ਈ ਟੀ ਓ ਵੱਲੋਂ ਮਹਿਤਾ ਵਿਚ 1.30 ਕਰੋੜ ਰੁਪਏ ਦੀ ਲਾਗਤ ਦੇ ਕੰਮਾਂ ਦੀ ਸ਼ੁਰੂਆਤ

ਈ ਟੀ ਓ ਵੱਲੋਂ ਮਹਿਤਾ ਵਿਚ 1.30 ਕਰੋੜ ਰੁਪਏ ਦੀ ਲਾਗਤ ਦੇ ਕੰਮਾਂ ਦੀ ਸ਼ੁਰੂਆਤ
ਪਿੰਡ ਦੀ ਸੰਪਰਕ ਸੜਕ ਅਤੇ ਮਾਰੀਕਟ ਕਮੇਟੀ ਦਫਤਰ ਮਹਿਤਾ ਦੀ ਨਵੀਂ ਇਮਾਰਤ ਦਾ ਰੱਖਿਆ ਨੀਂਹ ਪੱਥਰ
ਅੰਮ੍ਰਿਤਸਰ ਸਾਹਿਬ: ਜੀਵਨ ਸ਼ਰਮਾ/ਵਿਕਰਮਜੀਤ ਸਿੰਘ
ਲੋਕ ਨਿਰਮਾਣ ਮੰਤਰੀ ਪੰਜਾਬ ਸ. ਹਰਭਜਨ ਸਿੰਘ ਈ ਟੀ ਓ ਨੇ ਅੱਜ ਜੰਡਿਆਲਾ ਗੁਰੂ ਹਲਕੇ ਦੇ ਇਤਿਹਾਸਕ ਕਸਬੇ ਮਹਿਤਾ ਵਿਚ 1.30 ਕਰੋੜ ਰੁਪਏ ਦੀ ਲਾਗਤ ਦੇ ਕੰਮਾਂ ਦੀ ਸ਼ੁਰੂਆਤ ਨੀਂਹ ਪੱਥਰ ਰੱਖਕੇ ਕੀਤੀ। ਇਸ ਵਿਚ ਮਹਿਤਾ-ਅੰਮ੍ਰਿਤਸਰ ਸੜਕ ਤੋਂ ਮਹਿਤਾ ਪਿੰਡ ਨੂੰ ਜਾਂਦੀ ਲਿੰਕ ਰੋਡ ਨੂੰ 10 ਤੋਂ 18 ਫੁੱਟ ਚੌੜਾ ਕਰਨਾ ਅਤੇ ਮਹਿਤਾ ਵਿਖੇ ਮਾਰਕੀਟ ਕਮੇਟੀ ਦਫਤਰ ਦੀ ਇਮਾਰਤ ਸ਼ਾਮਿਲ ਹਨ। ਇਸ ਮੌਕੇ ਨਗਰ ਵਾਸੀਆਂ ਨਾਲ ਗੱਲਬਾਤ ਕਰਦੇ ਸ. ਹਰਭਜਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲਿੰਕ ਸੜਕਾਂ ਦੀ ਚੌੜਾਈ 18 ਫੁੱਟ ਕਰਨ ਜਾ ਰਹੀ ਹੈ, ਜਿਸ ਤਹਿਤ ਮਹਿਤਾ ਪਿੰਡ ਦੀ ਸੜਕ ਜੋ ਕਿ 10 ਫੁੱਟ ਚੌੜੀ ਅਤੇ ਇਕ ਕਿਲੋਮੀਟਰ ਲੰਮੀ ਹੈ, ਨੂੰ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਚੌੜਾ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਮਹਿਤਾ, ਉਦੋਨੰਗਲ, ਨੰਗਲੀ, ਖੱਬੇ ਰਾਜਪੂਤਾਂ ਆਦਿ ਪਿੰਡਾਂ ਨੂੰ ਜਾਣ ਲਈ ਵੱਡੀ ਰਾਹਤ ਮਿਲੇਗੀ। ਉਨਾਂ ਕਿਹਾ ਕਿ ਮਹਿਤਾ ਵਾਸੀਆਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਮਹਿਤਾ ਅੱਡੇ ਦੇ ਨਾਲ ਬਾਜ਼ਾਰ ਵਾਲੇ ਹਿੱਸੇ ਵਿਚ ਇੰਟਰਲਾਕ ਟਾਇਲਾਂ ਲਗਾਈਆਂ ਜਾਣਗੀਆਂ ਤਾਂ ਜੋ ਮੀਂਹ ਦਾ ਪਾਣੀ ਸੜਕ ਦੇ ਹਿੱਸੇ ਨੂੰ ਨੁਕਸਾਨ ਨਾ ਪਹੁੰਚਾਵੇ। ਉਨਾਂ ਕੰਮ ਦੀ ਗੁਣਵੱਤਾ ਅਤੇ ਸਮਾਂ ਸੀਮਾ ਦਾ ਖਾਸ ਧਿਆਨ ਰੱਖਣ ਦੀ ਹਦਾਇਤ ਕਰਦੇ ਕਿਹਾ ਕਿ ਸਾਡੀ ਸਰਕਾਰ ਭਿ੍ਰਸ਼ਟਾਚਾਰ ਨੂੰ ਖਤਮ ਕਰਨ ਦੇ ਇਰਾਦੇ ਨਾਲ ਸੱਤਾ ਵਿਚ ਆਈ ਹੈ ਅਤੇ ਮੁੱਖ ਮੰਤਰੀ ਦੀ ਅਗਵਾਈ ਹੇਠ ਇਸ ਖਿਲਾਫ ਵਿਆਪਕ ਮੁਹਿੰਮ ਵਿੱਢੀ ਗਈ ਹੈ, ਸੋ ਕੰਮ ਨੂੰ ਮਿੱਥੀ ਕੁਆਲਟੀ ਅਨੁਸਾਰ ਨਾ ਕਰਨਾ ਵੀ ਭ੍ਰਿਸ਼ਟਾਚਾਰ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗਾ।
ਮਾਰਕੀਟ ਕਮੇਟੀ ਮਹਿਤਾ ਦੀ ਨਵੀਂ ਬਣਨ ਵਾਲੀ ਇਮਾਰਤ ਦਾ ਨੀਂਹ ਪੱਥਰ ਰੱਖਦੇ ਸ. ਹਰਭਜਨ ਸਿੰਘ ਨੇ ਕਿਹਾ ਕਿ ਅਜੇ ਤੱਕ ਇਹ ਦਫਤਰ ਕਿਰਾਏ ਦੀ ਇਮਾਰਤ ਵਿਚ ਚੱਲ ਰਿਹਾ ਸੀ ਅਤੇ ਹੁਣ ਸਾਡੀ ਸਰਕਾਰ ਨੇ ਕਿਸਾਨਾਂ, ਆੜਤੀਆਂ, ਖਰੀਦ ਏਜੰਸੀਆਂ, ਪੱਲੇਦਾਰਾਂ ਤੇ ਹੋਰ ਕਾਮਿਆਂ ਦੀ ਸਹੂਲਤ ਨੂੰ ਵੇਖਦੇ ਹੋਏ ਵਧੀਆ ਇਮਾਰਤ ਬਨਾਉਣ ਦਾ ਬੀੜਾ ਵਿੱਢਿਆ ਹੈ, ਜਿਸ ਉਤੇ ਕਰੀਬ 90 ਲੱਖ ਰੁਪਏ ਦੀ ਲਾਗਤ ਆਵੇਗੀ। ਉਨਾਂ ਕਿਹਾ ਕਿ ਇਹ ਕੰਮ 6 ਮਹੀਨਿਆਂ ਵਿਚ ਪੂਰਾ ਕਰ ਲਿਆ ਜਾਵੇਗਾ।
ਇਸ ਮੌਕੇ ਚੇਅਰਮੈਨ ਸ. ਗੁਰਵਿੰਦਰ ਸਿੰਘ ਰੰਧਾਵਾ, ਚੇਅਰਮੈਨ ਗਹਿਰੀ ਮੰਡੀ ਸ਼ਨਾਖ ਸਿੰਘ, ਐਸ:ਡੀ:ਐਮ ਬਾਬਾ ਬਕਾਲਾ ਸ੍ਰੀਮਤੀ ਅਲਕਾ ਕਾਲੀਆ, ਸ੍ਰ ਸੁਖਦੇਵ ਸਿੰਘ ਸਰਪੰਚ, ਰਾਣਾ ਸ਼ਾਹ ਧਰਦਿਓ, ਬਲਜੀਤ ਸੈਦੋਕੇ, ਐਕਸੀਅਨ ਇੰਦਰਜੀਤ ਸਿੰਘ, ਸ੍ਰ ਸਤਿੰਦਰ ਸਿੰਘ, ਸ੍ਰ ਸੁਖਵਿੰਦਰ ਸਿੰਘ, ਸੈਕਟਰੀ ਰਾਕੇਸ਼ ਭਾਟੀਆ, ਐਸ ਡੀ ਓ ਰਵੇਲ ਸਿੰਘ, ਐਕਸੀਅਨ ਇੰਦਰਜੀਤ ਸਿੰਘ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।

70 Views