75ਵੇਂ ਗਣਤੰਤਰ ਦਿਵਸ ‘ਤੇ ਵਧੀਕ ਡਿਪਟੀ ਕਮਿਸ਼ਨਰ ਨੇ ਫਗਵਾੜਾ ‘ਚ ਲਹਿਰਾਇਆ ਤਿਰੰਗਾ
75ਵੇਂ ਗਣਤੰਤਰ ਦਿਵਸ ‘ਤੇ ਵਧੀਕ ਡਿਪਟੀ ਕਮਿਸ਼ਨਰ ਨੇ ਫਗਵਾੜਾ ‘ਚ ਲਹਿਰਾਇਆ ਤਿਰੰਗਾ

ਆਜ਼ਾਦੀ ਘੁਲਾਟੀਆਂ ਅਤੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕੀਤਾ ਯਾਦ
ਸੰਵਿਧਾਨਕ ਕਦਰਾਂ-ਕੀਮਤਾਂ ‘ਤੇ ਪਹਿਰਾ ਦੇਣ ਦੀ ਲੋੜ ‘ਤੇ ਜ਼ੋਰ
ਫਗਵਾੜਾ ( ਡਾ ਰਮਨ ) ਵਧੀਕ ਡਿਪਟੀ ਕਮਿਸ਼ਨਰ ਅਮਿਤ ਪੰਚਾਲ ਨੇ 75ਵੇਂ ਗਣਤੰਤਰਤਾ ਦਿਵਸ ਮੌਕੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ( ਲੜਕੇ) ਦੀ ਗਰਾਂਊਂਡ ਵਿਖੇ ਕੌਮੀ ਝੰਡਾ ਲਹਿਰਾਉਂਦਿਆਂ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਆਜ਼ਾਦੀ ਘੁਲ਼ਾਟੀਆਂ ਅਤੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ।
ਪੰਜਾਬ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਆਪਣੇ ਸੰਦੇਸ਼ ਵਿਚ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਆਜ਼ਾਦੀ ਪ੍ਰਾਪਤੀ ਲਈ ਚੱਲੇ ਲੰਬੇ ਸੰਘਰਸ਼ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਧ 80 ਫੀਸਦੀ ਯੋਗਦਾਨ ਰਿਹਾ। ਪੰਜਾਬ ਦੀ ਧਰਤੀ ਤੋਂ ਗ਼ਦਰ ਲਹਿਰ, ਕੂਕਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਪੱਗੜੀ ਸੰਭਾਲ ਲਹਿਰ, ਪਰਜਾ ਤੰਤਰ, ਨੌਜਵਾਨ ਸਭਾ ਸ਼ੁਰੂ ਹੋਈ। ਸਮੇਂ-ਸਮੇਂ ‘ਤੇ ਲੱਗੇ ਮੋਰਚਿਆਂ ਨੇ ਵਿਦੇਸ਼ੀ ਹਾਕਮਾਂ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕੀਤਾ। ਉਨ੍ਹਾਂ ਕਿਹਾ ਕਿ ਆਜ਼ਾਦੀ ਲਈ ਸੰਘਰਸ਼ ਵਿੱਚ ਪੰਜਾਬ ਦੇ ਸੂਰਬੀਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ, ਜਿਨਾਂ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਊਧਮ ਸਿੰਘ ਨੇ ਲਾਮਿਸਾਲ ਸ਼ਹੀਦੀਆਂ ਦੇ ਕੇ ਦੇਸ਼ ਦੇ ਆਜ਼ਾਦੀ ਸੰਗਰਾਮ ਨੂੰ ਨਵੀਂ ਦਿਸ਼ਾ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਉੱਠੀਆਂ ਲਹਿਰਾਂ ਨੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਣ ਉਪਰੰਤ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਭਾਰਤ ਗਣਰਾਜ ਦੀ ਸਥਾਪਨਾ ਹੋਈ । ਉਨ੍ਹਾਂ ਨੇ ਦੇਸ਼ ਦੀਆਂ ਸਮੂਹ ਹਥਿਆਰਬੰਦ ਸੈਨਾਵਾਂ , ਅਰਧ ਸੈਨਿਕ ਬਲਾਂ ਅਤੇ ਸੂਬਿਆਂ ਦੀਆਂ ਪੁਲਿਸ ਫੋਰਸਾਂ ਦੇ ਅਫਸਰਾਂ, ਜਵਾਨਾਂ ਵਲੋਂ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਅਤੇ ਦੇਸ਼ ਨੂੰ ਵੱਖ-ਵੱਖ ਚੁਣੌਤੀਆਂ ਤੋਂ ਸੁਰੱਖਿਅਤ ਰੱਖਣ ਲਈ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀ ਅਗਵਾਈ ਵਿੱਚ ਬਣੀ ਕਮੇਟੀ ਨੇ ਦੇਸ਼ ਲਈ ਅਜਿਹਾ ਸੰਵਿਧਾਨ ਬਣਾਇਆ, ਜਿਸ ਨਾਲ ਸਾਰੇ ਦੇਸ਼ ਨੂੰ ਇੱਕ ਮਾਲਾ ਵਿੱਚ ਪਰੋ ਦਿੱਤਾ ਅਤੇ ਭਾਰਤ ਇੱਕ ਮਜ਼ਬੂਤ ਦੇਸ਼ ਬਣ ਕੇ ਦੁਨੀਆਂ ਦੇ ਮੋਹਰਲੀ ਕਤਾਰ ਦੇ ਦੇਸ਼ਾਂ ਵਿੱਚ ਸ਼ੁਮਾਰ ਹੋਇਆ।
ਵਧੀਕ ਡਿਪਟੀ ਕਮਿਸ਼ਨਰ ਨੇ ਇਸ ਇਤਿਹਾਸਿਕ ਦਿਹਾੜੇ ‘ਤੇ
ਸਮੁੱਚੇ ਪੰਜਾਬੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਸੂਬੇ ਵਿੱਚ ਅਮਨ, ਸ਼ਾਂਤੀ, ਭਾਈਚਾਰਕ ਸਾਂਝ ਤੇ ਫਿਰਕੂ ਸਦਭਾਵਨਾ ਦੀ ਮਿਸਾਲ ਪੈਦਾ ਕਰਦਿਆਂ ਦੇਸ਼ ਦੇ ਸਰਵਪੱਖੀ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਸਾਨੂੰ ਅਹਿਦ ਲੈਣਾ ਚਾਹੀਦਾ ਹੈ ਕਿ ਮਹਾਨ ਆਜ਼ਾਦੀ ਘੁਲਾਟੀਆਂ ਵੱਲੋਂ ਸੰਜੋਏ ਸੁਪਨਿਆਂ ਦੀ ਪੂਰਤੀ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਪੂਰੀ ਤਰ੍ਹਾਂ ਯਤਨਸ਼ੀਲ ਰਹੀਏ।
ਗਣਤੰਤਰ ਦਿਵਸ ਮੌਕੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਅਤੇ ਸੱਭਿਆਚਾਰ ‘ਤੇ ਆਧਾਰਿਤ ਸਰਗਰਮੀਆਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਵਿਚ ਡੀਵਾਈਨ ਪਬਲਿਕ ਸਕੂਲ, ਕਮਲਾ ਨਹਿਰੂ ਪਬਲਿਕ ਸਕੂਲ, ਚੱਕ ਹਕੀਮ ਫਗਵਾੜਾ, ਕੇ.ਐਮ.ਵੀ ਅਤੇ ਐਸ.ਡੀ ਪੁੱਤਰੀ ਪਾਠਸ਼ਾਲਾ ਦੇ ਵਿਦਿਆਰਥੀ ਸ਼ਾਮਲ ਸਨ। ਪਰੇਡ ਵਿੱਚ ਪੰਜਾਬ ਪੁਲਿਸ ( ਪੁਰ਼ਸ਼) ਅਤੇ ਸਕੂਲਾਂ ਦੇ ਐਨ.ਸੀ.ਸੀ ਬਟਾਲੀਅਨ-8 ਦੀ ਟੁਕੜੀ ਸ਼ਾਮਲ ਸਨ।
ਇਸ ਮੌਕੇ ਐਸ.ਡੀ.ਐਮ. ਜਸ਼ਨਜੀਤ ਸਿੰਘ, ਐਸ ਪੀ ਗੁਰਪ੍ਰੀਤ ਸਿੰਘ ਗਿੱਲ, ਜਿਲਾ ਯੋਜਨਾ ਬੋਰਡ ਦੀ ਚੇਅਰਪਰਸਨ ਲਲਿਤ ਸਕਲਾਨੀ, ਆਮ ਆਦਮੀ ਪਾਰਟੀ ਦੇ ਆਗੂ ਜੋਗਿੰਦਰ ਸਿੰਘ ਮਾਨ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਐਡਵੋਕੇਟ ਕਸ਼ਮੀਰ ਸਿੰਘ ਮੱਲ੍ਹੀ, ਮਾਰਕਿਟ ਕਮੇਟੀ ਦੇ ਚੇਅਰਮੈਨ ਤਵਿੰਦਰ ਰਾਮ, ਐਸ.ਸੀ.ਸੈੱਲ ਪ੍ਰਧਾਨ ਸੰਤੋਸ਼ ਕੁਮਾਰ ਗੋਗੀ, ਅਵਤਾਰ ਸਿੰਘ ਪੰਡਵਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵਿਦਿਆਰਥੀ ਮੌਜੂਦ ਸਨ

