*ਸਹਾਇਕ ਪ੍ਰੋਫੈਸਰ ਦੇ ਆਤਮ ਹੱਤਿਆ ਨੋਟ ਮੁਤਾਬਿਕ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੁੂੰ ਲੈ ਕੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ*

*ਸਹਾਇਕ ਪ੍ਰੋਫੈਸਰ ਦੇ ਆਤਮ ਹੱਤਿਆ ਨੋਟ ਮੁਤਾਬਿਕ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੁੂੰ ਲੈ ਕੇ ਸਿੱਖਿਆ ਮੰਤਰੀ ਦਾ ਪੁਤਲਾ ਫੂਕਿਆ*

ਬਠਿੰਡਾ *(ਜਸਵੀਰ ਸਿੱਧੂ*): ਸਹਾਇਕ ਪ੍ਰੋਫੈਸਰਾਂ ਅਤੇ ਲਾਇਬਰੇਰੀਅਨਾਂ ਦੀ ਭਰਤੀ ਮੁਕੰਮਲ ਕਰਵਾਉਣ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰਾਂ ਵਿੱਚੋਂ ਇੱਕ ਅਧਿਆਪਕਾ ਬਲਵਿੰਦਰ ਕੌਰ ਦੀ ਆਤਮ ਹੱਤਿਆ ਦੇ ਦੋਸ਼ੀਆ ਨੂੰ ਸ਼ਜਾ ਦਵਾਊਣ ਅਤੇ ਬਲਵਿੰਦਰ ਕੌਰ ਦੇ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਵਲੋ ਸਿੱਖਿਆ ਮੰਤਰੀ ਦੀਆਂ ਅਰਥੀਆ ਫੂਕਣ ਦੇ ਦਿੱਤੇ ਸੱਦੇ ਤਹਿਤ ਬਠਿੰਡਾ ਇਕਾਈ ਵਲੋਂ ਡੀ ਸੀ ਦਫਤਰ ਮੂਹਰੇ ਸਿੱਖਿਆ ਮੰਤਰੀ ਦੀ ਅਰਥੀ ਫੂਕਣ ਤੋ ਬਾਅਦ ਨਾਈਬ ਤਹਿਸੀਲਦਾਰ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ ।
ਇਸ ਮੌਕੇ ਡੀ ਟੀ ਅੇੈੱਫ ਦੇ ਆਗੂ ਬੇਅੰਤ ਸਿੰਘ ਫੂਲੇਵਾਲਾ ਅਤੇ ਬੂਟਾ ਸਿੰਘ ਨੇ ਕਿਹਾ ਕਿ ਮ੍ਰਿਤਕਾ ਵੱਲੋਂ ਲਿਖੇ ਆਤਮ ਹੱਤਿਆ ਨੋਟ ਮੁਤਾਬਿਕ ਦੋਸ਼ੀਆਂ ਖਿਲਾਫ਼ ਫੌਰੀ
ਐਫ.ਆਈ.ਆਰ. ਦਰਜ਼ ਕਰਨ ਤੇ ਸਮੁੱਚੀ ਜਾਂਚ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਧਰਨੇ ਪ੍ਰਦਰਸ਼ਨਾਂ ਰਾਹੀਂ ਸੱਤਾ ਪ੍ਰਾਪਤ ਕਰਨ ਵਾਲੀ ਸਰਕਾਰ ਦਾ ਹਰੇਕ ਹੱਕੀ ਸੰਘਰਸ਼ ਪ੍ਰਤੀ ਨਾ-ਪੱਖੀ ਅਤੇ ਹੰਕਾਰੀ ਰਵੱਈਆ ਲਗਾਤਾਰ ਉਜਾਗਰ ਹੋ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਪਿਛਲੇ ਪੰਜਾਹ ਦਿਨ ਤੋਂ ਉਚੇਰੀ ਅਤੇ ਸਕੂਲ ਸਿੱਖਿਆ ਮੰਤਰੀ ਦੇ ਜੱਦੀ ਪਿੰਡ ਗੰਭੀਰਪੁਰ ਵਿਖੇ ਪੱਕੇ ਧਰਨੇ ‘ਤੇ ਬੈਠੇ ਸਹਾਇਕ ਪ੍ਰੋਫੈਸਰਾਂ ਦੇ ਮਾਮਲੇ ਵਿੱਚ ਵੀ ਕੋਈ ਵਾਜਿਬ ਹੱਲ ਕੱਢਣ ਦੀ ਥਾਂ ਮੰਤਰੀ ਅਤੇ ਸਰਕਾਰ ਦੇ ਹੋਰ ਨੁਮਾਇੰਦੇ ਗੱਲਬਾਤ ਕਰਨ ਤੋਂ ਵੀ ਇਨਕਾਰੀ ਰਹੇ ਹਨ। ਇਸ ਕਰਕੇ ਅਜਿਹੇ ਗੈਰ ਜਮਹੂਰੀ ਸਰਕਾਰੀ ਰਵੱਈਏ ਅਤੇ ਬੇਰੁਜ਼ਗਾਰੀ ਦੀ ਸਤਾਈ ਇੱਕ ਅਧਿਆਪਕਾ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ ਹੈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਅੱਤ ਦਰਜ਼ੇ ਦੀ ਸੰਵੇਦਨਹੀਣਤਾ ਤੋਂ ਕੰਮ ਲੈਣ ਵਾਲੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੁੱਖ ਮੰਤਰੀ ਦੁਆਰਾ ਅਸਤੀਫਾ ਲੈਣਾ ਚਾਹੀਦਾ ਹੈ ਤਾਂ ਕਿ ਉਹ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਣ। ਖ਼ੁਦਕੁਸ਼ੀ ਕਰਨ ਵਾਲੀ ਅਧਿਆਪਕਾ ਦੇ ਪਰਿਵਾਰ ਲਈ ਬਣਦਾ ਇਨਸਾਫ ਅਤੇ ਸੰਘਰਸ਼ੀ 1158 ਸਹਾਇਕ ਪ੍ਰੋਫੈਸਰਾਂ ਨਾਲ ਗੱਲਬਾਤ ਕਰਕੇ ਮਸਲੇ ਦਾ ਵਾਜਿਬ ਹੱਲ ਕੱਢਣ ਦੀ ਮੰਗ ਵੀ ਕੀਤੀ ਹੈ। ਇਸ ਦੇ ਨਾਲ ਬੇਰੁਜ਼ਗਾਰਾਂ ਨੂੰ ਖ਼ੁਦਕੁਸ਼ੀ ਦੀ ਥਾਂ ਸੰਘਰਸ਼ ਨੂੰ ਵਿਸ਼ਾਲ ਅਤੇ ਤਿੱਖਾ ਕਰਨ ਦਾ ਸੱਦਾ ਦਿੱਤਾ ਹੈ। ਇਸ ਸਮੇਂ ਕੰਪਿਊਟਰ ਟੀਚਰ ਯੂਨੀਅਨ ਦੇ ਜੋਨੀ ਸਿੰਗਲਾ, ਈ ਟੀ ਟੀ ਯੂਨੀਅਨ ਦੇ ਦਵਿੰਦਰ ਦਿੱਖ, ਪੀ ਐਸ ਯੂ ਦੇ ਰਜਿੰਦਰ ਢਿੱਲਵਾਂ, ਸਿੱਖਿਆ ਪ੍ਰੋਵਾਇਡਰ ਬਲਜਿੰਦਰ ਸਿੰਘ, ਪੀ ਐਸ ਐਮ ਐਸ ਯੂ ਦੇ ਬਲਵੀਰ ਸਿੰਘ ਮਲੂਕਾ, ਲਾਲ ਸਿੰਘ ਰੱਲਾ, ਪੈਨਸ਼ਨਰ ਐਸੋਸੀਏਸ਼ਨ ਦੇ ਰਣਜੀਤ ਸਿੰਘ, ਸੁਨੀਲ ਕੁਮਾਰ, ਅਮਰਦੀਪ, ਨਰਿੰਦਰ ਸਿੰਘ,ਅਮਨ ਸਿੱਧੂ, ਡੀ ਐੱਮ ਐੱਫ ਦੇ ਸਿਕੰਦਰ ਧਾਲੀਵਾਲ ਅੰਮ੍ਰਿਤਪਾਲ ਸਿੰਘ, ਰਵਿੰਦਰ ਭੱਟੀ ਆਦਿ ਹਾਜ਼ਰ ਸਨ।

66 Views