ਦਿਨ ਦਿਹਾੜੇ ਦੋਧੀ ਤੋਂ ਨਕਦੀ, ਸੈਰ ਕਰਦੀ ਔਰਤ ਤੋਂ ਮੋਬਾਈਲ ਖੋਹਿਆ, ਮੋਟਰਾਂ ਦੀਆਂ ਤਾਰਾਂ ਸਮੇਤ ਹੋਰ ਚੋਰੀਆਂ।

ਦਿਨ ਦਿਹਾੜੇ ਦੋਧੀ ਤੋਂ ਨਕਦੀ, ਸੈਰ ਕਰਦੀ ਔਰਤ ਤੋਂ ਮੋਬਾਈਲ ਖੋਹਿਆ, ਮੋਟਰਾਂ ਦੀਆਂ ਤਾਰਾਂ ਸਮੇਤ ਹੋਰ ਚੋਰੀਆਂ।

ਇਲਾਕੇ “ਚ ਚੋਰ ਚੁਸਤ ਤੇ ਪੁਲਿਸ ਸੁਸਤ, ਅਨੇਕਾਂ ਚੋਰੀਆਂ ਦੇ ਬਾਵਜੂਦ ਪੁਲਿਸ ਦੇ ਹੱਥ ਖ਼ਾਲੀ।

(ਸੁਖਵਿੰਦਰ ਸਿੰਘ ਸਿੱਧੂ,) ਕਾਲਾ ਸੰਘਿਆਂ

ਇਲਾਕੇ ਵਿੱਚ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਲੁਟੇਰਿਆਂ ਵੱਲੋਂ ਦਿਨ ਦਿਹਾੜੇ ਸਥਾਨਕ ਕਸਬੇ ਦੇ ਨਜ਼ਦੀਕੀ ਪਿੰਡ ਸੰਧੂ ਚੱਠਾ ਦੇ ਚੌਂਕ ਦੇ ਨਜ਼ਦੀਕ ਦੋਧੀ ਤੋਂ ਨਕਦੀ ਅਤੇ ਇਕ ਸੈਰ ਕਰਦੀ ਔਰਤ ਤੋਂ ਮੋਬਾਈਲ ਫੋਨ ਦੀ ਖੋਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਦੁੱਧ ਦਾ ਕੰਮ ਕਰਨ ਵਾਲੇ ਸੰਧੂ ਚੱਠਾ ਵਾਸੀ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਦਾ ਕੰਮ ਕਰਦਾ ਹੈ ਅਤੇ ਬੀਤੀ ਸ਼ਾਮ ਕਰੀਬ 6 ਵਜੇ ਉਹ ਡੇਰਿਆਂ ਤੋਂ ਦੁੱਧ ਇਕੱਠਾ ਕਰਨ ਲਈ ਗਿਆ ਅਤੇ ਜਦ ਉਹ ਸੰਧੂ ਚੱਠਾ ਚੌਂਕ ਪਾਰ ਕਰਕੇ ਜੱਲੋਵਾਲ ਰੋਡ ਤੇ ਅਗਲੇ ਪਾਸੇ ਗਿਆ ਤਾਂ ਦੋ ਐਕਟਿਵਾ ਸਕੂਟਰੀ ਤੇ ਸਵਾਰ ਦੋ ਵਿਅਕਤੀਆਂ ਨੇ ਦਾਤਰ ਵਿਖਾ ਕੇ ਉਸ ਤੋਂ 16,700 ਰੁਪੈ ਦੀ ਨਕਦੀ ਦੀ ਖੋਹ ਕਰਕੇ ਜੱਲੋਵਾਲ ਵਾਲੇ ਪਾਸੇ ਨੂੰ ਚਲੇ ਗਏ। ਇਸ ਤੋਂ ਇਲਾਵਾ ਸੰਧੂ ਚੱਠਾ ਸਟੇਡੀਅਮ ਦੇ ਨੇੜਿਓਂ ਇਕ ਸੈਰ ਕਰਦੀ ਔਰਤ ਤੋਂ ਦੋ ਐਕਟਿਵਾ ਸਵਾਰ ਵਿਅਕਤੀਆਂ ਨੇ ਮੋਬਾਇਲ ਫ਼ੋਨ ਖੋਹਿਆ ਔਰਤ ਨੇ ਦੱਸਿਆ ਕਿ ਉਸ ਦੇ ਵਿਰੋਧ ਕਰਨ ਤੇ ਲੁਟੇਰਿਆਂ ਨੇ ਦਾਤਰ ਕੱਢ ਵਿਖਾਇਆ ਅਤੇ ਕਿਹਾ ਕਿ ਜੇਕਰ ਰੌਲਾ ਪਾਇਆ ਤਾਂ ਉਹ ਦਾਤਰ ਮਾਰ ਦੇਣਗੇ ਅਤੇ ਇਹ ਕਹਿ ਕੇ ਉਹ ਮੋਬਾਈਲ ਖੋਹ ਕੇ ਸੰਧੂ ਚੱਠਾ ਚੌਂਕ ਵੱਲ ਫ਼ਰਾਰ ਹੋ ਗਏ। ਦੱਸਣਯੋਗ ਹੈ ਕਿ ਨਕਦੀ ਤੇ ਮੋਬਾਈਲ ਦੀ ਖੋਹ ਕਰਨ ਵਾਲਾ ਗਿਰੋਹ ਇਕੋ ਹੀ ਹੋ ਸਕਦੇ ਹਨ ਕਿਉਂਕਿ ਇਹਨਾਂ ਲੁਟੇਰਿਆਂ ਨੇ ਪਹਿਲਾਂ ਮੋਬਾਈਲ ਦੀ ਖੋਹ ਕੀਤੀ ਅਤੇ ਇਹੀ ਫਿਰ ਸੰਧੂ ਚੱਠਾ ਚੌਂਕ ਵਾਲੇ ਪਾਸੇ ਨੂੰ ਗਏ ਅਤੇ ਇਸੇ ਸਮੇਂ ਦੌਰਾਨ ਹੀ ਦੋਧੀ ਦੀ ਲੁੱਟ ਹੋਈ। ਜ਼ਿਕਰਯੋਗ ਹੈ ਕਿ ਬੁੱਧਵਾਰ ਰਾਤ ਵੀ ਸੰਧੂ ਚੱਠਾ ਸ਼ਮਸ਼ਾਨਘਾਟ ਤੋਂ ਮੋਟਰ ਦਾ ਸਟਾਟਰ ਚੋਰੀ ਹੋਇਆ ਅਤੇ ਸੰਧੂ ਚੱਠਾ ਵਾਸੀ ਪ੍ਰੀਤਮ ਸਿੰਘ ਦੇ ਡੇਰੇ ਤੋਂ ਪਸ਼ੂਆਂ ਦੇ ਪੱਠੇ ਕੁਤਰਨ ਵਾਲੀ ਮੋਟਰ, ਬਡਿਆਲ ਰੋਡ ਤੇ ਬਣੇ ਧਾਰਮਿਕ ਅਸਥਾਨ ਤੋਂ 15 ਪੱਖੇ ਚੋਰੀ ਹੋਏ ਅਤੇ ਕੁੱਝ ਥਾਵਾਂ ਤੋਂ ਮੋਟਰਾਂ ਦੀਆਂ ਤਾਰਾਂ ਵੀ ਚੋਰੀ ਹੋਈਆਂ। ਕੁਝ ਦਿਨ ਪਹਿਲਾਂ ਵੀ ਦੋ ਚੋਰੀਆਂ ਹੋਈਆਂ ਜਿਸ ਵਿੱਚ ਮੋਟਰਸਾਈਕਲ ਚੋਰੀ ਤੇ ਲੋਹੇ ਦੇ ਸਜਾਵਟੀ ਪੀਲਰ ਚੋਰੀ ਹੋਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਪਰ ਹਾਲੇ ਤੱਕ ਵੀ ਪੁਲਿਸ ਦੇ ਹੱਥ ਖ਼ਾਲੀ ਨੇ ਤੇ ਇਲਾਕੇ ਵਿੱਚ ਚੋਰੀ ਚੁਸਤ ਤੇ ਪੁਲਿਸ ਸੁਸਤ ਨਜ਼ਰ ਆ ਰਹੀ ਹੈ।

148 Views