ਆਪ’ ਪਾਰਟੀ ਨੂੰ ਪੰਜਾਬ ਦੀਆਂ ਸਾਰੀਆਂ ਲੋਕਸਭਾ ਸੀਟਾਂ ’ਤੇ ਮਿਲੇਗੀ ਕਰਾਰੀ ਹਾਰ : ਰਾਮਾਮੂਰਤੀ ਭਾਣੋਕੀ
ਆਪ’ ਪਾਰਟੀ ਨੂੰ ਪੰਜਾਬ ਦੀਆਂ ਸਾਰੀਆਂ ਲੋਕਸਭਾ ਸੀਟਾਂ ’ਤੇ ਮਿਲੇਗੀ ਕਰਾਰੀ ਹਾਰ : ਰਾਮਾਮੂਰਤੀ ਭਾਣੋਕੀ
ਕਿਹਾ: ਭਗਵੰਤ ਮਾਨ ਜਨਤਾ ਨੂੰ ਗੁੰਮਰਾਹ ਕਰਨ ‘ਚ ਮਾਹਿਰ
ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਸੀਨੀਅਰ ਕਾਂਗਰਸੀ ਆਗੂ ਅਤੇ ਰੇਲਵੇ ਬੋਰਡ ਦੇ ਸਾਬਕਾ ਮੈਂਬਰ ਰਾਮ ਮੂਰਤੀ ਭਾਣੋਕੀ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ’ਤੇ ਸਿਆਸੀ ਵਿਅੰਗ ਛੱਡਦਿਆਂ ਅੱਜ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਨਤਾ ਨੂੰ ਗੁੰਮਰਾਹ ਕਰਨ ਦੇ ਹੁਨਰ ‘ਚ ਮੁਹਾਰਤ ਰੱਖਦੇ ਹਨ। ਪਰ ਆਉਣ ਵਾਲੀਆਂ ਲੋਕਸਭਾ ਚੋਣਾਂ ਵਿਚ ਇਹ ਹੁਨਰ ਉਨ੍ਹਾਂ ਦੇ ਕੰਮ ਨਹੀਂ ਆਵੇਗਾ ਕਿਉਂਕਿ ਪਿਛਲੇ ਦੋ ਸਾਲਾਂ ਦੌਰਾਨ ਜਨਤਾ ਨੇ ਦੇਖ ਲਿਆ ਹੈ ਕਿ ਸੂਬੇ ਵਿਚ ਝੂਠੀਆਂ ਗਾਰੰਟੀਆਂ ਦੇ ਨਾਂ ’ਤੇ ਸੱਤਾ ਵਿਚ ਆਈ ‘ਆਪ’ ਸਰਕਾਰ ਨੇ ਗੱਲਾਂ ਦੇ ਕੜਾਹ ਨਾਲ ਹੀ ਲੋਕਾਂ ਦਾ ਢਿੱਡ ਭਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਮਾਫੀਆ ਰਾਜ ਅਤੇ ਨਸ਼ਿਆਂ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਸਗੋਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ ਜੋ ਦੇਸ਼ ਦੀ ਸੁਰੱਖਿਆ ਲਈ ਵੀ ਖਤਰਾ ਹੈ। ਲੋਕਾਂ ਦੀ ਮਿਹਨਤ ਦੀ ਕਮਾਈ ਪਾਰਟੀ ਦੇ ਪ੍ਰਚਾਰ ’ਤੇ ਅੰਨ੍ਹੇਵਾਹ ਖਰਚ ਕੀਤੀ ਜਾ ਰਹੀ ਹੈ, ਜਦਕਿ ਔਰਤਾਂ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਮਾਮਲੇ ’ਚ ਖਜ਼ਾਨਾ ਖਾਲੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚੋਂ ਪੂਰੀ ਤਰ੍ਹਾਂ ਸਫਾਇਆ ਹੋਣਾ ਤੈਅ ਹੈ। ਕਿਉਂਕਿ ਵੋਟਰ ਇਸ ਪਾਰਟੀ ਨੂੰ ਵੋਟ ਪਾ ਕੇ ਆਪਣੀ ਵੋਟ ਖਰਾਬ ਨਹੀਂ ਕਰਨਗੇ। ਉਨ੍ਹਾਂ ਪੂਰੇ ਭਰੋਸੇ ਨਾਲ ਕਿਹਾ ਕਿ ਇਸ ਵਾਰ ਕਾਂਗਰਸ ਪਾਰਟੀ ਆਪਣੇ ਸਹਿਯੋਗੀਆਂ ਦੇ ਨਾਲ ਕੇਂਦਰ ਦੀ ਸੱਤਾ ਵਿੱਚ ਵਾਪਸੀ ਕਰੇਗੀ ਕਿਉਂਕਿ ਮੋਦੀ ਸਰਕਾਰ ਦੇ ਪਿਛਲੇ ਦੱਸ ਸਾਲਾਂ ਦੇ ਰਾਜ ਤੋਂ ਤੰਗ ਆ ਚੁੱਕੇ ਲੋਕ ਹੁਣ ਬਦਲਾਅ ਚਾਹੁੰਦੇ ਹਨ

