ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਲਾਪਰਵਾਹੀ ‘ਤੇ ਬਠਿੰਡਾ ਦੇ ਐਸ. ਪੀ. ਮੁਅੱਤਲ*
*ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਲਾਪਰਵਾਹੀ ‘ਤੇ ਬਠਿੰਡਾ ਦੇ ਐਸ. ਪੀ. ਮੁਅੱਤਲ*

( *ਜਸਵੀਰ ਸਿੱਧੂ* )
ਬਠਿੰਡਾ, 25 ਨਵੰਬਰ 2023: ਕਰੀਬ ਦੋ ਸਾਲ ਪਹਿਲਾਂ 5ਜਨਵਰੀ2022 ਨੂੰ ਕਿਸਾਨ ਜੱਥੇਬੰਦੀਆਂ ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਬਠਿੰਡਾ ਹਵਾਈ ਅੱਡੇ ਤੋਂ ਫਿਰੋਜ਼ਪੁਰ ਜਾਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਉਨ੍ਹਾਂ ਦੇ ਕਾਫਲੇ ਦੇ ਰਾਹ ਵਿੱਚ ਪੈਂਦੇ ਇੱਕ ਫਲਾਈਓਵਰ ਤੇ ਫਸਣ ਦੇ ਮਾਮਲੇ ਨੂੰ ਗੰਭੀਰ ਸੁਰੱਖਿਆ ਕੋਤਾਹੀ ਮੰਨਦਿਆਂ ਐਸ ਪੀ (ਹੈਡਕੁਆਟਰ) ਬਠਿੰਡਾ ਗੁਰਵਿੰਦਰ ਸਿੰਘ ਸੰਘਾ ਨੂੰ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਧਰਨਾਕਾਰੀਆਂ ਵੱਲੋਂ ਸੜਕ ਜਾਮ ਕਰਨ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਹੁਸੈਨੀਵਾਲਾ ਸਥਿਤ ਸ਼ਹੀਦ ਸਮਾਰਕ ਤੋਂ ਕਰੀਬ 30 ਕਿਲੋਮੀਟਰ ਦੂਰ ਫਲਾਈਓਵਰ ‘ਤੇ 15 ਤੋਂ 20 ਮਿੰਟ ਤੱਕ ਫਸਿਆ ਰਿਹਾ ਸੀ ਜਿਸ ਨੂੰ ਪੜਤਾਲ ਦੌਰਾਨ ਬਹੱਦ ਸੰਗੀਨ ਮਾਮਲਾ ਮੰਨਿਆ ਗਿਆ ਹੈ।
ਜਿਸ ਦਿਨ ਇਹ ਘਟਨਾ ਵਾਪਰੀ ਉਸ ਵਕਤ ਗੁਰਵਿੰਦਰ ਸਿੰਘ ਸੰਘਾ ਫਿਰੋਜ਼ਪੁਰ ‘ਚ ਐਸ ਪੀ ਓਪਰੇਸ਼ਨ ਵਜੋਂ ਤਾਇਨਾਤ ਸਨ। ਸੂਤਰ ਦੱਸਦੇ ਹਨ ਕਿ ਜਿਸ ਜਗ੍ਹਾ ਤੇ ਪ੍ਰਧਾਨ ਮੰਤਰੀ ਦਾ ਕਾਫਲਾ ਫਸਿਆ ਉਸ ਇਲਾਕੇ ਦੇ ਨੋਡਲ ਅਫਸਰ ਗੁਰਵਿੰਦਰ ਸਿੰਘ ਸੰਘਾ ਸਨ। ਸੂਤਰਾਂ ਮੁਤਾਬਕ ਇਸ ਰਸਤੇ ਤੇ ਫਿਰੋਜ਼ਪੁਰ ਜਿਲ੍ਹੇ ਵਿੱਚ ਵੱਡਾ ਪ੍ਰਭਾਵ ਰੱਖਣ ਵਾਲੀ ਕਿਸਾਨ ਜੱਥੇਬੰਦੀ ਨੇ ਰੋਕਾਂ ਲਾਈਆਂ ਹੋਈਆਂ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਸੜਕੀ ਰੂਟ ਰਾਹੀਂ ਪ੍ਰਧਾਨ ਮੰਤਰੀ ਨੇ ਲੰਘਣਾ ਹੁੰਦਾ ਹੈ ਉਸ ਨੂੰ ਪੂਰੀ ਤਰਾਂ ਖਾਲੀ ਰੱਖਣ ਦੀ ਜਿੰਮੇਵਾਰੀ ਪੁਲਿਸ ਪ੍ਰਸ਼ਾਸ਼ਨ ਅਤੇ ਸੁਰੱਖਿਆ ਬਲਾਂ ਦੀ ਹੁੰਦੀ ਹੈ ਪਰ ਅਫਸਰ ਇਸ ਕੰਮ ‘ਚ ਪੂਰੀ ਤਰਾਂ ਫੇਲ੍ਹ ਰਹੇ ਸਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ‘ਤੇ ਇਸ ਮਾਮਲੇ ਦੀ ਪੜਤਾਲ ਲਈ ਬਕਾਇਦਾ ਕਮੇਟੀ ਵੀ ਬਣਾਈ ਗਈ ਸੀ।
ਡੀਜੀਪੀ ਪੰਜਾਬ ਨੇ 18 ਅਕਤੂਬਰ 2023 ਨੂੰ ਇਸ ਸਬੰਧ ਵਿੱਚ ਆਪਣੀ ਰਿਪੋਰਟ ਸਰਕਾਰ ਨੂੰ ਪੇਸ਼ ਕੀਤੀ ਸੀ। ਰਿਪੋਰਟ ‘ਚ ਪ੍ਰਧਾਨ ਮੰਤਰੀ ਦੇ ਦੌੇਰੇ ਮੌਕੇ ਐਸ ਪੀ ਗੁਰਿਵੰਦਰ ਸਿੰਘ ਨੂੰ ਆਪਣੀ ਡਿਊਟੀ ਸਹੀ ਢੰਗ ਨਾਲ ਨਾਂ ਨਿਭਾਉਣ ਦਾ ਦੋਸ਼ੀ ਪਾਇਆ ਗਿਆ ਸੀ। ਮਾਮਲੇ ਨੂੰ ਵਿਚਾਰਨ ਉਪਰੰਤ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਵਲੀ 1970 ਤਹਿਤ ਰਾਜਪਾਲ ਪੰਜਾਬ ਦੇ ਹੁਕਮਾਂ ਤਹਿਤ ਐਸ ਪੀ ਗੁਰਵਿੰਦਰ ਸਿੰਘ ਸੰਘਾ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਮੁਅੱਤਲੀ ਦੌਰਾਨ ਐਸ ਪੀ ਸੰਘਾ ਦਾ ਹੈਡਕੁਆਟਰ ਡੀਜੀਪੀ ਪੰਜਾਬ ਚੰਡੀਗੜ੍ਹ ਦਾ ਦਫਤਰ ਹੋਵੇਗਾ। ਇਸ ਸਬੰਧ ਵਿੱਚ ਜਾਰੀ ਹੁਕਮਾਂ ਅਨੁਸਾਰ ਮੁਅੱਤਲ ਐਸ ਪੀ ਨੂੰ ਸਮਰੱਥ ਅਧਿਕਾਰੀ ਦੀ ਪਹਿਲਾਂ ਪ੍ਰਵਾਨਗੀ ਤੋਂ ਬਿਨਾਂ ਆਪਣਾ ਹੈਡਕੁਆਟਰ ਨਹੀਂ ਛੱਡ ਸਕੇਗਾ।
ਮੁਅੱਤਲੀ ਦੇ ਸਮੇਂ ਦੌਰਾਨ ਐਸ ਪੀ ਸੰਘਾ ਨੂੰ ਗੁਜ਼ਾਰਾ ਭੱਤਾ ਮਿਲਣਯੋਗ ਹੋਵੇਗਾ। ਦੱਸਣਯੋਗ ਹੈ ਕਿ ਇਹ ਘਟਨਾ ਤੱਤਕਾਲੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਾਜਭਾਗ ਵੇਲੇ ਵਾਪਰੀ ਸੀ। ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਿਰੋਜ਼ਪੁਰ ਵਿਖੇ ਪੀਜੀਆਈ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ। ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਵਾਈ ਰਸਤੇ ਰਾਹੀਂ ਬਠਿੰਡਾ ਹਵਾਈ ਅੱਡੇ ਤੇ ਪੁੱਜੇ ਸਨ। ਅਚਾਨਕ ਮੌਸਮ ‘ਚ ਆਈ ਤਬਦੀਲੀ ਕਾਰਨ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਸੜਕੀ ਰਸਤੇ ਰਾਹੀਂ ਲਿਜਾਣ ਦਾ ਪ੍ਰੋਗਰਾਮ ਬਣ ਗਿਆ। ਇਸੇ ਦੌਰਾਨ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਦਾ ਵਿਰੋਧ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਵੱਲੋਂ ਪੰਜਾਬ ਵਿੱਚ ਸੜਕੀ ਆਵਾਜਾਈ ਪੂਰੀ ਤਰਾਂ ਠੱਪ ਕੀਤੀ ਗਈ ਸੀ।
ਸੜਕ ਜਾਮ ਕਾਰਨ ਆਪਣੀ ਮੰਜਿਲ ਵੱਲ ਜਾਂਦਿਆਂ ਪ੍ਰਧਾਨ ਮੰਤਰੀ ਦਾ ਕਾਫਲਾ ਰਸਤੇ ਵਿੱਚ ਪੈਂਦੇ ਇੱਕ ਫਲਾਈਓਵਰ ਤੇ ਫਸ ਗਿਆ। ਹਾਲਾਂਕਿ ਸੁਰੱਖਿਆ ਲਈ ਬਣੇ ਸਖਤ ਨਿਯਮਾਂ ਮੁਤਾਬਕ ਕਿਸੇ ਨੂੰ ਵੀ ਪ੍ਰਧਾਨ ਮੰਤਰੀ ਦੀ ਗੱਡੀ ਕੋਲ ਜਾਣ ਦੀ ਇਜਾਜਤ ਨਹੀਂ ਹੁੰਦੀ ਪਰ ਇਸ ਮੌਕੇ ਦੀ ਵੀਡੀਓ ਸਾਹਮਣੇ ਆਉਣ ਸਮੇਤ ਕਈ ਤਰਾਂ ਦੇ ਅਜਿਹੇ ਤੱਥ ਸਾਹਮਣੇ ਆਏ ਸਨ ਜੋਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਸਬੰਧੀ ਬਣੇ ਪ੍ਰੋਟੋਕੋਲ ਮੁਤਾਬਕ ਗੰਭੀਰਤਾ ਵਾਲੇ ਮੰਨੇ ਗਏ ਸਨ। ਉਦੋਂ ਆਖਿਆ ਗਿਆ ਸੀ ਕਿ ਇਸ ਤਰਾਂ ਦੇ ਘਟਨਾਕ੍ਰਮ ਕਾਰਨ ਪ੍ਰਧਾਨ ਮੰਤਰੀ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ।
ਅਚਾਨਕ ਵਾਪਰੇ ਇਸ ਘਟਨਾਕ੍ਰਮ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਦੀ ਸੁੱਰੱਖਿਆ ‘ਚ ਤਾਇਨਾਤ ਕਮਾਂਡੋਜ਼ ਨੇ ਮੋਰਚਾ ਸੰਭਾਲ ਲਿਆ ਅਤੇ ਚੌਕਸੀ ਦੌਰਾਨ ਪ੍ਰਧਾਨ ਮੰਤਰੀ ਦੇ ਕਾਫਲੇ ਨੇ ਵਾਪਿਸ ਬਠਿੰਡਾ ਵੱਲ ਚਾਲੇ ਪਾ ਦਿੱਤੇ ਜਿੱਥੋਂ ਉਹ ਦਿੱਲੀ ਲਈ ਰਵਾਨਾ ਹੋ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਾਨ ਨੂੰ ਖਤਰੇ ਦੇ ਮੱਦੇਨਜਰ ਪੰਜਾਬ ਦੇ ਪ੍ਰਸਤਾਵਿਤ ਪ੍ਰੋਗਰਮ ਰੱਦ ਕਰ ਦਿੱਤਾ ਗਿਆ । ਇਸ ਮੌਕੇ ਪ੍ਰਧਾਨ ਮੰਤਰੀ ਨੇ ਕਾਂਗਰਸੀ ਮੁੱਖ ਮੰਤਰੀ ਨੂੰ ਆਪਣੇ ਵਿਅੰਗ ਭਰੇ ਬੋਲਾਂ ਦਾ ਨਿਸ਼ਾਨਾ ਬਣਾਉਂਦਿਆਂ ਕਿਹਾ ਸੀ ਕਿ ਮੈਂ ਬਚਕੇ ਵਾਪਿਸ ਜਾ ਰਿਹਾ ਹਾਂ।
ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਵੱਡੀ ਖਾਮੀ ਹੈ ਜਿਸ ਕਾਰਨ ਪ੍ਰਧਾਨ ਮੰਤਰੀ ਨੂੰ ਫਿਰੋਜ਼ਪੁਰ ਵੱਲ ਜਾਂਦਿਆਂ ਰਾਹ ਵਿਚੋਂ ਮੁੜ ਬਠਿੰਡਾ ਹਵਾਈ ਅੱਡੇ ‘ਤੇ ਆਉਣਾ ਪਿਆ। ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਵਿਸਥਾਰ ਨਾਲ ਰਿਪੋਰਟ ਮੰਗ ਲਈ ਸੀ। ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਸੁਰੱਖਿਆ ਖਾਮੀਆਂ ਲਈ ਜਿੰਮੇਵਾਰ ਅਧਿਕਾਰੀਆਂ ਜਾਂ ਹੋਰ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਸੀ। ਕਾਫੀ ਸਮੇਂ ਬਾਅਦ ਹੁਣ ਐਸ ਪੀ ਗੁਰਵਿੰਦਰ ਸਿੰਘ ਸੰਘਾ ਖਿਲਾਫ ਕਾਰਵਾਈ ਕੀਤੀ ਗਈ ਹੈ। ਜਿਕਰਯੋਗ ਹੈ ਕਿ ਮਾਮਲਾ ਦੇਸ਼ ਦੀ ਸੁਪਰੀਮ ਕੋਰਟ ਵੀ ਗਿਆ ਸੀ ਜਿੱਥੇ ਮਾਣਯੋਗ ਅਦਾਲਤ ਨੇ ਕਾਫੀ ਸਖਤ ਨੋਟਿਸ ਲਿਆ ਸੀ।

