ਮਜ਼ਦੂਰ ਦੀਆਂ ਮੰਗਾਂ ਜੇ ਨਾ ਮੰਨੀਆਂ ਤਾਂ ਸਰਕਾਰ ਨੂੰ ਕਰਨਾ ਪਵੇਗਾ ਤਿੱਖੇ ਰੋਹ ਦਾ ਸਾਹਮਣਾ
ਮਜ਼ਦੂਰ ਦੀਆਂ ਮੰਗਾਂ ਜੇ ਨਾ ਮੰਨੀਆਂ ਤਾਂ ਸਰਕਾਰ ਨੂੰ ਕਰਨਾ ਪਵੇਗਾ ਤਿੱਖੇ ਰੋਹ ਦਾ ਸਾਹਮਣਾ
ਬਠਿੰਡਾ (ਜਸਵੀਰ ਸਿੱਧੂ)2ਦਸੰਬਰ —–.ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਅੱਜ ਮਜ਼ਦੂਰ ਆਗੂ ਪ੍ਰਿਤਪਾਲ ਸਿੰਘ ਰਾਮਪੁਰਾ , ਮਿੱਠੂ ਸਿੰਘ ਘੁੱਦਾ, ਤੇ ਤੀਰਥ ਸਿੰਘ, ਪਰਮਜੀਤ ਸਿੰਘ ਦੀ ਅਗਵਾਈ ਵਿਚ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਇਸਰ ਖਾਨਾ ਤੇ ਹਲਕਾ ਤਲਵੰਡੀ ਸਾਬੋ ਦੇ ਵਿਧਾਇਕ ਬਲਜਿੰਦਰ ਕੌਰ ਦੇ ਪੀ ਏ ਨੂੰ ਮਜ਼ਦੂਰਾਂ ਦੀਆਂ ਮੰਗਾਂ ਦਾ ਮੰਗ ਪੱਤਰ ਦੇਕੇ ਮਜ਼ਦੂਰਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਗਈ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸੁਖਜੀਵਨ ਸਿੰਘ ਮੌੜ ਨੇ ਕਿਹਾ ਕਿ ਮਜ਼ਦੂਰ ਆਗੂਆਂ ਨੇ ਭਗਵੰਤ ਮਾਨ ਸਰਕਾਰ ਉੱਪਰ ਮਜਦੂਰ ਵਰਗ ਦੀ ਅਣਦੇਖੀ ਕਰਨ ਦਾ ਦੋਸ਼ ਲਾਉਂਦਿਆਂ ਆਖਿਆ ਕਿ ਆਪ ਸਰਕਾਰ ਵੱਲੋਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਾਗੂ ਕਰਨਾ ਤਾਂ ਦੂਰ ਮੁੱਖ ਮੰਤਰੀ ਸਾਂਝੇ ਮਜ਼ਦੂਰ ਮੋਰਚੇ ਨੂੰ ਕਰੀਬ ਅੱਠ ਵਾਰ ਲਿਖਤੀ ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗ ਕਰਨ ਤੋਂ ਹੀ ਮੁੱਕਰ ਗਏ। ਉਹਨਾਂ ਆਖਿਆ ਕਿ ਆਪ ਸਰਕਾਰ ਵੱਲੋਂ ਅੱਠ ਘੰਟਿਆਂ ਦੀ ਕੰਮ ਦਿਹਾੜੀ ਨੂੰ ਵਧਾ ਕੇ ਬਾਰਾਂ ਘੰਟੇ ਕਰਨ ਦਾ ਫੈਸਲਾ ਵੀ ਉਸਦੀ ਮਜ਼ਦੂਰ ਦੋਖੀ ਤੇ ਕਾਰਪੋਰੇਟ ਘਰਾਣਿਆਂ ਪੱਖੀ ਖ਼ਸਲਤ ਦਾ ਹੀ ਸਿੱਟਾ ਹੈ। ਉਹਨਾਂ ਆਖਿਆ ਕਿ ਬਦਲਾਅ ਦਾ ਝਾਂਸਾ ਦੇ ਕੇ ਸਤਾ ‘ਚ ਆਈ ਆਪ ਸਰਕਾਰ ਵੀ ਅਕਾਲੀ, ਕਾਗਰਸੀ ਸਰਕਾਰਾਂ ਵਾਂਗ ਹੀ ਮਜ਼ਦੂਰ ਅਤੇ ਲੋਕ ਵਿਰੋਧੀ ਅਤੇ ਜਗੀਰਦਾਰਾਂ, ਸੂਦਖੋਰਾਂ ਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਲਾਗੂ ਕਰ ਰਹੀ ਹੈ।ਮਜ਼ਦੂਰ ਆਗੂਆਂ ਨੇ ਕਿਹਾ ਕਿ ਕੈਬਨਿਟ ਸਬ ਕਮੇਟੀ ਨਾਲ ਹੋਈਆਂ ਸਾਂਝੇ ਮੋਰਚੇ ਦੀਆਂ ਮੀਟਿੰਗਾਂ ‘ਚ ਮਜ਼ਦੂਰਾਂ ਨੂੰ ਕੱਟੇ ਪਲਾਟਾਂ ਦੇ ਕਬਜ਼ੇ ਦੇਣ, ਪੰਚਾਇਤੀ ਜ਼ਮੀਨ ਦੀਆਂ ਡੰਮੀ ਬੋਲੀਆਂ ਰੱਦ ਕਰਨ, ਅੰਦੋਲਨਾਂ ਦੌਰਾਨ ਬਣੇ ਕੇਸ ਵਾਪਸ ਲੈਣ ਵਰਗੀਆਂ ਮੰਗਾਂ ਪ੍ਰਵਾਨ ਕਰਨ ਦੇ ਬਾਵਜੂਦ ਇਹਨਾਂ ‘ਤੇ ਵੀ ਕੋਈ ਅਮਲ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਮੌਕੇ ਦਿੱਤੀਆਂ ਗਰੰਟੀਆਂ ਨੂੰ ਲਾਗੂ ਕਰਵਾਉਣ, ਮਜਦੂਰਾਂ ਨੂੰ ਰਿਹਾਇਸ਼ੀ ਪਲਾਟ ਦਿਵਾਉਣ, ਮਕਾਨ ਉਸਾਰੀ ਲਈ ਗਰਾਂਟ ਦਿਵਾਉਣ, ਕਰਜ਼ੇ ਮਾਫ ਕਰਨ, ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ, ਘੱਟੋ ਘੱਟ ਦਿਹਾੜੀ ਸੱਤ ਸੌ ਰੂਪੈ ਕਰਨ,ਮਨਰੇਗਾ ਤਹਿਤ ਸਾਲ ਭਰ ਰੁਜਗਾਰ ਹਰ ਬਾਲਗ ਮਜਦੂਰ ਨੂੰ ਦੇਣਾ ਯਕੀਨੀ ਬਣਾਉਣ ਅਤੇ ਕੰਮ ਨਾ ਦੇਣ ਦੀ ਸੂਰਤ ਵਿੱਚ ਬੇਰੁਜ਼ਗਾਰੀ ਭੱਤਾ ਦੇਣ, ਕੰਮ ਦਿਹਾੜੀ ਦੇ ਘੰਟੇ ਵਧਾਉਣ ਵਾਲਾ ਨੋਟੀਫਿਕੇਸ਼ਨ ਤੁਰੰਤ ਰੱਦ ਕਰਨ, ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜ਼ਮੀਨ ਦਲਿਤ ਭਾਈਚਾਰੇ ਨੂੰ ਸਸਤੇ ਭਾਅ ਠੇਕੇ ‘ਤੇ ਦੇਣ, ਜ਼ਮੀਨੀ ਹੱਦਬੰਦੀ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਵਾਧੂ ਨਿਕਲਦੀਆਂ ਜ਼ਮੀਨਾਂ ਦੀ ਵੰਡ ਬੇਜ਼ਮੀਨੇ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਚ ਕਰਨ,ਵਿਧਵਾ ਬੁਢਾਪਾ ਅੰਗਹੀਣਾਂ ਨੂੰ 5000/-ਰੂਪੈ ਪ੍ਰਤੀ ਮਹੀਨਾ ਪੈਨਸ਼ਨ ਦੇਣ, ਸਮਾਜਿਕ ਤੇ ਸਰਕਾਰੀ ਜਬਰ ਬੰਦ ਕਰਨ ਆਦਿ ਮੰਗਾਂ ਦੀ ਪੂਰਤੀ ਲਈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਤਿੰਨ ਰੋਜ਼ਾ ਧਰਨਾ ਦਿੱਤਾ ਜਾਵੇਗਾ । ਵਫ਼ਦ ਵਿੱਚ ਹੋਰਨਾਂ ਤੋਂ ਇਲਾਵਾ ਮੱਖਣ ਸਿੰਘ ਗੁਰੂਸਰ ਮਨਦੀਪ ਸਿੰਘ ਸਿਵਿਆਂ ਡੀਸੀ ਸਿੰਘ ਕੋਟੜਾਪਰਮਜੀਤ ਸਿੰਘ ਗਹਿਲੇ ਨਿੱਕਾ ਸਿੰਘ ਸਰਪੰਚ ਆਦਿ ਆਗੂ ਵੀ ਸ਼ਾਮਲ ਸਨ।

