ਪੰਜਾਬ ਸਰਕਾਰ ਦਾ ਬਜਟ ਸੂਬੇ ਦੇ ਸੁਨਹਿਰੀ ਭਵਿੱਖ ਲਈ ਮੀਲ ਪੱਥਰ ਬਣੇਗਾ : ਜੋਗਿੰਦਰ ਮਾਨ

ਪੰਜਾਬ ਸਰਕਾਰ ਦਾ ਬਜਟ ਸੂਬੇ ਦੇ ਸੁਨਹਿਰੀ ਭਵਿੱਖ ਲਈ ਮੀਲ ਪੱਥਰ ਬਣੇਗਾ : ਜੋਗਿੰਦਰ ਮਾਨ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਉਪਰਾਲੇ ਦੀ ਕੀਤੀ ਸ਼ਲਾਘਾ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਆਮ ਆਦਮੀ ਪਾਰਟੀ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਆਉਣ ਵਾਲੇ ਵਿੱਤੀ ਸਾਲ 2024-25 ਲਈ ਵਿਧਾਨ ਸਭਾ ‘ਚ ਪੇਸ਼ ਕੀਤੇ ਬਜਟ ਨੂੰ ਬੇਮਿਸਾਲ ਦੱਸਦਿਆਂ ਕਿਹਾ ਕਿ ਇਹ ਬਜਟ ਅਸਲ ਵਿੱਚ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਦਿਸ਼ਾ ‘ਚ ਭਗਵੰਤ ਮਾਨ ਸਰਕਾਰ ਦਾ ਇੱਕ ਸਾਰਥਕ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦੇਣ ਦੇ ਬਾਵਜੂਦ ਬਜਟ ਵਿੱਚ ਕਿਸੇ ਵੀ ਨਵੇਂ ਟੈਕਸ ਦਾ ਬੋਝ ਨਾ ਪਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਨਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਪ੍ਰਤੀ ਵਚਨਬੱਧਤਾ ਦਾ ਸਬੂਤ ਦਿੱਤਾ ਹੈ। ਸੂਬੇ ਦੇ ਬਜ਼ੁਰਗਾਂ, ਔਰਤਾਂ, ਅੰਗਹੀਣਾਂ, ਵਿਧਵਾਵਾਂ, ਗਰੀਬਾਂ, ਪਛੜੀਆਂ ਸ਼੍ਰੇਣੀਆਂ ਅਤੇ ਅਨੁਸੂਚਿਤ ਜਾਤੀਆਂ ਦਾ ਬਰਾਬਰ ਖਿਆਲ ਰੱਖਿਆ ਗਿਆ ਹੈ। ਜਿਸ ਦੇ ਆਧਾਰ ’ਤੇ ਇਹ ਬਜਟ ਪੰਜਾਬ ਨੂੰ ਵਿਕਾਸ ਦੇ ਨਵੇਂ ਰਾਹ ’ਤੇ ਲੈ ਜਾਵੇਗਾ। ਮਾਨ ਨੇ ਕਿਹਾ ਕਿ ਇਸ ਬਜਟ ਵਿੱਚ ਕਿਸਾਨਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਬਜਟ ਵਿੱਚ ਖੇਤੀ ਵਿਭਿੰਨਤਾ ਲਈ 575 ਕਰੋੜ ਰੁਪਏ ਅਤੇ ਖੇਤੀ ਸਬਸਿਡੀ ਲਈ 9330 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ, ਜੋ ਕਿ ਕਿਸਾਨ ਭਲਾਈ ਪ੍ਰਤੀ ਸੂਬਾ ਸਰਕਾਰ ਦੀਆਂ ਵਚਨਬੱਧਤਾਵਾਂ ਨੂੰ ਦਰਸਾਉਂਦਾ ਹੈ। ਖੇਡਾਂ, ਉਦਯੋਗ, ਸਮਾਜਿਕ ਸੁਰੱਖਿਆ, ਬੁਨਿਆਦੀ ਢਾਂਚੇ, ਸਿੱਖਿਆ ਅਤੇ ਸਿਹਤ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਭਗਵੰਤ ਮਾਨ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਚੰਗੀ ਸਿੱਖਿਆ ਅਤੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਚੰਗਾ ਇਲਾਜ਼ ਯਕੀਨੀ ਬਣਾਉਣਾ ਹੈ। ਜਿਸ ਵੱਲ ਵੀ ਬਜਟ ਵਿੱਚ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਬਜਟ ਵਿੱਚ ਖੇਤੀਬਾੜੀ ਖੇਤਰ ਲਈ 13784 ਕਰੋੜ ਰੁਪਏ, ਬੁਨਿਆਦੀ ਢਾਂਚੇ ਲਈ 24283 ਕਰੋੜ ਰੁਪਏ, ਸਮਾਜ ਭਲਾਈ ਅਤੇ ਨਿਆਂ ਵਿਭਾਗ ਲਈ 9388 ਕਰੋੜ ਰੁਪਏ, ਸਕੂਲ ਅਤੇ ਉੱਚ ਸਿੱਖਿਆ ਲਈ 16987 ਕਰੋੜ ਰੁਪਏ, ਸਿਹਤ ਅਤੇ ਪਰਿਵਾਰ ਭਲਾਈ ਲਈ 5264 ਕਰੋੜ ਰੁਪਏ, ਖੇਡਾਂ ਅਤੇ ਯੁਵਾ ਮਾਮਲਿਆਂ ਲਈ 272 ਕਰੋੜ ਰੁਪਏ, ਰੁਜ਼ਗਾਰ ਸਿਰਜਣ ਅਤੇ ਸਿਖਲਾਈ ਲਈ 179 ਕਰੋੜ ਰੁਪਏ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ 260 ਕਰੋੜ ਰੁਪਏ ਅਲਾਟ ਕਰਨ ਦੀ ਤਜਵੀਜ਼ ਦਾ ਸਵਾਗਤ ਕਰਦਿਆਂ ਮਾਨ ਨੇ ਕਿਹਾ ਕਿ ਪਹਿਲੀ ਵਾਰ ਪੰਜਾਬ ਦਾ ਬਜਟ 2 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਵੱਲੋਂ ਲੋਕ ਭਲਾਈ ਲਈ ਕਈ ਵੱਡੇ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਇਸ ਬਜਟ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਿਸ਼ੇਸ਼ ਵਧਾਈ ਦੇ ਹੱਕਦਾਰ ਹਨ, ਜਿਨ੍ਹਾਂ ਨੇ ਸਦਨ ਵਿੱਚ ਸ਼ਾਨਦਾਰ ਬਜਟ ਪੇਸ਼ ਕਰਕੇ ਸੂਬੇ ਦੇ ਵਿਕਾਸ ਦੀ ਰਾਹ ਵਿੱਚ ਇੱਕ ਮੀਲ ਪੱਥਰ ਸਥਾਪਿਤ ਕੀਤਾ ਹੈ

45 Views