ਖੁਸ਼ਹੈਸੀਅਤੀ ਟੈਕਸ ਵਿਰੋਧੀ ਇਤਿਹਾਸਕ ਕਿਸਾਨ ਮੋਰਚੇ ਦੇ ਸ਼ਹੀਦਾਂ ਦੀ 65ਵੀਂ ਬਰਸੀ ਮੌਕੇ ਨਰੂੜ (ਫਗਵਾੜਾ) ਵਿਖੇ ਪ੍ਰਭਾਵਸ਼ਾਲੀ ਕਾਨਫਰੰਸ

ਖੁਸ਼ਹੈਸੀਅਤੀ ਟੈਕਸ ਵਿਰੋਧੀ ਇਤਿਹਾਸਕ ਕਿਸਾਨ ਮੋਰਚੇ ਦੇ ਸ਼ਹੀਦਾਂ ਦੀ 65ਵੀਂ ਬਰਸੀ ਮੌਕੇ ਨਰੂੜ (ਫਗਵਾੜਾ) ਵਿਖੇ ਪ੍ਰਭਾਵਸ਼ਾਲੀ ਕਾਨਫਰੰਸ

ਖੁਸ਼ਹੈਸੀਅਤੀ ਟੈਕਸ ਵਿਰੋਧੀ ਮੋਰਚਾ ਦੇਸ਼ ਦੇ ਵੱਡੇ ਕਿਸਾਨ ਸੰਘਰਸ਼ਾਂ ਵਿੱਚੋਂ ਇੱਕ ਹੈ : ਕਾਮਰੇਡ ਮੁਹੰਮਦ ਸਲੀਮ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਨਰੂੜ ਅੱਜ ਇੱਥੇ ਪੰਜਾਬ ਕਿਸਾਨ ਸਭਾ ਸਬੰਧਤ ਕੁੱਲ ਹਿੰਦ ਕਿਸਾਨ ਸਭਾ ਦੀ ਅਗਵਾਈ ਵਿੱਚ ਪੰਜਾਬ ਦੀ ਕੈਰੋਂ ਸਰਕਾਰ ਵੱਲੋਂ ਕਿਸਾਨਾਂ ‘ਤੇ ਲਾਏ ਖੁਸ਼ਹੈਸੀਅਤੀ ਟੈਕਸ ਦੇ ਵਿਰੁੱਧ ਲੜੇ ਜੇਤੂ ਇਤਿਹਾਸਕ ਕਿਸਾਨ ਮੋਰਚੇ ਦੇ ਸ਼ਹੀਦਾਂ ਦੀ 65ਵੀਂ ਬਰਸੀ ਮੌਕੇ ਪ੍ਰਭਾਵਸ਼ਾਲੀ ਕਾਨਫਰੰਸ ਮਨਾਈ ਗਈ।
ਖੱਬੀ ਜਮਹੂਰੀ ਲਹਿਰ ਦੇ ਉੱਘੇ ਆਗੂ ਅਤੇ ਸੀ.ਪੀ.ਆਈ.(ਐਮ) ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਮੁਹੰਮਦ ਸਲੀਮ ਅਤੇ ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸਮੇਤ ਪੰਜਾਬ ਕਿਸਾਨ ਸਭਾ ਦੀ ਸੂਬਾਈ ਆਗੂਆਂ ਨੇ ਸ਼ਹੀਦੀ ਯਾਦਗਾਰ ‘ਤੇ ਪਹੁੰਚ ਕੇ ਸਰਧਾ ਦੇ ਫੁੱਲ ਭੇਟ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਕਾਨਫਰੰਸ ਵਿੱਚ ਪੰਜਾਬ ਭਰ ਵਿੱਚੋਂ ਪੁੱਜੇ ਹਜ਼ਾਰਾਂ ਕਿਸਾਨਾਂ-ਮਜਦੂਰਾਂ ਨੇ ਅਹਿਦ ਲਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਸੰਘਰਸ਼ ਤੇਜ਼ ਕੀਤਾ ਜਾਵੇਗਾ।
ਕਾਨਫਰੰਸ ਦੀ ਪ੍ਰਧਾਨਗੀ ਜਥੇਬੰਦੀ ਦੇ ਸੂਬਾ ਪ੍ਰਧਾਨ ਸਾਥੀ ਰੂਪਬਸੰਤ ਸਿੰਘ ਬੜੈਚ ਨੇ ਕੀਤੀ।
ਕਾਨਫਰੰਸ ਵਿੱਚ ਸੀ.ਪੀ.ਆਈ.(ਐਮ) ਦੇ ਪੋਲਿਟ ਬਿਊਰੋ ਮੈਂਬਰ ਕਾਮਰੇਡ ਮੁਹੰਮਦ ਸਲੀਮ ਨੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਦੇ ਆਜ਼ਾਦੀ ਦੇ ਸੰਗਰਾਮ ਸਮੇਤ ਕਿਸਾਨਾਂ ਦੇ ਅਨੇਕਾਂ ਸੰਘਰਸ਼ਾਂ ਵਿੱਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਖੁਸ਼ਹੈਸੀਅਤੀ ਟੈਕਸ ਵਿਰੋਧੀ ਮੋਰਚਾ ਦੇਸ਼ ਦੇ ਵੱਡੇ ਕਿਸਾਨ ਸੰਘਰਸ਼ਾਂ ਵਿੱਚੋਂ ਇੱਕ ਹੈ। ਉੱਘੇ ਦੇਸ਼ ਭਗਤ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਅਗਵਾਈ ਹੇਠ ਲੜੇ ਅਤੇ ਜਿੱਤੇ ਇਸ ਮੋਰਚੇ ਨੇ ਪੰਜਾਬੀਆਂ ‘ਤੇ ਥੋਪੇ ਜਾਣ ਵਾਲੇ 142 ਕਰੋੜ ਰੁਪਏ ਵਿੱਚੋਂ ਫੁੱਟੀ ਕੌਡੀ ਸਰਕਾਰ ਨੂੰ ਉਗਰਾਹੁਣ ਨਹੀਂ ਦਿੱਤੀ। ਇਹ ਖੁਸ਼ਹੈਸੀਅਤੀ ਟੈਕਸ ਵਿਰੋਧੀ ਮੋਰਚੇ ਦਾ ਸੰਘਰਸ਼ ਆਂਧਰਾ ਪ੍ਰਦੇਸ਼ ਦੇ ਹਥਿਆਰਬੰਦ ਕਿਸਾਨ ਅੰਦੋਲਨ ਤੋਂ ਬਾਅਦ ਦੂਜਾ ਵੱਡਾ ਸੰਘਰਸ਼ ਹੈ। ਇਹ ਸ਼ਾਨਾਮੱਤਾ ਅਤੇ ਕਿਸਾਨ ਸੰਘਰਸ਼ ਦੇਸ਼ ਦੀ ਕਿਸਾਨ ਲਹਿਰ ਦਾ ਸੁਨਹਿਰੀ ਪੰਨਾ ਹੈ।
ਕਾਮਰੇਡ ਸਲੀਮ ਨੇ ਕਿਹਾ ਕਿ ਪੰਜਾਬੀਆਂ ਦਾ ਇਤਿਹਾਸ ਹੈ ਕਿ ਉਹਨਾਂ ਨੇ ਬ੍ਰਿਟਿਸ਼ ਸਾਮਰਾਜ ਅਤੇ ਆਜ਼ਾਦੀ ਤੋਂ ਬਾਅਦ ਹੁਕਮਰਾਨਾਂ ਦੇ ਖ਼ਿਲਾਫ਼ ਡੱਟਕੇ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਬੰਗਾਲ ਅਤੇ ਪੰਜਾਬ ਦੀ ਸਾਂਝ ਬਹੁਤ ਪੁਰਾਣੀ ਹੈ , ਇੰਨ੍ਹਾਂ ਦੋਵੇਂ ਸੂਬਿਆਂ ਦੇ ਲੋਕਾਂ ਨੇ ਬ੍ਰਿਟਿਸ਼ ਸਾਮਰਾਜ ਵਿਰੁੱਧ ਮੋਹਰੀ ਹੋ ਕੇ ਲੜਾਈ ਲੜੀ ਹੈ ਅਤੇ ਕੁਰਬਾਨੀਆਂ ਦਿੱਤੀਆਂ ਹਨ। ਆਜ਼ਾਦੀ ਸੰਗਰਾਮ ਵਿੱਚ ਦੋਵੇਂ ਸੂਬਿਆਂ ਦੀ ਜਨਤਾ ਦੇ ਰੋਲ ਤੋਂ ਅੰਗਰੇਜ਼ ਹਕੂਮਤ ਪੂਰੀ ਤਰ੍ਹਾਂ ਭੈਅਭੀਤ ਸੀ ਇਸੇ ਦਾ ਸਿੱਟਾ ਹੈ ਕਿ ਆਜ਼ਾਦੀ ਮਿਲਣ ਸਮੇਂ ਅੰਗਰੇਜ਼ਾਂ ਨੇ ਪੰਜਾਬ ਅਤੇ ਬੰਗਾਲ ਦੀ ਵੰਡ ਕੀਤੀ। ਕਮਿਊਨਿਸਟ ਆਗੂ ਨੇ ਦੂਜੀ ਸੰਸਾਰ ਜੰਗ ਸਮੇਂ ਬੰਗਾਲ ਵਿੱਚ ਅਨਾਜ ਦੀ ਥੁੜ ਕਾਰਨ ਪਏ ਕਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਮਿਊਨਿਸਟ ਪਾਰਟੀ ਦੀ ਪਹਿਲਕਦਮੀ ‘ਤੇ ਉਸ ਵੇਲੇ ਪੰਜਾਬੀਆਂ ਨੇ ਰੇਲ ਗੱਡੀਆਂ ਬੰਗਾਲ ਨੂੰ ਅਨਾਜ ਦੀਆਂ ਭਰਕੇ ਭੇਜੀਆਂ ਸਨ।
ਕਮਿਊਨਿਸਟ ਆਗੂ ਕਾਮਰੇਡ ਸਲੀਮ ਨੇ ਮੋਦੀ ਸਰਕਾਰ ਦੀ ਤਿੱਖੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਇਸ ਸਰਕਾਰ ਦੇ ਸ਼ਾਸਨ ਵਿੱਚ 1 ਪ੍ਰਤੀਸ਼ਤ ਅਮੀਰਾਂ ਕੋਲ ਧੰਨ ਸੰਪਤੀ ਬੇਸ਼ੁਮਾਰ ਵਧੀ ਹੈ ਅਤੇ ਦੂਜੇ ਪਾਸੇ ਦੇਸ਼ ਦੇ 99 ਪ੍ਰਤੀਸ਼ਤ ਜਨਤਾ ਭੁੱਖਮਰੀ , ਕੰਗਾਲੀ ਦਾ ਸ਼ਿਕਾਰ ਹੋਈ ਹੈ। ਉਨ੍ਹਾਂ ਕਿਹਾ ਕਿ ਕਾਲਾ ਧਨ ਵਾਪਸੀ ਸਮੇਤ ਦੇਸ਼ ਦੇ ਕਿਰਤੀਆਂ, ਕਿਸਾਨਾਂ , ਨੌਜਵਾਨਾਂ ਆਦਿ ਹਰ ਵਰਗ ਨਾਲ ਕੀਤੇ ਵਾਅਦਿਆਂ ਦੇ ਉਲਟ ਕੇਂਦਰ ਸਰਕਾਰ ਆਮ ਲੋਕਾਂ ਨੂੰ ਮਹਿੰਗਾਈ , ਭ੍ਰਿਸ਼ਟਾਚਾਰ , ਬੇਕਾਰੀ ਆਦਿ ਨੂੰ ਨਕੇਲ ਪਾਉਣ ਤੋਂ ਅਸਮੱਰਥ ਰਹੀ ਹੈ ਅਤੇ ਅੰਬਾਨੀਆਂ-ਅਡਾਨੀਆਂ ਨੂੰ ਗੱਫੇ ਦਿੰਦੀ ਰਹੀ ਹੈ। ਏਅਰਪੋਰਟ , ਰੇਲਵੇ , ਬੈਂਕਾਂ ਸਮੇਤ ਪਬਲਿਕ ਖੇਤਰ ਨੂੰ ਕੋਡੀਆਂ ਦੇ ਭਾਅ ਅਮੀਰਾਂ ਦੇ ਹਵਾਲੇ ਕੀਤੇ ਹਨ।
ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਸਾਥੀ ਸੁਖਵਿੰਦਰ ਸਿੰਘ ਸੇਖੋਂ ਨੇ ਬੋਲਦਿਆਂ ਕਿਹਾ ਕਿ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਵਿੱਚ ਅਤੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਪੰਜਾਬੀਆਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ ,ਪਰ ਦੇਸ਼ ਦੇ ਹਾਕਮਾਂ ਨੇ ਪੰਜਾਬ ਸਮੇਤ ਸੂਬੇ ਦੀ ਖੇਤੀਬਾੜੀ ਦੇ ਧੰਦੇ ਅਤੇ ਕਿਸਾਨੀ ਨੂੰ ਖੁਸ਼ਹਾਲ ਬਣਾਉਣ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਸਰਕਾਰ ਕੇਰਲਾ ਸਰਕਾਰ ਵਾਂਗ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰੇ ਅਤੇ ਫ਼ਸਲਾਂ, ਫਲਾਂ, ਸਬਜ਼ੀਆਂ ਆਦਿ ਜਿਣਸਾਂ ਦੇ ਭਾਅ ਐਮ.ਐਸ.ਪੀ. ਮੁਤਾਬਕ ਦੇਵੇ।
ਸਾਥੀ ਸੇਖੋਂ ਨੇ ਪੰਜਾਬ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਨੇ ਆਪਣੇ ਦੋ ਸਾਲਾਂ ਦੇ ਕਾਰਜਕਾਲ ਵਿੱਚ ਦਰਸਾ ਦਿੱਤਾ ਕਿ ਉਨ੍ਹਾਂ ਕੋਲ ਕੋਈ ਅਜਿਹਾ ਠੋਸ ਪ੍ਰੋਗਰਾਮ ਜਾਂ ਨੀਤੀ ਨਹੀਂ ਜਿਸ ਨਾਲ ਕਿਰਤੀਆਂ , ਕਿਸਾਨਾਂ , ਵਪਾਰੀਆਂ ਅਤੇ ਆਮ ਲੋਕਾਂ ਦੀ ਹਾਲਾਤ ਵਿੱਚ ਸੁਧਾਰ ਹੋ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਦਿਨ-ਬ-ਦਿਨ ਖਰਾਬ ਹੋ ਰਹੀ ਹੈ। ਲੁੱਟਾਂ ਖੋਹਾਂ , ਦਿਨ ਦਿਹਾੜੇ ਕਤਲ , ਨਸ਼ਿਆਂ ਦੀ ਧੜੱਲੇ ਨਾਲ ਵਿੱਕਰੀ , ਗੁੰਡਾਗਰਦੀ ਆਦਿ ਘਟਨਾਵਾਂ ਆਮ ਜਿਹਾ ਵਰਤਾਰਾ ਬਣ ਗਿਆ ਹੈ। ਜੇਲ੍ਹਾਂ ਵਿੱਚੋਂ ਨਸ਼ਿਆਂ ਅਤੇ ਫ਼ਿਰੌਤੀਆਂ ਉਗਰਾਹੁਣ ਦਾ ਕਾਰੋਬਾਰ ਧੜੱਲੇ ਨਾਲ ਹੋ ਰਿਹਾ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸਾਨ ਸਭਾ ਦੇ ਆਗੂਆਂ ਅਤੇ ਕਾਰਕੁਨਾਂ ਨੂੰ ਰਾਜਨੀਤਕ ਤੌਰ ‘ਤੇ ਚੇਤੰਨ ਹੋ ਕਿਸਾਨ ਲਹਿਰ ਨੂੰ ਤਕੜਾ ਕਰਨਾ ਚਾਹੀਦਾ ਹੈ।
ਕਾਨਫਰੰਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਸਾਥੀ ਰੂਪਬਸੰਤ ਸਿੰਘ ਵੜੈਚ ਅਤੇ ਸੂਬਾ ਜਨਰਲ ਸਕੱਤਰ ਸਾਥੀ ਬਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਣਵੰਡੇ ਭਾਰਤ ਖਾਸ ਕਰਕੇ ਪੰਜਾਬ ਦੇ ਕਿਸਾਨ ਸੰਘਰਸ਼ਾਂ ਅਤੇ ਅੰਦੋਲਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ 1905-07 ਤੋਂ ਲੈ ਕੇ ਪੱਗੜੀ ਸੰਭਾਲ ਜੱਟਾ ਲਹਿਰ ਤੋਂ ਲੈ ਕੇ ਕਿਸਾਨਾਂ ਨੂੰ ਲਾਮਬੰਦ ਅਤੇ ਜਥੇਬੰਦ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਇੰਨ੍ਹਾਂ ਕਿਸਾਨ ਸੰਘਰਸ਼ਾਂ ਵਿੱਚੋਂ ਦੇਸ਼ ਦੇ ਕਿਸਾਨਾਂ ਦੀ ਜਥੇਬੰਦੀ ਕੁੱਲ ਹਿੰਦ ਕਿਸਾਨ ਸਭਾ ਦੀ ਸਥਾਪਨਾ 11 ਅਪ੍ਰੈਲ 1936 ਵਿੱਚ ਹੋਈ ਅਤੇ ਫੇਰ ਕਿਸਾਨ ਸਭਾ ਨੇ ਦੇਸ਼ ਦੀ ਆਜ਼ਾਦੀ ਲਹਿਰ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਹਰਸ਼ਾ ਛੀਨਾ ਮੋਘਾ ਮੋਰਚਾ ਸਮੇਤ ਅਨੇਕਾਂ ਸੰਘਰਸ਼ ਪੰਜਾਬ ਕਿਸਾਨ ਸਭਾ ਦੀ ਅਗਵਾਈ ਵਿੱਚ ਲੜੇ ਅਤੇ ਜਿੱਤੇ ਗਏ।
ਸੂਬਾਈ ਕਿਸਾਨ ਆਗੂਆਂ ਨੇ ਮੁਜ਼ਾਰਾ ਲਹਿਰ , ਤੇਲੰਗਾਨਾ ਦਾ ਕਿਸਾਨ ਸੰਘਰਸ਼ , ਖੁਸ਼ਹੈਸੀਅਤੀ ਟੈਕਸ ਵਿਰੋਧੀ ਮੋਰਚਾ ਤੋਂ ਲੈ ਕੇ ਮੋਦੀ ਸਰਕਾਰ ਦੁਆਰਾ ਲਿਆਂਦੇ ਖੇਤੀ ਦੇ ਕਾਲੇ ਕਾਨੂੰਨਾਂ ਵਿਰੁੱਧ ਲੜੇ ਜੇਤੂ ਸੰਘਰਸ਼ ਵਿੱਚ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਨਿਭਾਈ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਥੇਬੰਦੀ ਅੱਜ ਦੇਸ਼ ਦੇ 29 ਸੂਬਿਆਂ ਵਿੱਚ ਆਪਣਾ ਆਧਾਰ ਕਾਇਮ ਹੋ ਚੁੱਕਿਆ ਹੈ ਅਤੇ ਦੇਸ਼ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਬਣ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਪੰਜਾਬ ਭਰ ਵਿੱਚੋਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਰਾਮਲੀਲਾ ਮੈਦਾਨ ਨਵੀਂ ਦਿੱਲੀ ਵਿਖੇ ਹੋ ਰਹੀ ਮਜ਼ਦੂਰ ਕਿਸਾਨ ਮਹਾਂ ਪੰਚਾਇਤ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ।
ਕਾਨਫਰੰਸ ਮੌਕੇ ‘ਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸਾਥੀ ਸੁਖਪ੍ਰੀਤ ਸਿੰਘ ਜੌਹਲ ਨੇ ਨਿਭਾਈ। ਉਦਘਾਟਨੀ ਭਾਸ਼ਣ ਕਾ.ਲਛਮਣ ਸਿੰਘ ਜੌਹਲ ਨੇ ਕੀਤਾ।
ਇਸ ਕਾਨਫਰੰਸ ਵਿੱਚ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਕਿਸਾਨ ਆਗੂ ਸਾਥੀ ਸੁੱਚਾ ਸਿੰਘ ਅਜਨਾਲਾ , ਸਾਥੀ ਗੁਰਦਰਸ਼ਨ ਸਿੰਘ ਖਾਸਪੁਰ , ਗੁਰਨੇਕ ਸਿੰਘ ਭੱਜਲ , ਬਲਵੀਰ ਸਿੰਘ ਜਾਡਲਾ , ਮੇਜਰ ਸਿੰਘ ਪੁੰਨਾਵਾਲ , ਧਰਮਪਾਲ ਸਿੰਘ ਸੀਲ , ਸਵਰਨਜੀਤ ਸਿੰਘ ਦਲਿਓ , ਵਰਿੰਦਰਜੀਤ ਸਿੰਘ ਕਾਲਾ , ਪਿਆਰਾ ਸਿੰਘ ਲਸਾੜਾ , ਸੁਰਜੀਤ ਸਿੰਘ ਢੇਰ , ਗੁਰਮੀਤ ਸਿੰਘ ਛੱਜੂਭੱਟ , ਸੁਰਜੀਤ ਸਿੰਘ ਗਗੜਾ , ਮਾਸਟਰ ਮੂਲ ਚੰਦ ਸਰਹਾਲੀ , ਨਰਿੰਦਰ ਸਿੰਘ ਜੌਹਲ ਤੋਂ ਇਲਾਵਾ ਸੀਟੂ ਦੇ ਸੂਬਾਈ ਆਗੂ ਕਾ. ਜਤਿੰਦਰਪਾਲ ਸਿੰਘ , ਕਾ. ਅਬਦੁੱਲ ਸਤਾਰ , ਜਨਵਾਦੀ ਇਸਤਰੀ ਸਭਾ ਦੀ ਸੂਬਾਈ ਆਗੂ ਬੀਬੀ ਕ੍ਰਿਸ਼ਨਾ ਕੁਮਾਰੀ , ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਖਜ਼ਾਨਚੀ ਸ਼ੀਤਲ ਸਿੰਘ ਸੰਘਾ , ਕਾ. ਸੋਹਣ ਸਿੰਘ ਐਤੀਆਣਾ (ਕਲਕੱਤੇ ਵਾਲੇ) ਕੁਲਦੀਪ ਸਿੰਘ ਝਿੰਗੜ , ਜਸਕਰਨ ਸਿੰਘ ਕੰਗ ਵੀ ਮੌਜੂਦ ਸਨ

53 Views