ਜੰਗਲਾਂ ਤੇ ਮੈਦਾਨੀ ਇਲਾਕਿਆਂ ’ਚ ਦਰਖ਼ਤਾਂ ਦੀ ਬੇਸ਼ੁਮਾਰ ਕਟਾਈ ਬਣ ਰਹੀ ਹੈ ਹੜ੍ਹਾਂ ਦਾ ਕਾਰਨ – ਐਸ.ਐਚ.ਓ. ਸਦਰ

ਜੰਗਲਾਂ ਤੇ ਮੈਦਾਨੀ ਇਲਾਕਿਆਂ ’ਚ ਦਰਖ਼ਤਾਂ ਦੀ ਬੇਸ਼ੁਮਾਰ ਕਟਾਈ ਬਣ ਰਹੀ ਹੈ ਹੜ੍ਹਾਂ ਦਾ ਕਾਰਨ – ਐਸ.ਐਚ.ਓ. ਸਦਰ

ਸਰਬ ਨੌਜਵਾਨ ਸਭਾ ਨੇ ਗੁਰੂ ਹਰਗੋਬਿੰਦ ਨਗਰ ‘ਚ ਲਗਾਏ 200 ਬੂਟੇ

ਫਗਵਾੜਾ ( ਡਾ ਰਮਨ ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਆਪਣੀ ਲੜੀਵਾਰ ਮੁਹਿਮ ‘ਆਓ ਸਾਰੇ ਬੂਟੇ ਲਾਈਏ, ਜਿੰਨੇ ਲਾਈਏ ਓਨੇ ਬਚਾਈਏ’ ਤਹਿਤ ਅੱਜ ਸਥਾਨਕ ਗੁਰੂ ਹਰਗੋਬਿੰਦ ਨਗਰ ਸਥਿਤ ਪਾਰਕ ਤੋਂ ਬੂਟੇ ਲਗਾਉਣ ਦੀ ਮੁਹਿਮ ਸ਼ੁਰੂ ਕੀਤੀ ਗਈ। ਇਸ ਦੌਰਾਨ ਸਭਾ ਵਲੋਂ ਪਾਰਕ ਅਤੇ ਆਲੇ-ਦੁਆਲੇ ਕਰੀਬ 200 ਫੁਲਦਾਰ ਤੇ ਛਾਂਅਦਾਰ ਬੂਟੇ ਲਗਾਏ ਗਏ। ਬੂਟੇ ਲਗਾਉਣ ਦੀ ਸ਼ੁਰੂਆਤ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸੁਰਜੀਤ ਸਿੰਘ ਪੱਡਾ ਐਸ.ਐਚ.ਓ. ਥਾਣਾ ਸਦਰ ਫਗਵਾੜਾ ਨੇ ਕਰਵਾਈ। ਉਹਨਾਂ ਕਿਹਾ ਕਿ ਕਿ ਧਰਤੀ ਤੋਂ ਦਰਖਤ ਘੱਟ ਹੋ ਰਹੇ ਹਨ, ਸਿੱਟੇ ਵਜੋਂ ਮੌਸਮ ਵਿੱਚ ਤਬਦੀਲੀ ਹੋ ਰਹੀ ਹੈ। ਜਿਸ ਕਾਰਨ ਹਰਿਆਲੀ ਖ਼ਤਮ ਹੋ ਰਹੀ ਹੈ, ਮੌਸਮ ਵਿੱਚ ਬਦਲਾਅ ਹੋ ਰਿਹਾ ਹੈ। ਮੌਜੂਦਾ ਦੌਰ ’ਚ ਜੰਗਲਾਂ ’ਚੋਂ ਅਤੇ ਮੈਦਾਨਾਂ ’ਚੋਂ ਦਰਖ਼ਤਾਂ ਦੀ ਕਟਾਈ ਮੁੱਖ ਤੌਰ ’ਤੇ ਹੜ੍ਹਾਂ ਦਾ ਕਾਰਨ ਬਣ ਰਹੀ ਹੈ। ਉਹਨਾ ਕਿਹਾ ਕਿ ਇਸ ਵੇਲੇ ਵਧ ਤੋਂ ਵਧ ਦਰਖਤ ਲਾਉਣ ਦੀ ਲੋੜ ਹੈ। ਇਸ ਲਈ ਸਰਕਾਰੀ ਯਤਨਾਂ ਦੇ ਨਾਲ ਗੈਰ ਸਰਕਾਰੀ ਸੰਸਥਾਵਾਂ ਨੂੰ ਵਧ ਕੰਮ ਕਰਨ ਦੀ ਲੋੜ ਹੈ। ਉਹਨਾ ਨੇ ਸਰਬ ਨੌਜਵਾਨ ਸਭਾ ਵਲੋਂ ਪਾਰਕਾਂ ਵਿੱਚ ਫੁਲਦਾਰ ਅਤੇ ਫਲਦਾਰ ਬੂਟੇ ਲਗਾਉਣ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸਭਾ ਦੇ ਸਲਾਹਕਾਰ ਬੋਰਡ ਦੇ ਮੈਂਬਰ ਅਵਤਾਰ ਸਿੰਘ ਮੰਡ ਨੇ ਕਿਹਾ ਕਿ ਪੰਜਾਬ ’ਚ ਜੰਗਲ ਖੇਤਰ ਲਗਾਤਾਰ ਘੱਟ ਰਿਹਾ ਹੈ, ਜਿਸ ਨੂੰ ਵਧਾਉਣ ਲਈ ਪੰਜਾਬੀਆਂ ਨੂੰ ਇੱਕ ਚੈਲਿੰਜ ਵਜੋਂ ਕੰਮ ਕਰਨ ਦੀ ਲੋੜ ਹੈ। ਉਹਨਾ ਕਿਹਾ ਕਿ ਦਰਖ਼ਤ ਲਗਾਏ ਹੀ ਨਹੀਂ ਜਾਣੇ ਚਾਹੀਦੇ ਸਗੋਂ ਬਚਾਏ ਵੀ ਜਾਣੇ ਚਾਹੀਦੇ ਹਨ। ਮੌਜੂਦਾ ਮੌਸਮੀ ਤਪਿਸ਼, ਧਰਤੀ ਦੇ ਖੋਰੇ ਤੋਂ ਬਚਾਅ ਲਈ ਇਕੋ ਇੱਕ ਬਚਾਅ ਦਰਖਤ ਲਗਾਉਣਾ ਹੈ। ਸਮਾਗਮ ਦੌਰਾਨ ਮੋਜੂਦ ਰਹੇ ਆਮ ਆਦਮੀ ਪਾਰਟੀ ਆਗੂ ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਦੁਆਬਾ ਖੇਤਰ ਵਿੱਚ ਅੰਬ, ਜਾਮੁਨ, ਟਾਹਲੀਆਂ, ਸ਼ਹਿਤੂਤ, ਕਿਕਰਾਂ, ਬੋਹੜ, ਪਿੱਪਲ ਦੇ ਦਰਖਤ ਲਗਾਉਣਾ ਅਤਿਅੰਤ ਜ਼ਰੂਰੀ ਹੈ, ਕਿਉਂਕਿ ਇਹ ਦਰਖਤ ਇਸ ਖਿੱਤੇ ਦੇ ਅਨੁਕੂਲ ਹਨ। ਇਹਨਾ ਦਰਖਤਾਂ ਕਾਰਨ ਹੀ ਦੋ ਦਰਿਆਵਾਂ ਦੀ ਧਰਤੀ ਹਰੀ ਭਰੀ, ਖੁਸ਼ਹਾਲ ਅਤੇ ਉਪਜਾਊ ਰਹੀ ਹੈ। ਉਹਨਾ ਕਿਹਾ ਕਿ ਪੰਜਾਬ ’ਚ ਅਤੇ ਦੇਸ਼ ਵਿੱਚ ਦਰਖਤਾਂ ਦੀ ਕਮੀ ਪੂਰੀ ਕਰਨ ਵਿੱਚ ਸਰਕਾਰੀ, ਗੈਰ ਸਰਕਾਰੀ ਮੁਹਿੰਮ ਚਲਾਉਣ ਦੀ ਲੋੜ ਹੈ। ਉਹਨਾ ਚਿਪਕੋ ਵਰਗੀ ਮੂਵਮੈਂਟ ਦੇਸ਼ ਦੇ ਜੰਗਲੀ ਖੇਤਰ ’ਚ ਚਲਾਉਣ ਦੀ ਲੋੜ ’ਤੇ ਜ਼ੋਰ ਦਿੱਤਾ, ਕਿਉਂਕਿ ਜੰਗਲਾਂ ਦੀ ਕਟਾਈ ਦੇਸ਼ ਦੇ ਮੌਸਮ ਉਤੇ ਮਾਰੂ ਅਸਰ ਪਾ ਰਹੀ ਹੈ। ਸਭਾ ਵਲੋਂ ਮੁੱਖ ਮਹਿਮਾਨ ਐਸ.ਐਚ.ਓ. ਸਦਰ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਅਖੀਰ ਵਿਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰ: ਗੁਰਮੀਤ ਸਿੰਘ ਪਲਾਹੀ, ਅਸ਼ੋਕ ਡੀਲੈਕਸ, ਮਨਦੀਪ ਬੱਸੀ, ਰਵਿੰਦਰ ਸਿੰਘ ਰਾਏ, ਨਰਿੰਦਰ ਸੈਣੀ, ਜਸ਼ਨ ਮਹਿਰਾ, ਰਾਜ ਕੁਮਾਰ ਕਨੌਜੀਆ, ਰਮਨ ਨਹਿਰਾ, ਰਕੇਸ਼ ਕੋਛੜ ਆਦਿ ਹਾਜ਼ਰ ਸਨ

133 Views