ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਖੇੜਾ ਰੋਡ ਵਿਖੇ ਲਗਾਇਆ ਪਲਸ ਪੋਲੀਓ ਬੂੰਦਾਂ ਸਬੰਧੀ ਬੂਥ
ਪ੍ਰੇਮ ਨਗਰ ਸੇਵਾ ਸੁਸਾਇਟੀ ਨੇ ਖੇੜਾ ਰੋਡ ਵਿਖੇ ਲਗਾਇਆ ਪਲਸ ਪੋਲੀਓ ਬੂੰਦਾਂ ਸਬੰਧੀ ਬੂਥ
90 ਬੱਚਿਆਂ ਨੂੰ ਪਿਲਾਈਆਂ ਪਲਸ ਪੋਲੀਓ ਬੂੰਦਾਂ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਪ੍ਰੇਮ ਨਗਰ ਸੇਵਾ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਫਗਵਾੜਾ ਦੇ ਸਹਿਯੋਗ ਨਾਲ ਸਥਾਨਕ ਖੇੜਾ ਰੋਡ ਸਥਿਤ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਇਮਾਰਤ ਵਿੱਚ ਕੈਂਪ ਲਗਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਸ ਦੌਰਾਨ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਬੂਥ ’ਤੇ 90 ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅਗਲੇ ਦੋ ਦਿਨਾਂ ਦੌਰਾਨ ਘਰ-ਘਰ ਜਾ
ਕੇ ਉਨ੍ਹਾਂ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ, ਜਿਨ੍ਹਾਂ ਦੇ ਮਾਪੇ ਕਿਸੇ ਕਾਰਨ ਬੂਥ ’ਤੇ ਦਵਾਈ ਪਿਲਾਉਣ ਲਈ ਨਹੀਂ ਆ ਸਕੇ। ਉਨ੍ਹਾਂ ਕਿਹਾ ਕਿ ਦੋ ਬੂੰਦ ਜ਼ਿੰਦਗੀ ਦੇ ਨਾਂ ਨਾਲ ਮਸ਼ਹੂਰ ਹੋਈ ਇਹ ਮੁਹਿੰਮ ਭਾਰਤ ਨੂੰ ਪੋਲੀਓ ਮੁਕਤ ਬਣਾਉਣ ਵਿੱਚ ਬਹੁਤ ਸਫ਼ਲ ਰਹੀ ਹੈ। ਉਨ੍ਹਾਂ ਅਪੀਲ ਕੀਤੀ ਕਿ ਬੱਚਿਆਂ ਨੂੰ ਸਿਹਤਮੰਦ ਰੱਖਣ ਲਈ ਪਲਸ ਪੋਲੀਓ ਬੂੰਦਾਂ ਜਰੂਰ ਪਿਲਾਈਆਂ ਜਾਣ ਤਾਂ ਜੋ ਉਨ੍ਹਾਂ ਨੂੰ ਪੋਲੀਓ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਇਆ ਜਾ ਸਕੇ। ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਜਨਰਲ ਸਕੱਤਰ ਸੁਰਿੰਦਰਪਾਲ ਅਤੇ ਵੰਦਨਾ ਸ਼ਰਮਾ ਨੇ ਆਸ਼ਾ ਵਰਕਰ ਮੀਰਾ, ਰਾਮਗੜ੍ਹੀਆ ਨਰਸਿੰਗ ਕਾਲਜ ਦੀ ਸਿੱਖਿਆਰਥਣ ਨੀਤਿਕਾ ਸ਼ਰਮਾ ਅਤੇ ਕਾਜਲ ਤੋਂ ਇਲਾਵਾ ਸਿਵਲ ਹਸਪਤਾਲ ਦੀ ਟੀਮ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਸਿਟੀਜ਼ਨ ਵੈਲਫੇਅਰ ਕੌਂਸਲ ਦੇ ਪ੍ਰਧਾਨ ਵਿਸ਼ਵਾਮਿੱਤਰ ਸ਼ਰਮਾ ਅਤੇ ਹੋਰ ਪਤਵੰਤੇ ਹਾਜ਼ਰ ਸਨ

