ਜੋਗਿੰਦਰ ਸਿੰਘ ਮਾਨ ਨੇ ਮੁਹੱਲਾ ਪੀਪਾਰੰਗੀ ਤੇ ਕੌਲਸਰ ਚ ਵਰਕਰਾਂ ਨਾਲ ਕੀਤੀ ਮੀਟਿੰਗ
ਜੋਗਿੰਦਰ ਸਿੰਘ ਮਾਨ ਨੇ ਮੁਹੱਲਾ ਪੀਪਾਰੰਗੀ ਤੇ ਕੌਲਸਰ ਚ ਵਰਕਰਾਂ ਨਾਲ ਕੀਤੀ ਮੀਟਿੰਗ
ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਹੋਈਆਂ ਵਿਚਾਰਾਂ
ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪ ਪਾਰਟੀ ਦੇ ਵਰਕਰਾਂ ਵਿਚ ਉਤਸ਼ਾਹ ਪੈਦਾ ਕਰਨ ਦੇ ਮਨੋਰਥ ਨਾਲ ਅੱਜ ਫਗਵਾੜਾ ਦੇ ਸ਼ਹਿਰੀ ਖੇਤਰ ‘ਚ ਮੁਹੱਲਾ ਪੀਪਾਰੰਗੀ ਅਤੇ ਕੌਲਸਰ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਸਮੂਹ ਵਰਕਰਾਂ ਨੂੰ ਕਿਹਾ ਕਿ ਉਹ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੋਦੀ ਸਰਕਾਰ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰਵਾ ਕੇ ਕੀਤੀ ਧੱਕੇਸ਼ਾਹੀ ਦਾ ਲੋਕਾਂ ਸਾਹਮਣੇ ਪਰਦਾਫਾਸ਼ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦਿੱਲੀ ਵਿੱਚ ‘ਆਪ’ ਸਰਕਾਰਾਂ ਦੀ ਲੋਕਪ੍ਰਿਅਤਾ ਤੋਂ ਮੋਦੀ ਸਰਕਾਰ ਨੂੰ ਸਪੱਸ਼ਟ ਤੌਰ ‘ਤੇ ਖ਼ਤਰਾ ਨਜਰ ਆਉਣ ਲੱਗ ਪਿਆ ਹੈ। ਇਸ ਲਈ ਪਾਰਟੀ ਵਰਕਰਾਂ ਦਾ ਮਨੋਬਲ ਤੋੜਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਇਸੇ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਵਾਰਡ ਪੱਧਰ ‘ਤੇ ’ਆਪ’ ਪਾਰਟੀ ਦੇ ਹੱਕ ’ਚ ਲਾਮਬੰਦ ਕੀਤਾ ਜਾਵੇ ਤਾਂ ਜੋ ਇਸ ਵਾਰ ਪੰਜਾਬ ’ਚ ਭਾਜਪਾ ਉਮੀਦਵਾਰਾਂ ਨੂੰ ਕਰਾਰੀ ਹਾਰ ਦੇ ਕੇ ਸਖਤ ਸੰਦੇਸ਼ ਦਿੱਤਾ ਜਾ ਸਕੇ। ਉਨ੍ਹਾਂ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਲੋਕਾਂ ਵਿੱਚ ਜਾ ਕੇ ਮੋਦੀ ਸਰਕਾਰ ਦੀ ਤਾਨਾਸ਼ਾਹੀ ਬਾਰੇ ਦੱਸਣ ਅਤੇ ਨਾਲ ਹੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀ। ਸਮੂਹ ਵਰਕਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਨੂੰ ਵੱਡੀ ਲੀਡ ਦੇ ਕੇ ਜਿਤਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਬੂਥ ’ਤੇ ‘ਆਪ’ ਪਾਰਟੀ ਨੂੰ ਲੀਡ ਦੁਆਈ ਜਾਵੇਗੀ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਹਰਮੇਸ਼ ਪਾਠਕ, ਵਾਰਡ ਪ੍ਰਧਾਨ ਰਾਜਾ ਕੌਲਸਰ, ਸੁਖਦੇਵ ਸਿੰਘ, ਸਰਫਰਾਜ਼, ਬੀ.ਐੱਸ. ਖਾਨ, ਕਰਨਜੀਤ ਸਿੰਘ, ਸੇਵਾ ਸਿੰਘ, ਰਣਜੀਤ ਸਿੰਘ, ਅਸ਼ੋਕ ਮਹਿਤਾ, ਇੰਦਰਜੀਤ ਪੀਪਾਰੰਗੀ ਆਦਿ ਹਾਜ਼ਰ ਸਨ

