ਲਗਾਤਾਰ ਬਰਸਾਤ ਨਾਲ ਨਸੀਰਾਬਾਦ ਤੇ ਸਾਹਨੀ ਸਮੇਤ ਅਨੇਕਾਂ ਪਿੰਡਾਂ ‘ਚ ਬਣਿਆ ਹੜ੍ਹ ਦਾ ਖਤਰਾ
ਜੋਗਿੰਦਰ ਸਿੰਘ ਮਾਨ ਨੇ ਸਥਿਤੀ ਦਾ ਲਿਆ ਜਾਇਜ਼ਾ
ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਫਗਵਾੜਾ ਖੇਤਰ ‘ਚ ਕਈ ਦਿਨਾਂ ਤੋਂ ਹੋ ਰਹੀ ਲਗਾਤਾਰ ਬਰਸਾਤ ਕਾਰਨ ਕਈ ਪਿੰਡਾਂ ਵਿੱਚ ਹੜ੍ਹਾਂ ਦਾ ਖ਼ਤਰਾ ਵੱਧ ਗਿਆ ਹੈ। ਜੇਕਰ ਮੌਸਮ ਦਾ ਰੁਖ ਨਾ ਬਦਲਿਆ ਤਾਂ ਨਹਿਰੀ ਇਲਾਕਿਆਂ ਦੇ ਆਸ-ਪਾਸ ਸਥਿਤ ਖੇਤਾਂ ਤੇ ਪਿੰਡਾਂ ਨੂੰ ਭਾਰੀ ਨੁਕਸਾਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸੇ ਖਦਸ਼ੇ ਦੇ ਚੱਲਦਿਆਂ ਅੱਜ ਆਮ ਆਦਮੀ ਪਾਰਟੀ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਇਲਾਕੇ ਦੇ ਪਿੰਡ ਨਸੀਰਾਬਾਦ ਤੇ ਸਾਹਨੀ ਦਾ ਦੌਰਾ ਕਰਕੇ ਤਾਜਾ ਹਾਲਾਤ ਦਾ ਜਾਇਜ਼ਾ ਲਿਆ। ਪਿੰਡ ਵਾਸੀਆਂ ਨੇ ਜੋਗਿੰਦਰ ਸਿੰਘ ਮਾਨ ਨੂੰ ਦੱਸਿਆ ਕਿ ਨਸੀਰਾਬਾਦ ਦੇ ਚੋਅ ਦਾ ਪਾਣੀ ਪੂਰਬੀ ਬੇੲੀਂ ਵਿੱਚ ਪੈਂਦਾ ਹੈ, ਜਿਸ ਕਾਰਨ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ। ਮਾਨ ਨੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਪਿੰਡ ਵਾਸੀਆਂ ਨੂੰ ਲੋੜੀਂਦੀਆਂ ਹਦਾਇਤਾਂ ਦੇਣ ਤੋਂ ਇਲਾਵਾ ਕਿਹਾ ਕਿ ਉਹ ਇਸ ਸਬੰਧੀ ਨਹਿਰੀ ਵਿਭਾਗ ਅਤੇ ਹੋਰ ਸਬੰਧਤ ਵਿਭਾਗੀ ਅਧਿਕਾਰੀਆਂ ਨਾਲ ਗੱਲ ਕਰਨਗੇ ਅਤੇ ਪ੍ਰਸ਼ਾਸਨ ਤੇ ਸਰਕਾਰ ਵੱਲੋਂ ਹਰ ਖਤਰੇ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਹਰ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਹੈ। ਜੇਕਰ ਕੋਈ ਕੁਦਰਤੀ ਆਫ਼ਤ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਨਾਲ ਹੋਣ ਵਾਲੇ ਨੁਕਸਾਨ ਦੀ ਪੂਰਤੀ ਸੂਬਾ ਸਰਕਾਰ ਵੱਲੋਂ ਕੀਤੀ ਜਾਵੇਗੀ। ਇਸ ਮੌਕੇ ਰਾਮਪਾਲ ਸਾਹਨੀ ਸਰਪੰਚ, ਬੱਬੀ ਸਾਹਨੀ, ਅਵਤਾਰ ਸਿੰਘ ਸਰਪੰਚ ਨਸੀਰਾਬਾਦ, ਦੀਪਾ ਨਸੀਰਾਬਾਦ, ਮਨਦੀਪ ਸਿੰਘ ਨਸੀਰਾਬਾਦ, ਪਵਿੱਤਰ ਸਿੰਘ ਨਸੀਰਾਬਾਦ ਆਦਿ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ

