ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਨਵੀਂ ਦੁਸਿਹਰਾ ਕਮੇਟੀ ਨੂੰ ਦਿੱਤੀ ਗਈ ਇਜਾਜ਼ਤ ਦੇ ਨਾਲ ਦੁਸਿਹਰਾ ਹੋਇਆ ਆਰੰਭ

ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਨਵੀਂ ਦੁਸਿਹਰਾ ਕਮੇਟੀ ਨੂੰ ਦਿੱਤੀ ਗਈ ਇਜਾਜ਼ਤ ਦੇ ਨਾਲ ਦੁਸਿਹਰਾ ਹੋਇਆ ਆਰੰਭ

 

ਕਾਲਾ ਸੰਘਿਆਂ, 15 ਅਕਤੂਬਰ (ਮਨਜੀਤ ਮਾਨ)

 

-ਜਿਲ੍ਹਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਕਾਲਾ ਸੰਘਿਆਂ ਵਿਖੇ ਦੁਸਹਿਰਾ ਮਨਾਉਣ ਦੇ ਪ੍ਰਬੰਧਾਂ ਨੂੰ ਲੈਕੇ 2 ਵੱਖ-ਵੱਖ ਕਮੇਟੀਆਂ ਦੇ ਮਾਮਲੇ ਵਿੱਚ ਸਹਿਮਤੀ ਬਣਾਉਣ ਵਿੱਚ ਸਫ਼ਲ ਨਹੀਂ ਹੋ ਸਕਿਆ,ਜਿਸ ਉਪਰੰਤ ਕਥਿਤ ਤੌਰ ਉੱਤੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੀ ਹਮਾਇਤ ਨਾਲ ਡਾ.ਬਲਰਾਮ ਸ਼ਰਮਾ ਉਰਫ਼ ਡਾਕਟਰ ਕਿੰਦੀ ਦੀ ਅਗਵਾਈ ਵਿੱਚ ਹੌਂਦ ਵਿਚ ਆਈ ਨਵੀਂ ਦੁਸਹਿਰਾ ਕਮੇਟੀ ਆਲਮਗੀਰ, ਕਾਲਾ ਸੰਘਿਆਂ ਨੂੰ ਪ੍ਰਬੰਧਕੀ ਇਜਾਜ਼ਤ ਮਿਲ ਜਾਣ ਨਾਲ ਦੁਸਹਿਰੇ ਦੀ ਅੱਜ ਮੱਸਿਆ ਵਾਲੇ ਦਿਨ ਤੋਂ ਬਾਕਾਇਦਾ ਪੁਲਿਸ ਸੁਰੱਖਿਆ ਹੇਠ ਆਰੰਭਤਾ ਹੋ ਗਈ ਹੈ।

 

ਵਰਣਨਯੋਗ ਹੈ ਕਿ ਮੰਦਿਰ ਠਾਕੁਰ ਦੁਆਰਾ ਪ੍ਰਬੰਧਕ ਕਮੇਟੀ (ਰਜਿ.) ਵੱਲੋਂ ਪ੍ਰਧਾਨ ਕੁਲਦੀਪ ਕੁਮਾਰ ਚੱਢਾ ਦੀ ਅਗਵਾਈ ਵਿੱਚ ਲੰਬੇ ਅਰਸੇ ਤੋਂ ਦੁਸਹਿਰੇ ਦੇ ਪ੍ਰਬੰਧ ਪਿੰਡ ਦੀਆਂ ਦੋਹਾਂ ਪੰਚਾਇਤਾਂ,ਨਗਰ ਨਿਵਾਸੀਆਂ ਤੇ ਐਨ. ਆਰ.ਆਈਜ਼ ਦੇ ਸਹਿਯੋਗ ਨਾਲ ਕੀਤੇ ਜਾਂਦੇ ਰਹੇ ਹਨ ਤੇ ਇਸ ਵਾਰ ਵੀ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਆਗਿਆ ਮੰਗੀ ਸੀ , ਪਰ ਸੱਤਾਧਾਰੀ ਧਿਰ ਤੇ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ ਦੀ ਹਮਾਇਤ ਪ੍ਰਾਪਤ ਨਵੀਂ ਕਮੇਟੀ ਬਣਾ ਕੇ ਇਜਾਜ਼ਤ ਮੰਗੇ ਜਾਣ ਕਾਰਨ ਕਾਰਨ ਦੋਹਾਂ ਕਮੇਟੀਆਂ ਦਰਮਿਆਨ ਰੇੜਕਾ ਪੈਦਾ ਹੋ ਗਿਆ। ਦੋਹਾਂ ਕਮੇਟੀਆਂ ਦੇ ਸਾਂਝੇ ਮੈਂਬਰਾਂ ਵਾਲਾ ਫ਼ਾਰਮੂਲਾ ਵੀ ਸਿਰੇ ਨਾ ਚੜ੍ਹ ਸਕਿਆ, ਜਿਸ ਉਪਰੰਤ ਸ੍ਰੀ ਲਾਲ ਵਿਸ਼ਵਾਸ ਬੈਂਸ ਐਸ.

 

ਡੀ. ਐਮ. ਕਪੂਰਥਲਾ ਵੱਲੋਂ ਡਾ. ਬਲਰਾਮ ਦੀ ਅਗਵਾਈ ਵਾਲੀ ਨਵੀਂ ਕਮੇਟੀ ਨੂੰ ਇਜਾਜ਼ਤ ਪ੍ਰਦਾਨ ਕਰ ਦਿੱਤੀ ਗਈ।

 

ਨਵੀਂ ਕਮੇਟੀ ਦੇ ਬੁਲਾਰੇ ਕੁਲਦੀਪ ਕੁਮਾਰ ਲੂੰਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਸਹਿਰਾ ਕਮੇਟੀ ਆਲਮਗੀਰ, ਕਾਲਾ ਸੰਘਿਆਂ ਵੱਲੋਂ ਮਾਤਾ ਮੰਦਿਰ ਆਲਮਗੀਰ, ਕਾਲਾ ਸੰਘਿਆਂ ਤੋਂ ਦੁਸਹਿਰੇ ਦੀ ਬਾਕਾਇਦਾ ਆਰੰਭਤਾ ਕਰ ਦਿੱਤੀ ਗਈ ਹੈ, ਜਿਸ ਦੌਰਾਨ ਅੱਜ ਪਲੇਠੇ ਦਿਨ ਰਾਵਣ ਵੱਲੋਂ ਕਾਲ ਪਾਸੋਂ ਭਿੱਖਿਆ ਮੰਗਵਾਉਣ ਦੀ ਝਾਕੀ ਪਿੰਡ ਵਿੱਚ ਕੱਢੀ ਗਈ ਤੇ ਬਾਜ਼ਾਰ ਦੀਆਂ ਦੁਕਾਨਾਂ ਤੇ ਘਰਾਂ ਵਿੱਚੋਂ ਕਾਲ ਵੱਲੋਂ ਭਿੱਖਿਆ ਇਕੱਤਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੀਤਾ ਸਵੰਬਰ 20 ਅਕਤੂਬਰ ਨੂੰ ਰਚਿਆ ਜਾਵੇਗਾ ਤੇ 24 ਅਕਤੂਬਰ ਨੂੰ ਦੁਸਹਿਰਾ ਪਿੰਡ ਦੇ ਖੇਡ ਸਟੇਡੀਅਮ ਵਿੱਚ ਧੂਮਧਾਮ ਤੇ ਰਵਾਇਤੀ ਸ਼ਰਧਾ ਦੇ ਨਾਲ ਮਨਾਇਆ ਜਾਵੇਗਾ। ਸਥਾਨਿਕ ਪੁਲਿਸ ਚੌਂਕੀ ਦੇ ਇੰਚਾਰਜ ਪਾਲ ਸਿੰਘ ਸਿੱਧੂ ਤੇ ਏ ਐਸ ਆਈ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ।

 

ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਕਮੇਟੀ ਦੇ ਪ੍ਰਧਾਨ ਡਾ. ਬਲਰਾਮ ਸ਼ਰਮਾ ਉਰਫ਼ ਡਾਕਟਰ ਕੁੰਦੀ, ਮੀਤ ਪ੍ਰਧਾਨ ਡਾ. ਵੇਦ ਪ੍ਰਕਾਸ਼, ਸੈਕਟਰੀ ਕੁਲਦੀਪ ਕੁਮਾਰ ਲੂੰਬਾ, ਆਮ ਆਦਮੀ ਪਾਰਟੀ ਦੇ ਆਗੂ ਨਰਿੰਦਰ ਸਿੰਘ ਸੰਘਾ ਤੇ ਸਰਵਣ ਸਿੰਘ ਸੰਘਾ, ਸਤੀਸ਼ ਕੁਮਾਰ ਘੋਨਾ, ਮਨਿੰਦਰਪਾਲ ਸਿੰਘ, ਬੂਟਾ ਬਲਾਕ ਸੰਮਤੀ ਮੈਂਬਰ, ਰਿੱਕੀ ਸਰਨਾ, ਪਵਿੱਤਰ ਸਿੰਘ ਪਿੱਤਾ, ਸੁਰਿੰਦਰ ਸਿੰਘ ਬਿੱਲਾ ਸਾਬਕਾ ਪੰਚ ਤੇ ਕਮਲ ਕੁਮਾਰ ਆਦਿ ਹਾਜ਼ਰ ਸਨ।

110 Views