ਗੁਰੂ ਨਾਨਕ ਖਾਲਸਾ ਗਰਲਜ ਕਾਲਜ ਸੰਗ ਢੇਸੀਆਂ ਦੀ ਸਲਾਨਾ ਕਨਵੋਕੇਸ਼ਨ ਕਰਵਾਈ ਗਈ।

ਗੁਰੂ ਨਾਨਕ ਖਾਲਸਾ ਗਰਲਜ ਕਾਲਜ ਸੰਗ ਢੇਸੀਆਂ ਦੀ ਸਲਾਨਾ ਕਨਵੋਕੇਸ਼ਨ ਕਰਵਾਈ ਗਈ।

ਸਿਮਰਨ ਕੌਰ ਵੱਲੋਂ ਬੈਚਲਰ ਆਫ ਕਮਰਸ (ਰੈਗੂਲਰ) ਵਿੱਚ ਕੀਤੀ ਪਹਿਲੀ ਪੁਜੀਸ਼ਨ ਹਾਸਿਲ।

ਸਦਾਨੰਦ ਸਾਬੀ,ਧਰਮਵੀਰ ਸਿੰਘ,ਨੀਰਿਜ ਸਹੋਤਾ,
ਆਦਮਪੁਰ, 07 ਅਪ੍ਰੈਲ- ਗੁਰੂ ਨਾਨਕ ਖਾਲਸਾ ਗਰਲਜ ਕਾਲਜ ਬਾਬਾ ਸੰਗ ਢੇਸੀਆਂ ਜਲੰਧਰ ਵਿਖੇ ਕਾਲਜ ਦੀ ਸਾਲਾਨਾ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੀਨੀਅਰ ਅਕਾਲੀ ਆਗੂ, ਉੱਘੇ ਸਮਾਜ ਸੇਵਕ ਅਤੇ ਕਾਲਜ ਦੇ ਪ੍ਰਧਾਨ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਪਰਮਜੀਤ ਸਿੰਘ ਬੂਰਾ ਐਡਵੋਕੇਟ, ਡਾਕਟਰ ਗੁਰਦੇਵ ਸਿੰਘ ਪ੍ਰਿੰਸੀਪਲ, ਡਾਕਟਰ ਜਮੀਰਪਾਲ ਕੌਰ ਸੰਧੂ ਬਾਜਵਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਕਾਲਜ ਦੇ ਪ੍ਰਿੰਸੀਪਲ ਮੈਡਮ ਰੀਤੀ ਮੰਗੋਚ ਨੇ ਮੁੱਖ ਮਹਿਮਾਨ ਦਾ ਕਾਲਜ ਪਹੁੰਚਣ ਉੱਤੇ ਭਰਵਾਂ ਸਵਾਗਤ ਕਰਦਿਆਂ ਕਾਲਜ ਦੀਆਂ ਅਕਾਦਮਿਕ, ਧਾਰਮਿਕ, ਸੱਭਿਆਚਾਰਕ ਅਤੇ ਖੇਡਾਂ ਦੇ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕੀਤੀਆਂ ਸ਼ਾਨਦਾਰ ਉਪਲਬਧੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਸਮੂਹ ਅਧਿਆਪਕਾਂ ਨੂੰ ਆਪਣੀ ਜ਼ਿੰਮੇਵਾਰੀ ਸਰਵੋਤਮਤਾ ਨਾਲ ਨਿਭਾਉਣ ਅਤੇ ਵਿਦਿਆਰਥਣਾ ਨੂੰ ਚੰਗੀ ਜੀਵਨ ਜਾਚ ਸਿਖਾਉਣ ਲਈ ਉਤਸ਼ਾਹਿਤ ਕੀਤਾ, ਉਥੇ ਨਾਲ ਹੀ ਵਿਦਿਆਰਥਣਾ ਨੂੰ ਆਪਣੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਕਦੇ ਨਾ ਵਿਸਾਰਨ ਅਤੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੱਧ ਚੜ੍ਹਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਪਰੰਤ ਕਨਵੋਕੇਸ਼ਨ ਦੌਰਾਨ ਪਾਸ ਹੋਈਆਂ ਵਿਦਿਆਰਥਣਾ ਨੂੰ ਡਿਗਰੀਆਂ ਅਤੇ ਹੋਣਹਾਰ ਵਿਦਿਆਰਥਣਾ ਨੂੰ ਪਹਿਲਾ ਸਥਾਨ ਪ੍ਰਾਪਤ ਕਰਨ ‘ਤੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਆਏ ਹੋਏ ਮੁੱਖ ਮਹਿਮਾਨਾ ਵਲੋਂ ਵਿਦਿਆਰਥਣਾ ਨੂੰ ਡਿਗਰੀਆਂ ਵੰਡੀਆਂ ਗਈਆਂ। ਅਤੇ ਡਿਗਰੀਆਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸੰਗ ਢੇਸੀਆਂ ਦੀ ਮਹਾਨ ਧਰਤੀ ਅਤੇ ਗੁਰੂ ਨਾਨਕ ਜੀ ਦੇ ਨਾਮ ‘ਤੇ ਬਣੇ ਇਸ ਕਾਲਜ ਤੋਂ ਸਿੱਖਿਆ ਹਾਸਲ ਕਰਨਾ ਵਿਦਿਆਰਥਣਾ ਲਈ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵੱਖ-ਵੱਖ ਪ੍ਰੇਰਨਾਦਾਇਕ ਤਜਰਬੇ ਸਾਂਝੇ ਕਰਦਿਆਂ ਵਿਦਿਆਰਥਣਾ ਨੂੰ ਅਥਾਹ ਮਿਹਨਤ, ਇਕਾਗਰਤਾ ਅਤੇ ਇਮਾਨਦਾਰੀ ਨਾਲ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਨਿਰੰਤਰ ਯਤਨਸ਼ੀਲ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਕਾਲਜ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਰੋਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਕਾਲਜ ਦੀ ਵਿਦਿਆਰਥਣ ਸਿਮਰਨ ਕੌਰ ਨੇ ਬੈਚਲਰ ਆਫ ਕਮਰਸ (ਰੈਗੂਲਰ) ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਪੂਰੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਸਮਾਗਮ ਦੇ ਅਖੀਰ ਵਿੱਚ ਪ੍ਰਿੰਸੀਪਲ ਮੈਡਮ ਰੀਤੀ ਮੰਗੋਚ ਨੇ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨ, ਸਮੂਹ ਸਟਾਫ਼ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਵਿਦਿਆਰਥਣਾ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਉਨ੍ਹਾਂ ਨੂੰ ਵਿੱਦਿਅਕ ਗਤੀਵਿਧੀਆਂ ਦੇ ਨਾਲ-ਨਾਲ ਸੱਭਿਆਚਾਰਕ, ਸਮਾਜਿਕ ਅਤੇ ਧਾਰਮਿਕ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ। ਇਸ ਮੌਕੇ ਕਾਲਜ ਦੇ ਸਮੂਹ ਅਧਿਆਪਕ ਸਾਹਿਬਾਨ, ਵਿਦਿਆਰਥਣਾ ਅਤੇ ਉਹਨਾਂ ਦੇ ਮਾਪੇ ਮੌਜੂਦ ਸਨ।

54 Views