ਵੀ ਭੇਟ ਕੀਤੇ। ਇਸ ਦੌਰਾਨ ਸੀ.ਐਮ.ਸੀ ਲੁਧਿਆਣਾ ਤੋਂ ਪਹੁੰਚੀ ਮਾਹਿਰ ਡਾਕਟਰਾਂ ਦੀ 25 ਮੈਂਬਰੀ ਮੋਬਾਈਲ ਟੀਮ ਨੇ 125 ਮਰੀਜ਼ਾਂ ਦੇ ਦੰਦਾਂ ਦੀ ਜਾਂਚ ਕੀਤੀ। ਲੋੜਵੰਦਾਂ ਦੇ ਦੰਦ ਸਾਫ਼ ਕੀਤੇ ਗਏ ਅਤੇ ਲੋੜ ਅਨੁਸਾਰ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਮਰੀਜ਼ਾਂ ਦੇ ਖਰਾਬ ਹੋਏ ਦੰਦਾਂ ਦੀ ਫਿਲਿੰਗ ਵੀ ਕੀਤੀ ਗਈ। ਕੈਂਪ ਦੌਰਾਨ 25 ਨਵੇਂ ਜਬਾੜੇ ਬਣਾਉਣ ਦੀ ਅਗਲੀ ਪ੍ਰਕਿਰਿਆ ਨੂੰ ਨੇਪਰੇ ਚਾੜਿਆ ਗਿਆ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਅਗਲਾ ਕੈਂਪ 15 ਤਰੀਕ ਦਿਨ ਸ਼ੁੱਕਰਵਾਰ ਨੂੰ ਲਗਾਇਆ ਜਾਵੇਗਾ। ਦੰਦਾਂ ਦੀਆਂ ਬਿਮਾਰੀਆਂ ਤੋਂ ਪੀੜਤ ਲੋੜਵੰਦ ਮਰੀਜ਼ ਕੈਂਪ ਦਾ ਲਾਭ ਲੈ ਸਕਦੇ ਹਨ। ਇਸ ਮੌਕੇ ਕੁਲਵਿੰਦਰ ਸਿੰਘ ਚੱਠਾ, ਸੁਭਾਸ਼ ਕਵਾਤਰਾ, ਵਿਜੇ ਕੁਮਾਰ, ਵਿਪਨ ਖੁਰਾਨਾ, ਗੁਰਜੀਤ ਸਿੰਘ ਘਟੌਰਾ, ਨਰਿੰਦਰ ਸੈਣੀ, ਸੁਧਾ ਬੇਦੀ, ਅਮਰਜੀਤ ਡਾਂਗ, ਰਮਨ ਨਹਿਰਾ, ਗੁਲਸ਼ਨ ਕਪੂਰ, ਗੁਲਾਬ ਸਿੰਘ ਠਾਕੁਰ, ਕ੍ਰਿਸ਼ਨ ਕੁਮਾਰ, ਤਾਰਾ ਚੰਦ ਚੁੰਬਰ, ਮੋਹਨ ਲਾਲ ਤਨੇਜਾ ਆਦਿ ਹਾਜ਼ਰ ਸਨ।

