ਦੂਜੇ ਦਿਨ ਵੀ ਖੇਤੀਬਾੜੀ ਮੰਤਰੀ ਦੇ ਘਰ ਅੱਗੇ ਡਟੇ ਰਹੇ ਮਜ਼ਦੂਰ
*ਦੂਜੇ ਦਿਨ ਵੀ ਖੇਤੀਬਾੜੀ ਮੰਤਰੀ ਦੇ ਘਰ ਅੱਗੇ ਡਟੇ ਰਹੇ ਮਜ਼ਦੂਰ
*
* ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰਨ ਦਾ ਦੋਸ਼
ਲੰਬੀ( *ਜਸਵੀਰ ਸਿੱਧੂ* ) 10 ਦਸੰਬਰ — ਆਪ ਸਰਕਾਰ ਦੀ ਵਾਅਦਾ ਖਿਲਾਫੀ ਤੇ ਮਜ਼ਦੂਰ ਵਿਰੋਧੀ ਨੀਤੀਆਂ ਤੋਂ ਸਤੇ ਸੈਂਕੜੇ ਮਜ਼ਦੂਰ ਮਰਦ ਔਰਤਾਂ ਅੱਜ ਦੂਜੇ ਦਿਨ ਵੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਡਟੇ ਰਹੇ। ਬੀਤੇ ਕੱਲ੍ਹ ਤੋਂ ਸ਼ੁਰੂ ਕੀਤੇ ਧਰਨੇ ਦੌਰਾਨ ਸੈਂਕੜੇ ਮਜ਼ਦੂਰ ਔਰਤਾਂ ਵੱਲੋਂ ਅਨੇਕਾਂ ਦੁਸ਼ਵਾਰੀਆਂ ਦੇ ਬਾਵਜੂਦ ਰਾਤ ਵੀ ਇਥੇ ਹੀ ਗੁਜਾਰੀ ਗਈ।
ਅੱਜ ਦੇ ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਵਤਾਰ ਸਿੰਘ,ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਤੀਰਥ ਸਿੰਘ ਕੋਠਾਗੁਰੂ , ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਪ੍ਰਿਤਪਾਲ ਸਿੰਘ, ,ਖੇਤ ਮਜ਼ਦੂਰ ਸਭਾ ਦੇ ਆਗੂ ਮਹਿੰਗਾ ਸਿੰਘ ਦੋਦਾ , ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਆਗੂ ਤੋਤਾ ਸਿੰਘ , ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਬਰਾਹ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਨੇ ਸੰਬੋਧਨ ਕੀਤਾ ।
ਬੁਲਾਰਿਆਂ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਜ਼ਦੂਰ ਜਥੇਬੰਦੀਆਂ ਨੂੰ ਵਾਰ ਵਾਰ ਮੀਟਿੰਗਾਂ ਦੇ ਕੇ ਮੁੱਕਰਨ ਅਤੇ 12 ਘੰਟੇ ਕੰਮ ਦਿਹਾੜੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਨੇ ਇਸਦਾ ਮਜ਼ਦੂਰ ਦੋਖੀ ਚਿਹਰਾ ਬੇਨਕਾਬ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਇਨਕਲਾਬ ਦੇ ਝੂਠੇ ਨਾਰ੍ਹੇ ਅਤੇ ਬਦਲਾਅ ਦੇ ਲਾਰੇ ਲਾ ਕੇ ਵੋਟਾਂ ਵਟੋਰਨ ਤੋਂ ਬਾਅਦ ਆਪ ਸਰਕਾਰ ਲਗਾਤਾਰ ਕਾਰਪੋਰੇਟ ਘਰਾਣਿਆਂ , ਸੂਦਖੋਰਾਂ ਤੇ ਜਗੀਰਦਾਰਾਂ ਪੱਖੀ ਅਤੇ ਮਜ਼ਦੂਰ ਤੇ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਉਹਨਾਂ ਆਖਿਆ ਕਿ ਸਤਾ ਬਦਲੀ ਦੀ ਪੌਣੀ ਸਦੀ ਦੇ ਬਾਅਦ ਵੀ ਮਜ਼ਦੂਰਾਂ ਨੂੰ ਜਾਤਪਾਤੀ ਜ਼ਬਰ ਤੋਂ ਮੁਕਤੀ ਨਹੀਂ ਮਿਲੀ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਜਾਤਪਾਤੀ ਧੱਕੇ ਵਿਤਕਰੇ ਤੋਂ ਮੁਕਤ ਬਰਾਬਰੀ ਵਾਲਾ ਰੁਤਬਾ ਹਾਸਲ ਕਰਨ ਲਈ ਮਜ਼ਦੂਰ ਵਰਗ ਨੂੰ ਵਿਸ਼ਾਲ, ਸਾਂਝੇ ਤੇ ਦਿਰੜ ਘੋਲਾਂ ਦੇ ਰਾਹ ਪੈਣ ਦੀ ਲੋੜ ਹੈ। ਉਹਨਾਂ ਐਲਾਨ ਕੀਤਾ ਕਿ ਆਪ ਸਰਕਾਰ ਵੱਲੋਂ ਦਿੱਤੀਆਂ ਚੋਣ ਗਰੰਟੀਆਂ ਲਾਗੂ ਕਰਾਉਣ, ਕਰਜ਼ਾ ਮੁਆਫ਼ੀ,ਰੁਜ਼ਗਾਰ ਦੀ ਗਰੰਟੀ ਕਰਨ, ਮਜ਼ਦੂਰੀ ਰੇਟਾਂ ‘ਚ ਵਾਧਾ ਕਰਨ , ਜ਼ਮੀਨੀ ਹੱਦਬੰਦੀ ਕਾਨੂੰਨ ਸਖਤੀ ਨਾਲ ਲਾਗੂ ਕਰਾਉਣ , ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਪੈਨਸ਼ਨਾਂ ਦੀ ਰਾਸ਼ੀ ਚ ਵਾਧਾ ਕਰਾਉਣ, ਮਜ਼ਦੂਰਾਂ ਕਿਸਾਨਾਂ ਤੇ ਅੰਦੋਲਨਾਂ ਦੌਰਾਨ ਬਣੇ ਕੇਸ ਵਾਪਸ ਕਰਾਉਣ ਆਦਿ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਦਰਸ਼ਨ ਸਿੰਘ ਹਿੰਮਤਪੁਰਾ, ਲਖਵੀਰ ਸਿੰਘ ਸਿੰਘਾਵਾਲਾ, ਗੁਰਤੇਜ ਸਿੰਘ ਹਰੀਨੌ, ਮੰਗਾ ਸਿੰਘ ਵੈਰੋਕੇ,ਡੀ ਸੀ ਸਿੰਘ ਕੋਟੜਾ, ਮੇਜ਼ਰ ਸਿੰਘ ਸੀਰਵਾਲੀ, ਨਾਨਕ ਚੰਦ ਤੇ ਗੁਰਪ੍ਰੀਤ ਕੌਰ ਦਿਉਣ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

