ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਮਨਾਇਆ ਵਿਸ਼ਵ ਓਜ਼ੋਨ ਪਰਤ ਸੁਰੱਖਿਆ ਦਿਵਸ
ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਮਨਾਇਆ ਵਿਸ਼ਵ ਓਜ਼ੋਨ ਪਰਤ ਸੁਰੱਖਿਆ ਦਿਵਸ
ਓਜ਼ੋਨ ਪਰਤ ਦੇ ਘਟਣ ਨਾਲ ਖਤਰੇ ‘ਚ ਪੈ ਰਹੀ ਜ਼ਿੰਦਗੀ : ਰਘਬੋਤਰਾ
ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਸਥਾਨਕ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਵਿਸ਼ਵ ਓਜ਼ੋਨ ਪਰਤ ਬਚਾਓ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਰਿਟਾ. ਆਬਕਾਰੀ ਅਧਿਕਾਰੀ ਅਤੇ ਲੇਖਕ ਰਵਿੰਦਰ ਚੋਟ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਉਨ੍ਹਾਂ ਸ਼ਮਾਂ ਰੌਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ। ਇਸ ਦੌਰਾਨ ਮਲਕੀਅਤ ਸਿੰਘ ਰਘਬੋਤਰਾ ਨੇ ਓਜ਼ੋਨ ਪਰਤ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਸ ਪਰਤ ਦੇ ਕਮਜ਼ੋਰ ਹੋਣ ਨਾਲ ਮਨੁੱਖੀ ਸਰੀਰ ’ਤੇ ਕਈ ਮਾੜੇ ਪ੍ਰਭਾਵ ਪੈ ਰਹੇ ਹਨ ਕਿਉਂਕਿ ਇਹ ਓਜ਼ੋਨ ਪਰਤ ਸੂਰਜ ਤੋਂ ਨਿਕਲਣ ਵਾਲੀਆਂ ਹਾਨੀਕਾਰਕ ਅਲਟਰਾਵਾਇਲਟ ਕਿਰਨਾਂ ਨੂੰ ਰੋਕਣ ਦਾ ਕੰਮ ਕਰਦੀ ਹੈ। ਜੇਕਰ ਓਜ਼ੋਨ ਪਰਤ ਗਾਇਬ ਹੋ ਜਾਵੇਗੀ ਤਾਂ ਜੀਵ ਜੰਤੂ ਅਤੇ ਮਨੁੱਖੀ ਸਰੀਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਨਸ਼ਟ ਹੋ ਜਾਣਗੇ। ਸਮਾਗਮ ਦੇ ਮੁੱਖ ਬੁਲਾਰੇ ਅਤੇ ਨੈਸ਼ਨਲ ਐਵਾਰਡੀ ਮਾਸਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਡੀ ਸਪੇਸ ਵਿੱਚ ਓਜ਼ੋਨ ਪਰਤ ਕੀ ਹੈ ਅਤੇ ਇਸ ਵਿੱਚ ਛੇਕ ਸਾਡੇ ਵਾਤਾਵਰਣ ਉੱਤੇ ਕੀ ਮਾੜਾ ਪ੍ਰਭਾਵ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਗੈਸਾਂ ਦੇ ਉਤਪਾਦਨ ਨੂੰ ਰੋਕਣਾ ਹੋਵੇਗਾ ਜੋ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਉਨ੍ਹਾਂ ਸੁਗੰਧਿਤ ਸਪਰੇਅ, ਏ.ਸੀ., ਫਰਿੱਜ ਆਦਿ ਦੀ ਸੰਜਮ ਨਾਲ ਵਰਤੋਂ ਕਰਨ ਦਾ ਸੱਦਾ ਵੀ ਦਿੱਤਾ। ਮਾਲਤੀ ਗਿਆਨਪੀਠ ਪੁਰਸਕਾਰ ਜੇਤੂ ਮਾਸਟਰ ਵਰਿੰਦਰ ਸ਼ਰਮਾ ਨੇ ਓਜ਼ੋਨ ਪਰਤ ਨੂੰ ਬਚਾਉਣ ਲਈ ਰੁੱਖ ਲਗਾ ਕੇ ਵੱਧ ਤੋਂ ਵੱਧ ਆਕਸੀਜਨ ਪੈਦਾ ਕਰਨ ਅਤੇ ਗਲੋਬਲ ਵਾਰਮਿੰਗ ਨੂੰ ਘਟਾਉਣ ਦਾ ਸੁਝਾਅ ਦਿੱਤਾ। ਸਮਾਗਮ ਦੌਰਾਨ ਪ੍ਰਿੰਸੀਪਲ ਰਣਜੀਤ ਗੋਗਨਾ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀ.ਸੈ. ਸਕੂਲ (ਲੜਕੇ) ਦੇ ਵਿਦਿਆਰਥੀਆਂ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ ਅਤੇ ਸਾਦਾ ਜੀਵਨ ਜਿਊਣ ਅਤੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਪ੍ਰਣ ਲਿਆ। ਇਸ ਮੌਕੇ ਮੋਹਨ ਲਾਲ ਤਨੇਜਾ, ਸੁਧਾ ਬੇਦੀ, ਵਿਸ਼ਵਾਮਿੱਤਰ ਸ਼ਰਮਾ, ਰੂਪ ਲਾਲ, ਗੁਲਾਬ ਸਿੰਘ ਠਾਕੁਰ, ਅਮਰਜੀਤ ਸਿੰਘ ਢਿੱਲੋਂ, ਐੱਸ.ਸੀ. ਚਾਵਲਾ, ਤਾਰਾ ਚੰਦ ਚੁੰਬਰ, ਮਾਸਟਰ ਵਰੁਣ ਵੋਹਰਾ, ਸੰਤੋਖ ਲਾਲ ਬੱਗਾ ਤੋਂ ਇਲਾਵਾ ਸੂਡਾਨ ਤੋਂ ਸਿੱਖਿਆ ਗ੍ਰਹਿਣ ਕਰਨ ਆਏ ਐਲ.ਪੀ.ਯੂ ਦੇ ਵਿਦਿਆਰਥੀ ਹਾਜ਼ਰ ਸਨ

