ਪੁਲਿਸ ਨੇ ਦਬੋਚੇ ‘ਅੰਗੇਰਜ’ ‘ਤੇ ਨੰਬਰਦਾਰ’, ਲੱਗੀ ਚੋਰੀ ਕੀਤੇ ਮੋਟਰਸਾਈਕਲਾਂ ਦੀ ਕਤਾਰ*
*ਪੁਲਿਸ ਨੇ ਦਬੋਚੇ ‘ਅੰਗੇਰਜ’ ‘ਤੇ ਨੰਬਰਦਾਰ’, ਲੱਗੀ ਚੋਰੀ ਕੀਤੇ ਮੋਟਰਸਾਈਕਲਾਂ ਦੀ ਕਤਾਰ*
( *ਜਸਵੀਰ ਸਿੱਧੂ* )
ਬਠਿੰਡਾ, 23ਨਵੰਬਰ 2023: ਬਠਿੰਡਾ ਪੁਲੀਸ ਨੇ ਚੜ੍ਹਦੀ ਉਮਰ ਦੇ ਦੋ ਮੁੰਡਿਆਂ ਦੀ ਜੋੜੀ ਨੂੰ ਕਾਬੂ ਕਰਕੇ ਮੋਟਰਸਾਈਕਲ ਚੋਰੀਆਂ ਦੇ ਨੈਟਵਰਕ ਨੂੰ ਭੰਨਣ ‘ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇੰਨ੍ਹਾਂ ਵੱਲੋਂ ਅੱਗੇ ਵੇਚਣ ਲਈ ਦੋ ਵੱਖ ਵੱਖ ਥਾਵਾਂ ਤੇ ਸਥਿਤ ਮਕਾਨਾਂ ਵਿੱਚ ਲੁਕਾਕੇ ਰੱਖੇ ਚੋਰੀ ਦੇ 10 ਮੋਟਰਸਾਈਕਲ ਬਰਾਮਦ ਕੀਤੇ ਹਨ ਜਦੋਂਕਿ 11 ਵਾਂ ਬਿਨਾਂ ਨੰਬਰ ਦੇ ਸਪਲੈਂਡਰ ਮੋਟਰਸਾਈਕਲ ਹੈ ਜੋ ਗ੍ਰਿਫਤਾਰੀ ਵਕਤ ਇੰਨ੍ਹਾਂ ਕੋਲ ਸੀ।
ਐਸ ਐਸ ਪੀ ਹਰਮਨਬੀਰ ਸਿੰਘ ਗਿੱਲ ਵੱਲੋਂ ਜਾਰੀ ਨਿਰਦੇਸ਼ਾਂ ਤਹਿਤ ਸੀਆਈਏ ਸਟਾਫ ਟੂ ਵੱਲੋਂ ਦਿਖਾਈ ਸਰਗਰਮੀ ਰੰਗ ਲਿਆਈ ਹੈ। ਪੁਲਿਸ ਵੱਲੋਂ ਗ੍ਰਿਫਤਾਰ ਨੌਜਵਾਨਾਂ ਦੀ ਪਛਾਣ ਅੰਗਰੇਜ ਸਿੰਘ ਪੁੱਤਰ ਪੁੱਤਰ ਗੁਰਨਾਮ ਸਿੰਘ ਵਾਸੀ ਗੰਗਾ ਬਸਤੀ ਪਿੰਡ ਮੁਲਤਾਨੀਆ ਅਤੇ ਅੰਮ੍ਰਿਤਪਾਲ ਸਿੰਘ ਉਰਫ ਨੰਬਰਦਾਰ ਪੁੱਤਰ ਸੁਖਮੰਦਰ ਸਿੰਘ ਵਾਸੀ ਜੰਡ ਵਾਲੀ ਗਲੀ ਪਿੰਡ ਤਿਉਣਾ ਜਿਲ੍ਹਾ ਬਠਿੰਡਾ ਵਜੋਂ ਕੀਤੀ ਗਈ ਹੈ।
ਸੀਆਈਏ ਸਟਾਫ ਪੁਲਿਸ ਨੇ ਇੰਨ੍ਹਾਂ ਦੋਵਾਂ ਨੂੰ ਪਿੰਡ ਤਿਉਣਾ ਲਾਗਿਓਂ ਗ੍ਰਿਫਤਾਰ ਕੀਤਾ ਹੈ। ਅੱਜ ਪੁਲਿਸ ਨੇ ਇਸ ਸਬੰਧ ਵਿੱਚ ਖੁਲਾਸਾ ਕਰਦਿਆਂ ਜਾਣਕਾਰੀ ਦਿੱਤੀ ਕਿ ਮੋਟਰਸਾਈਕਲ ਚੋਰੀ ਹੋਣ ਦੀਆਂ ਵਾਰਦਾਤਾਂ ਨੂੰ ਦੇਖਦਿਆਂ ਚੋਰਾਂ ਨੂੰ ਗ੍ਰਿਫਤਾਰ ਕਰਨ ਦੀ ਤਾਕ ਵਿੱਚ ਪੁਲਿਸ ਨੂੰ ਇਸ ਸਬੰਧ ਵਿੱਚ ਗੁਪਤ ਸੂਚਨਾ ਮਿਲ ਗਈ ਜਿਸ ਦੇ ਅਧਾਰ ਤੇ ਦੋਵਾਂ ਮੁਲਜਮਾਂ ਖਿਲਾਫ ਥਾਣਾ ਸਦਰ ਬਠਿੰਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਮੁਢਲੀ ਪੁੱਛਗਿੱਛ ਦੌਰਾਨ ਅੰਗਰੇਜ ਸਿੰਘ ਵੱਲੋਂ ਦਿੱਤੀ ਜਾਣਕਾਰੀ ਦੇ ਅਧਾਰ ਤੇ ਬਠਿੰਡਾ ਮਾਨਸਾ ਸੜਕ ਤੇ ਸਥਿਤ ਜੋਗਾ ਨਗਰ ਦੇ ਨਜ਼ਦੀਕ ਰੇਲਵ ਲਾਈਨ ਕੋਲ ਇੱਕ ਬੇਅਬਾਦ ਮਕਾਨ ਵਿੱਚੋਂ ਪੰਜ ਅਤੇ ਅੰਮ੍ਰਿਤਪਾਲ ਦੀ ਨਿਸ਼ਾਨਦੇਹੀ ਤੇ ਪਿੰਡ ਨਰੂਆਣਾ ਦੀ ਹੱਦ ਵਿੱਚ ਬਣੇ ਨੰਨ੍ਹੀ ਛਾਂ ਚੌਕ ਲਾਗੇ ਇੱਕ ਕਮਰੇ ਚੋਂ ਏਨੇ ਹੀ ਮੋਟਰਸਾਈਕਲ ਬਰਾਮਦ ਕੀਤੇ ਹਨ।
ਸੂਤਰਾਂ ਮੁਤਾਬਕ ਦੋਵੇਂ ਮੁਲਜਮ ਜਾਅਲੀ ਨੰਬਰ ਪਲੇਟਾਂ ਅਤੇ ਜਾਅਲੀ ਕਾਗਜਾਤ ਤਿਆਰ ਕਰਕੇ ਮੋਟਰਸਾਈਕਲ ਅੱਗੇ ਵੇਚਣ ਦੀ ਤਾਕ ‘ਚ ਸਨ ਪਰ ਇਸ ਤੋਂ ਪਹਿਲਾਂ ਪੁਲਿਸ ਇੰਨ੍ਹਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਹੋ ਗਈ। ਪੁਲਿਸ ਹੁਣ ਇਹ ਪਤਾ ਲਾਉਣ ਵਿੱਚ ਜੁਟ ਗਈ ਹੈ ਕਿ ਮੁੰਡਿਆਂ ਦੀ ਇਹ ਟੋਲੀ ਕਿੱਥੇ ਕਿੱਥੇ ਦੁਪਹੀਆ ਵਾਹਨਾਂ ਨੂੰ ਨਿਸ਼ਾਨਾ ਬਣਾਉਂਦੀ ਸੀ। ਵਿਸ਼ੇਸ਼ ਤੱਥ ਇਹ ਵੀ ਹੈ ਕਿ ਪੁਲਿਸ ਨੇ ਪਹਿਲੀ ਵਾਰ ਮੀਡੀਆ ਰਾਹੀਂ ਚੋਰੀ ਦੇ ਇੰਨ੍ਹਾਂ ਮੋਟਰਸਾਈਕਲਾਂ ਦੇ ਇੰਜਣ ਅਤੇ ਚਾਸੀ ਨੰਬਰ ਜਾਰੀ ਕੀਤੇ ਹਨ ਤਾਂ ਜੋ ਇੰਨ੍ਹਾਂ ਦੇ ਮਾਲਕ ਆਪੋ ਆਪਣੇ ਵਾਹਨਾਂ ਦੀ ਸਪੁਰਦਾਰੀ ਲਈ ਕਾਰਵਾਈ ਕਰ ਸਕਣ। ਮੁਲਜਮਾਂ ਦਾ ਅਦਾਲਤ ਤੋਂ ਰਿਮਾਂਡ ਲੈਣ ਉਪਰੰਤ ਮੁਲਜਮਾਂ ਤੋਂ ਕੀਤੀ ਜਾਣ ਵਾਲੀ ਪੁੱਛਗਿੱਛ ਦੌਰਾਨ ਪੁਲਿਸ ਨੂੰ ਹੋਰ ਵੀ ਚੋਰੀ ਦੀਆਂ ਵਾਰਦਾਤਾਂ ਦਾ ਭੇਦ ਖੁੱਲ੍ਹਣ ਦੀ ਉਮੀਦ ਹੈ।
ਅੰਗਰੇਜ ਸਿੰਘ ਦੀ ਉਮਰ 28 ਸਾਲ,ਵਿੱਦਿਅਕ ਯੋਗਤਾ ਨੌਵੀਂ ਪਾਸ ਅਤੇ ਚਿਣਾਈ ਦਾ ਮਿਸਤਰੀ ਹੈ। ਇਸੇ ਤਰਾਂ ਅੰਮ੍ਰਿਤਪਾਲ ਸਿੰਘ ਦੀ ਉਮਰ 25 ਸਾਲ ਵਿੱਦਿਅਕ ਯੋਗਤਾ 12ਵੀਂ ਪਾਸ ਅਤੇ ਦਿਹਾੜੀਆਂ ਕਰਦਾ ਹੈ। ਅੰਮ੍ਰਿਤਪਾਲ ਖਿਲਾਫ ਥਾਣਾ ਸੰਗਤ ਵਿਖੇ 16 ਦਸੰਬਰ 2019 ਨੂੰ 9 ਸੌ ਨਸ਼ੀਲੀਆਂ ਗੋਲੀਆਂ ਦੀ ਬਰਾਮਦੀ ਦੇ ਸਬੰਧ ਵਿੱਚ ਨਸ਼ਾ ਤਸਕਰੀ ਦਾ ਮੁਕੱਦਮਾ ਦਰਜ ਹੋਇਆ ਸੀ। ਮਹੱਤਵਪੂਰਨ ਤੱਥ ਹੈ ਕਿ ਇਹ ਚੋਰ ਜੋੜੀ ਹੀਰੋ ਹਾਂਡਾ ਸਪਲੈਂਡਰ ਮੋਟਰਸਾਈਕਲ ਪਹਿਲ ਦੇ ਅਧਾਰ ਤੇ ਚੋਰੀ ਕਰਦੀ ਸੀ ਜਦੋਂਕਿ ਦੂਸਰਾ ਨਿਸ਼ਾਨਾ ਹੀਰੋ ਹਾਂਡਾ ਕੰਪਨੀ ਦੇ ਬਾਕੀ ਮਾਡਲ ਸਨ। ਜਿਸ ਵਕਤ ਪੁਲਿਸ ਨੇ ਇੰਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਉਦੋਂ ਵੀ ਇੰਨ੍ਹਾਂ ਕੋਲ ਬਿਨਾਂ ਨੰਬਰ ਵਾਲਾ ਸਪਲੈਂਡਰ ਮੋਟਰ ਸਾਈਕਲ ਹੀ ਸੀ। ਬਰਾਮਦ ਹੋਏ ਮੋਟਰਸਾਈਕਲਾਂ ਵਿੱਚ 6 ਸਪਲੈਂਡਰ, 3 ਹੀਰੋ ਹਾਂਡਾ ਸੀਡੀ ਡੀਲਕਸ ਅਤੇ ਦੋ ਹੀਰੋ ਪੈਸ਼ਨ ਸ਼ਾਮਲ ਹਨ।

