ਕਿਸਾਨ ਮਜਦੂਰ ਜਥੇਬੰਦੀ ਵੱਲੋਂ 15 ਜੁਲਾਈ ਦੇ ਪੰਜਾਬ ਭਰ ਦੇ ਡੀਸੀ ਦਫਤਰਾਂ ਦੇ ਧਰਨਿਆਂ ਦੀ ਤਿਆਰੀ ਦੇ ਸੂਬਾ ਕਮੇਟੀ ਮੀਟਿੰਗ ਸੱਦ ਕੇ ਲਏ ਜਾਇਜ਼ੇ, ਮੰਗਾਂ ਦੇ ਹਲ ਨਾ ਹੋਣ ਤੇ 16 ਜੁਲਾਈ ਨੂੰ ਰੇਲਾਂ ਹੋਣਗੀਆਂ ਜਾਮ

ਅੰਮ੍ਰਿਤਸਰ (ਜੀਵਨ ਸ਼ਰਮਾਂ) ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਕਮੇਟੀ ਦੀ ਮੀਟਿੰਗ ਮੁਖ ਦਫਤਰ ਚੱਬਾ ਵਿਖੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਅਗਵਾਹੀ ਵਿਚ ਕੀਤੀ ਗਈ | ਮੀਟਿੰਗ ਤੋਂ ਬਾਅਦ ਜਥੇਬੰਦੀ ਵੱਲੋ ਪ੍ਰੈਸ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਕਿ 15 ਜੁਲਾਈ ਨੂੰ, ਮੌਜੂਦਾ ਸਮੇਂ ਅੰਦਰ ਮੱਕੀ ਅਤੇ ਮੂੰਗੀ ਦੀ ਫਸਲ ਸਰਕਾਰ ਵੱਲੋਂ ਤਹਿ ਕੀਤੀ ਐੱਮ. ਐੱਸ. ਪੀ. 2090 ਅਤੇ 8558 ਰੁਪਏ ਦੇ ਹਿਸਾਬ ਨਾਲ ਖਰੀਦੀ ਜਾਵੇ ਅਤੇ ਕੇਰਲ ਸਰਕਾਰ ਦੀ ਤਰਜ਼ ਤੇ ਤੇਲ ਬੀਜ਼ਾਂ,ਦਾਲਾਂ ਅਤੇ ਫ਼ਲ-ਸਬਜ਼ੀਆਂ ਦੀ ਖਰੀਦ ਲਈ ਐੱਮ. ਐੱਸ. ਪੀ. ਗਰੰਟੀ ਕਨੂੰਨ ਬਣਾਇਆ ਜਾਵੇ ,ਅਬਾਦਕਾਰ ਕਿਸਾਨਾਂ ਮਜਦੂਰਾਂ ਦੀਆਂ ਜਮੀਨਾਂ ਤੇ ਹਮਲੇ ਰੋਕ ਕੇ ਪੱਕੇ ਮਾਲਕੀ ਹੱਕ ਦਿੱਤੇ ਜਾਣ,ਪੰਜਾਬ ਸਰਕਾਰ ਵਾਅਦੇ ਮੁਤਾਬਿਕ ਭਾਰਤ ਮਾਲਾ ਸੜਕ ਮਾਰਗਾਂ ਲਈ ਜਮੀਨਾਂ ਯੋਗ ਮੁਆਵਜਾ ਦੇਣ ਤੋਂ ਬਾਅਦ ਹੀ ਐਕੁਆਇਰ ਕੀਤੀਆਂ ਜਾਣ, ਬਿਜਲੀ ਸਬੰਧੀ ਮੁਸ਼ਕਿਲਾਂ ਖਾਸ ਕਰਕੇ ਪ੍ਰੀਪੇਡ ਮੀਟਰ ਦੀ ਨੀਤੀ ਵਾਪਿਸ ਲੈਣ ਅਤੇ ਕਾਮਿਆਂ ਦੀ ਭਰਤੀ ਆਦਿਕ ਮਸਲਿਆਂ ਨੂੰ ਲੈ ਕੇ ਪੰਜਾਬ ਭਰ ਦੇ ਡੀਸੀ ਦਫਤਰਾਂ ਤੇ ਧਰਨੇ ਦਿੱਤੇ ਜਾਣਗੇ | ਓਹਨਾ ਦੱਸਿਆ ਕਿ ਅਗਰ ਸਰਕਾਰ ਧਰਨੇ ਦੀਆਂ ਮੰਗਾਂ ਤੇ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ 16 ਜੁਲਾਈ ਨੂੰ ਰੇਲ ਰੋਕੋ ਧਰਨਾ ਲਗਾਇਆ ਜਾਵੇਗਾ | ਓਹਨਾ ਕਿਹਾ ਕਿ ਭਗਵੰਤ ਮਾਨ ਸਰਕਾਰ ਬੇਲੋੜੇ ਵਿਵਾਦ ਪੈਦਾ ਕਰਕੇ ਪੰਜਾਬ ਦੇ ਭਵਿੱਖ ਨਾਲ ਜੁੜੇ ਮੁੱਦਿਆਂ ਤੋਂ ਧਿਆਨ ਭਟਕਾ ਰਹੀ ਹੈ ਜਦਕਿ ਜੋ ਸੋਚ ਕੇ ਲੋਕਾਂ ਨੇ ਓਹਨਾ ਨੂੰ ਚੁਣਿਆ ਹੈ ਓਹਨਾ ਨੂੰ ਉਹਨਾ ਕੰਮਾ ਤੇ ਧਿਆਨ ਦੇਣਾ ਚਾਹੀਦਾ ਹੈ | ਓਹਨਾ ਮੰਗ ਕੀਤੀ ਕਿ ਜਿਲ੍ਹਾ ਸੰਗਰੂਰ ਵਿੱਚ ਨਹਿਰ ਵਿੱਚ ਡਿਗਣ ਕਾਰਨ 3 ਮਜਦੂਰ ਔਰਤਾਂ ਅਤੇ ਫਿਰੋਜ਼ਪੁਰ ਵਿੱਚ ਝੋਨਾ ਲਗਾਉਂਦੇ ਸਮੇਂ ਹੋਈ ਮਜਦੂਰ ਬੱਚੀ ਦੀ ਮੌਤ ਤੇ ਭਗਵੰਤ ਮਾਨ ਸਰਕਾਰ ਸਾਰੇ ਪਰਿਵਾਰਾਂ ਨੂੰ 10-10 ਲੱਖ ਮੁਆਵਜਾ ਅਤੇ ਪਰਿਵਾਰ ਦੇ ਇੱਕ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ |

