ਸਾਂਝੇ ਮਜ਼ਦੂਰ ਮੋਰਚੇ ਨੇ ਵਿਸ਼ਾਲ ਤੇ ਤਿੱਖੇ ਸੰਘਰਸ਼ ਦੇ ਐਲਾਨ ਨਾਲ ਧਰਨਾ ਚੁੱਕਿਆ*

*ਸਾਂਝੇ ਮਜ਼ਦੂਰ ਮੋਰਚੇ ਨੇ ਵਿਸ਼ਾਲ ਤੇ ਤਿੱਖੇ ਸੰਘਰਸ਼ ਦੇ ਐਲਾਨ ਨਾਲ ਧਰਨਾ ਚੁੱਕਿਆ*

ਲੰਬੀ 11 ਦਸੰਬਰ ( *ਜਸਵੀਰ ਸਿੱਧੂ* )ਸਾਂਝੇ ਮਜ਼ਦੂਰ ਮੋਰਚੇ ਦੇ ਸੱਦੇ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਤੇ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖਿਲਾਫ ਖ਼ੇਤ ਮਜ਼ਦੂਰਾਂ ਨੇ ਰੋਹ ਭਰਪੂਰ ਧਰਨਾ ਲਾਇਆ।
ਅੱਜ ਦੇ ਧਰਨੇ ਨੂੰ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਲਛਮਣ ਸਿੰਘ ਸੇਵੇਵਾਲਾ,ਅਵਤਾਰ ਸਿੰਘ ਤਾਰੀ,ਮਿੱਠੂ ਸਿੰਘ ਘੁੱਦਾ,ਹਰਵਿੰਦਰ ਸਿੰਘ ਸੇਮਾ, ਤੋਤਾ ਸਿੰਘ,ਸੰਦੀਪ ਸਿੰਘ ਪੰਡੋਰੀ ਤੇ ਰਿਸ਼ੀ ਰਾਮ ਖੁੱਬਣ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਜ਼ਦੂਰ ਜਥੇਬੰਦੀਆਂ ਨੂੰ ਵਾਰ ਵਾਰ ਮੀਟਿੰਗਾਂ ਦੇ ਕੇ ਮੁੱਕਰਨ ਅਤੇ 12 ਘੰਟੇ ਕੰਮ ਦਿਹਾੜੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਨੇ ਸਰਕਾਰ ਦਾ ਮਜ਼ਦੂਰ ਵਿਰੋਧੀ ਚਿਹਰਾ ਜੱਗ ਜ਼ਾਹਰ ਕਰ ਦਿੱਤਾ ਹੈ।ਉਹਨਾਂ ਆਖਿਆ ਕਿ ਇਨਕਲਾਬ ਦੇ ਝੂਠੇ ਨਾਅਰੇ ਅਤੇ ਬਦਲਾਅ ਦੇ ਲਾਰੇ ਲਾ ਕੇ ਵੋਟਾਂ ਵਟੋਰਨ ਤੋਂ ਬਾਅਦ ਆਪ ਸਰਕਾਰ ਲਗਾਤਾਰ ਕਾਰਪੋਰੇਟ ਘਰਾਣਿਆਂ , ਸੂਦਖੋਰਾਂ ਤੇ ਜਗੀਰਦਾਰਾਂ ਪੱਖੀ ਅਤੇ ਮਜ਼ਦੂਰ ਤੇ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਆਗੂਆਂ ਨੇ ਸਪਸ਼ਟ ਕੀਤਾ ਕਿ ਸੱਤਾ ਬਦਲੀ ਦੇ 75 ਸਾਲਾਂ ਬਾਅਦ ਵੀ ਮਜ਼ਦੂਰਾਂ ਨੂੰ ਜਾਤਪਾਤੀ ਜ਼ਬਰ ਦਾ ਸ਼ਿਕਾਰ ਹਨ। ਉਨ੍ਹਾਂ ਆਖਿਆ ਕਿ ਕਿ ਜਾਤਪਾਤੀ ਧੱਕੇ, ਵਿਤਕਰੇ ਤੋਂ ਮੁਕਤ ਬਰਾਬਰੀ ਵਾਲਾ ਰੁਤਬਾ ਹਾਸਲ ਕਰਨ ਲਈ ਮਜ਼ਦੂਰ ਵਰਗ ਨੂੰ ਸਾਂਝੇ ,ਵਿਸ਼ਾਲ ਤੇ ਤਿੱਖੇ ਘੋਲਾਂ ਦੇ ਰਾਹ ਪੈਣ ਦੀ ਲੋੜ ਹੈ। ਆਗੂਆਂ ਨੇ ਐਲਾਨ ਕੀਤਾ ਕਿ ਆਪ ਸਰਕਾਰ ਵੱਲੋਂ ਦਿੱਤੀਆਂ ਚੋਣ ਗਰੰਟੀਆਂ ਲਾਗੂ ਕਰਾਉਣ, ਜ਼ਮੀਨੀ ਹੱਦਬੰਦੀ ਕਾਨੂੰਨ ਸਖਤੀ ਨਾਲ ਲਾਗੂ ਕਰਾਉਣਕਰਜ਼ਾ ਮੁਆਫ਼ੀ,ਰੁਜ਼ਗਾਰ ਦੀ ਗਰੰਟੀ ਕਰਨ,ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਪੈਨਸ਼ਨਾਂ ਦੀ ਰਾਸ਼ੀ ਚ ਵਾਧਾ ਕਰਾਉਣ, ਮਜ਼ਦੂਰੀ ਰੇਟਾਂ ‘ਚ ਵਾਧਾ ਕਰਨ , ਮਜ਼ਦੂਰਾਂ ਕਿਸਾਨਾਂ ਤੇ ਅੰਦੋਲਨਾਂ ਦੌਰਾਨ ਬਣੇ ਕੇਸ ਵਾਪਸ ਕਰਾਉਣ ਆਦਿ ਮੰਗਾਂ ਦੀ ਪੂਰਤੀ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ
ਅੱਜ ਦੇ ਰੋਸ ਧਰਨੇ ਵਿੱਚ ਭਰਾਤਰੀ ਜਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ,ਪੈਨਸ਼ਨਰ ਐਸੋਸੀਏਸ਼ਨ,ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ,ਜਨਤਾ ਅਧਿਕਾਰ ਮੋਰਚਾ ਨੇ ਸ਼ਮੂਲੀਅਤ ਕਰਕੇ ਮਜ਼ਦੂਰ ਮੰਗਾਂ ਦਾ ਸਮਰਥਨ ਕੀਤਾ। ਟੀ. ਐੱਸ.ਯੂ ਦੇ ਸਰਕਲ ਪ੍ਰਧਾਨ ਭੁਪਿੰਦਰ ਸਿੰਘ ਬਿੱਟੂ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਸਮੂਹ ਕਿਰਤੀ ਵਰਗ ਦੀ ਏਕਤਾ ਤੇ ਜ਼ੋਰ ਦਿੱਤਾ।ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮਜ਼ਦੂਰ ਧਰਨੇ ਵਿੱਚ ਪਹੁੰਚ ਕੇ ਮਜ਼ਦੂਰ ਮੰਗਾਂ ਦੀ ਪੂਰਤੀ ਲਈ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਮਜ਼ਦੂਰ ਆਗੂਆਂ ਨੇ ਖੇਤੀ ਬਾੜੀ ਮੰਤਰੀ ਨੂੰ ਨਿੱਕੀਆਂ ਮੋਟੀਆਂ ਰਿਆਇਤਾਂ ਨਾਲ ਮਜ਼ਦੂਰ ਵਰਗ ਨੂੰ ਵਰਚਾਉਣ ਦੀ ਬਜਾਏ ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਕਰਨ, ਮਜ਼ਦੂਰ ਵਰਗ ਲਈ ਪੱਕੇ ਰੁਜ਼ਗਾਰ ਦੀ ਗਰੰਟੀ ਕਰਨ ਦੇ ਨਾਲ ਨਾਲ, ਸਮਾਜਿਕ ਤੇ ਆਰਥਿਕ ਬਰਾਬਰੀ ਲਈ ਪੁਖਤਾ ਕਦਮ ਚੁੱਕਣ ਦੀ ਮੰਗ ਕੀਤੀ।ਜਿਸ ਨਾਲ ਆਪਣੇ ਸੰਬੋਧਨ ਦੌਰਾਨ ਖੇਤੀਬਾੜੀ ਮੰਤਰੀ ਨੇ ਸਹਿਮਤੀ ਪ੍ਰਗਟਾਈ।
*ਕਿਸਾਨਾਂ ਦਾ ਲੰਗਰ ਮਿਸਾਲ ਬਣਿਆ*:
ਭਾਰਤੀ ਕਿਸਾਨ ਯੂਨੀਅਨ ( ਏਕਤਾ ਉਗਰਾਹਾਂ) ਨੇ ਮਜ਼ਦੂਰਾਂ ਦੇ ਤਿੰਨ ਰੋਜ਼ਾ ਧਰਨੇ ਵਿੱਚ ਲੰਗਰ ਦੀ ਡਿਊਟੀ ਸੰਭਾਲ ਕੇ ਕਿਸਾਨ ਮਜ਼ਦੂਰਾਂ ਦੀ ਸਾਂਝ ਦੀ ਉੱਤਮ ਮਿਸਾਲ ਪੇਸ਼ ਕੀਤੀ।ਕਿਸਾਨ ਆਗੂਆਂ ਤੇ ਵਰਕਰਾਂ ਨੇ ਉਗਰਾਹਾਂ ਜਥੇਬੰਦੀ ਦੇ ਲੰਬੀ ਬਲਾਕ ਦੇ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇ ਵਾਲਾ ਦੀ ਅਗਵਾਈ ਵਿੱਚ ਸਮੁੱਚੇ ਪ੍ਰਬੰਧਾਂ ਨੁੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਇਆ।ਗੁਰਪਾਸ਼ ਸਿੰਘ ਸਿੰਘੇਵਾਲਾ ਦਾ ਕਹਿਣਾ ਸੀ ਕਿ ਕਿਸਾਨ, ਮਜ਼ਦੂਰਾਂ ਦੀ ਸਾਂਝ ਸਾਡੀ ਵਿਰਾਸਤ ਹੈ।ਜਿਸ ਲਈ ਉਹ ਪ੍ਰਤੀਬੱਧਤਾ ਨਾਲ ਜੁਟੇ ਹੋਏ ਹਨ।

55 Views