ਕਮਲਾ ਨਹਿਰੂ ਕਾਲਜ ਵਿੱਚ ਸਵਾਮੀ ਦਯਾਨੰਦ ਸਰਸਵਤੀ ਜੀ ਦੀ ਦੂਜੀ ਜਨਮ ਸ਼ਤਾਬਦੀ ਮਨਾਈ ਗਈ
ਕਮਲਾ ਨਹਿਰੂ ਕਾਲਜ ਵਿੱਚ ਸਵਾਮੀ ਦਯਾਨੰਦ ਸਰਸਵਤੀ ਜੀ ਦੀ ਦੂਜੀ ਜਨਮ ਸ਼ਤਾਬਦੀ ਮਨਾਈ ਗਈ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸਥਾਨਕ ਕਮਲਾ ਨਹਿਰੂ ਕਾਲਜ ਫਾਰ ਵੁਮੈਨ ਦੇ ਇਤਿਹਾਸ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਸਵਿੰਦਰ ਪਾਲ ਦੀ ਯੋਗ ਅਗਵਾਈ ਹੇਠ ਆਰੀਆ ਸਮਾਜ ਦੇ ਸੰਸਥਾਪਕ ਅਤੇ ਵੇਦਾਂ ਵੱਲ ਪਰਤਣ ਦਾ ਸੰਦੇਸ਼ ਦੇਣ ਵਾਲੀ ਮਹਾਨ ਆਤਮਾ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ ਦੂਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੀਏ ਦੂਜੇ ਸਮੈਸਟਰ ਦੀ ਵਿਦਿਆਰਥਣ ਪ੍ਰਭਲੀਨ ਕੌਰ ਨੇ ਦਯਾਨੰਦ ਸਰਸਵਤੀ ਦੇ ਸਮਾਜਿਕ ਯੋਗਦਾਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸਵਾਮੀ ਜੀ ਨੇ ਸਨਾਤਨ ਧਰਮ ਦੇ ਮੂਲ ਸਿਧਾਂਤਾਂ ਨੂੰ ਬਹਾਲ ਕਰਕੇ ਅੰਧ-ਵਿਸ਼ਵਾਸਾਂ,ਬੁਰਾਈਆਂ ਅਤੇ ਜਾਤ-ਪਾਤ ਦਾ ਵਿਰੋਧ ਕੀਤਾ। ਉਨ੍ਹਾਂ ਨੇ ਔਰਤਾਂ ਦੇ ਵਿਕਾਸ ਅਤੇ ਸਿੱਖਿਆ ‘ਤੇ ਜ਼ੋਰ ਦਿੱਤਾ ਅਤੇ ਭਾਰਤੀ ਸਮਾਜ ਵਿੱਚ ਸਮਾਜਿਕ ਜਾਗਰੂਕਤਾ ਫੈਲਾਈ। ਬੀਏ ਦੂਜਾ ਸਮੈਸਟਰ ਦੀ ਵਿਦਿਆਰਥਣ ਸ਼ਿਵਾਨੀ ਨੇ ਦਯਾਨੰਦ ਜੀ ਦੇ ਜੀਵਨ ਨੂੰ ਦਰਸਾਉਂਦੀ ਕਵਿਤਾ ਪੇਸ਼ ਕੀਤੀ।
ਪ੍ਰਿੰਸੀਪਲ ਡਾ: ਸਵਿੰਦਰਪਾਲ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਵਾਮੀ ਦਯਾਨੰਦ ਸਰਸਵਤੀ ਜੀ ਇੱਕ ਮਹਾਨ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਭਾਰਤੀ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦੇ ਵਿਚਾਰ ਅੱਜ ਵੀ ਪ੍ਰਸੰਗਿਕ ਹਨ ਅਤੇ ਭਾਰਤੀ ਸਮਾਜ ਨੂੰ ਇੱਕ ਬਿਹਤਰ ਅਤੇ ਬਰਾਬਰੀ ਵਾਲਾ ਸਮਾਜ ਬਣਾਉਣ ਵਿੱਚ ਸਾਡੀ ਮਦਦ ਕਰ ਸਕਦੇ ਹਨ। ਉਨ੍ਹਾਂ ਨੇ ਸਵਾਮੀ ਜੀ ਦੀ ਦੂਜੀ ਜਨਮ ਸ਼ਤਾਬਦੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਇਤਿਹਾਸ ਵਿਭਾਗ ਦੇ ਮੁਖੀ ਮੈਡਮ ਕਮਲੇਸ਼ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਸਮਾਗਮ ਵਿੱਚ ਕੁੱਲ 70 ਦੇ ਕਰੀਬ ਵਿਦਿਆਰਥਣਾਂ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਮੈਡਮ ਕਮਲੇਸ਼ ਨੇ ਪ੍ਰਿੰਸੀਪਲ ਡਾ. ਸਵਿੰਦਰ ਪਾਲ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ

