ਡਾ. ਚੱਬੇਵਾਲ ਦਾ ਕਾਂਗਰਸ ਨੂੰ ਧੋਖਾ ਦੇ ਕੇ ‘ਆਪ’ ‘ਚ ਜਾਣਾ ਮੰਦਭਾਗੀ ਗੱਲ : ਸੰਤੋਸ਼ ਚੌਧਰੀ

ਡਾ. ਚੱਬੇjiਵਾਲ ਦਾ ਕਾਂਗਰਸ ਨੂੰ ਧੋਖਾ ਦੇ ਕੇ ‘ਆਪ’ ‘ਚ ਜਾਣਾ ਮੰਦਭਾਗੀ ਗੱਲ : ਸੰਤੋਸ਼ ਚੌਧਰੀ

ਕਿਹਾ: ਕਾਂਗਰਸ ਵਲੋਂ ਮਿਲੇ ਮਾਣ ਸਤਿਕਾਰ ਦੀ ਨਹੀਂ ਕੀਤੀ ਕਦਰ

ਫਗਵਾੜਾ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਡਾ: ਰਾਜ ਕੁਮਾਰ ਚੱਬੇਵਾਲ ਦੇ ਕਾਂਗਰਸ ਛੱਡ ਕੇ ‘ਆਪ’ ਪਾਰਟੀ ’ਚ ਸ਼ਾਮਿਲ ਹੋਣ ਨੂੰ ਲੈ ਕੇ ਟਿੱਪਣੀ ਕਰਦਿਆਂ ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਅਗਲੀਆਂ ਚੋਣਾਂ ‘ਚ ਟਿਕਟ ਦੇ ਮਜ਼ਬੂਤ ਦਾਅਵੇਦਾਰ ਸ੍ਰੀਮਤੀ ਸੰਤੋਸ਼ ਚੌਧਰੀ ਨੇ ਕਿਹਾ ਕਿ ਸਾਲ 2009 ਵਿਚ ਉਸ ਸਮੇਂ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਡਾ. ਰਾਜਕੁਮਾਰ ਨੂੰ ਕਾਂਗਰਸ ਵਿਚ ਸ਼ਾਮਲ ਕਰਵਾਇਆ ਅਤੇ ਕਾਂਗਰਸ ਪਰਿਵਾਰ ਦਾ ਹਿੱਸਾ ਸਮਝਦਿਆਂ ਪਾਰਟੀ ਦੇ ਐਸ.ਸੀ. ਡਿਪਾਰਟਮੈਂਟ ਦੇ ਚੇਅਰਮੈਨ ਦੇ ਅਹੁਦੇ ਨਾਲ ਵੀ ਨਵਾਜਿਆ। ਫਿਰ ਹਲਕਾ ਚੱਬੇਵਾਲ ਤੋਂ ਟਿਕਟ ਦੇ ਕੇ ਨਾ ਸਿਰਫ ਵਿਧਾਇਕ ਬਣਾਇਆ ਬਲਕਿ ਵਿਧਾਨਸਭਾ ਵਿਚ ਵਿਰੋਧੀ ਧਿਰ ਦੇ ਡਿਪਟੀ ਲੀਡਰ ਦੀ ਅਹਿਮ ਜਿੰਮੇਵਾਰੀ ਵੀ ਦਿੱਤੀ ਗਈ। ਇੰਨਾ ਸਭ ਕੁੱਝ ਮਿਲਣ ਦੇ ਬਾਵਜੂਦ 2024 ਦੀਆਂ ਲੋਕਸਭਾ ਚੋਣਾਂ ਦੇ ਅਹਿਮ ਪੜਾਅ ਤੋਂ ਪਹਿਲਾਂ ਕਾਂਗਰਸ ਨੂੰ ਇਕ ਤਰ੍ਹਾਂ ਨਾਲ ਧੋਖਾ ਦੇ ਕੇ ਆਪ ਪਾਰਟੀ ਵਿਚ ਸ਼ਾਮਲ ਹੋ ਜਾਣ ਨੂੰ ਮੰਦਭਾਗੀ ਗੱਲ ਹੀ ਕਿਹਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਰਾਜਨੀਤੀ ‘ਚ ਨਿਜੀ ਹਿਤ ਮਾਇਨੇ ਨਹੀਂ ਰੱਖਦੇ ਬਲਕਿ ਪਾਰਟੀ ਅਤੇ ਦੇਸ਼ ਹਿੱਤ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਜਨਤਾ ਦੀ ਸੇਵਾ ਹੀ ਮੁੱਖ ਟੀਚਾ ਹੋਣਾ ਚਾਹੀਦਾ ਹੈ ਪਰ ਸਿਆਸਤ ਦੇ ਸਿਖਰਾਂ ਤੇ ਪਹੁੰਚਣ ਦੀ ਲਾਲਸਾ ਵਿਚ ਅੱਜ ਕਲ ਲੀਡਰ ਆਪਣੀ ਵਿਚਾਰ ਧਾਰਾ ਨਾਲ ਸਮਝੌਤਾ ਕਰ ਰਹੇ ਹਨ ਜੋ ਦੇਸ਼ ਦੀ ਸਿਆਸਤ ਲਈ ਚੰਗੀ ਗੱਲ ਨਹੀਂ ਹੈ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਖੁਦ ਉਹਨਾਂ ਦੀ ਟਿਕਟ 1996 ਵਿਚ ਕੱਟ ਕੇ ਬਸਪਾ ਨਾਲ ਸਮਝੌਤਾ ਹੋਣ ਕਰਕੇ ਅਲਾਇੰਸ ਪਾਰਟਨਰ ਨੂੰ ਦੇ ਦਿੱਤੀ ਗਈ ਸੀ ਪਰ ਉਹ ਪਾਰਟੀ ਪ੍ਰਤੀ ਵਫਾਦਾਰ ਰਹੇ। ਫਿਰ 2014 ਅਤੇ 2019 ਵਿਚ ਟਿਕਟ ਨਹੀਂ ਦਿੱਤੀ ਤਾਂ ਵੀ ਪਾਰਟੀ ਦੇ ਫੈਸਲੇ ਦਾ ਸਤਿਕਾਰ ਕੀਤਾ। ਉਹਨਾਂ ਦੇ ਸਾਰੇ ਪਰਿਵਾਰ ਨੇ ਹੁਣ ਤੱਕ ਸਿਆਸਤ ਨੂੰ ਤਪੱਸਿਆ ਦੀ ਤਰ੍ਹਾਂ ਨਿਭਾਇਆ ਹੈ। ਜਿਸ ਤੋਂ ਹਰੇਕ ਕਾਂਗਰਸ ਵਰਕਰ ਨੂੰ ਸੇਧ ਲੈਣੀ ਚਾਹੀਦੀ ਹੈ। ਖੈਰ ਡਾ. ਰਾਜਕੁਮਾਰ ਚੱਬੇਵਾਲ ਦੇ ਪਾਰਟੀ ਨੂੰ ਅਲਵਿਦਾ ਆਖ ਜਾਣ ਤੋਂ ਬਾਅਦ ਹੁਣ ਸ੍ਰੀਮਤੀ ਚੌਧਰੀ ਨੂੰ ਹੁਸ਼ਿਆਰਪੁਰ ਹਲਕੇ ਤੋਂ ਕਾਂਗਰਸ ਵਲੋਂ ਉਮੀਦਵਾਰ ਐਲਾਨਿਆ ਜਾਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਇਲਾਕੇ ਭਰ ਵਿਚ ਚਰਚਾ ਦਾ ਬਾਜਾਰ ਗਰਮ ਹੈ

120 Views