ਪਾਵਰਕਾਮ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ*

*ਪਾਵਰਕਾਮ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ*

( *ਜਸਵੀਰ ਸਿੱਧੂ* )
ਮਾਨਸਾ, 21 ਨਵੰਬਰ ਸਥਾਨਕ ਪਾਵਰਕਾਮ ਦੇ ਡਵੀਜ਼ਨ ਦਫ਼ਤਰ ਦੇ ਗੇਟ ਅੱਗੇ ਬਿਜਲੀ ਕਰਮਚਾਰੀਆਂ ਨੇ ਸਟੇਟ ਜੁਆਇੰਟ ਫੋਰਮ ਦੇ ਸੱਦੇ ‘ਤੇ ਮਨਿਸਟਰੀਅਲ ਕਾਮਿਆਂ ਦੇ ਹੱਕ ‘ਚ ਪੰਜਾਬ ਸਰਕਾਰ ਦਾ ਅਰਥੀ ਫ਼ੂਕ ਮੁਜ਼ਾਹਰਾ ਕੀਤਾ | ਮੁਲਾਜ਼ਮ ਆਗੂ ਪ੍ਰਦੀਪ ਸਿੰਘ ਸਿੱਧੂ, ਕ੍ਰਿਸ਼ਨ ਮਾਨਬੀਬੜੀਆਂ ਅਤੇ ਅਸ਼ੋਕ ਕੁਮਾਰ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਬਜਾਏ ਟਾਲ ਮਟੋਲ ਵਾਲੀ ਨੀਤੀ ‘ਤੇ ਚੱਲ ਰਹੀ ਹੈ | ਉਨ੍ਹਾਂ ਦੱਸਿਆ ਕਿ ਮਨਿਸਟਰੀਅਲ ਕਾਮਿਆਂ ਵਲੋਂ ਪਿਛਲੇ 14 ਦਿਨਾਂ ਤੋਂ ਕਲਮ ਛੋੜ ਹੜਤਾਲ ਕੀਤੀ ਹੋਈ ਹੈ ਪਰ ਸਰਕਾਰ ਮੰਗਾਂ ਪ੍ਰਤੀ ਗੰਭੀਰ ਨਹੀਂ | ਉਨ੍ਹਾਂ ਮੰਗ ਕੀਤੀ ਕਿ ਠੇਕਾ ਆਧਾਰਿਤ ਕਾਮਿਆਂ ਨੂੰ ਪੱਕੇ ਕੀਤਾ ਜਾਵੇ, ਸੋਧੇ ਤਨਖ਼ਾਹ ਸਕੇਲ ‘ਚ ਤਰੁੱਟੀਆਂ ਦੂਰ ਕੀਤੀਆਂ ਜਾਣ, ਸੀ.ਆਰ.ਏ. 295 ਆਫ਼ 2019 ਰਾਹੀਂ ਭਰਤੀ ਕੀਤੇ ਸਹਾਇਕ ਲਾਈਨਮੈਨਾਂ ਨੂੰ ਪਰਖ ਕਾਲ ਸਮਾਂ ਪੂਰਾ ਹੋਣ ‘ਤੇ ਵੀ ਰੈਗੂਲਰ ਸਕੇਲ ਦਿੱਤਾ ਜਾਵੇ, ਲਾਈਨਮੈਨ ਕੇਡਰ ਦਾ ਮੋਬਾਈਲ ਭੱਤਾ ਦੇਣ ਦੇ ਨਾਲ ਹੀ ਵੱਖ ਵੱਖ ਧਾਰਾਵਾਂ ਰਾਹੀਂ ਦਰਜ ਕੀਤੇ ਗ਼ਲਤ ਕੇਸਾਂ ਨੂੰ ਵਾਪਸ ਲਿਆ ਜਾਵੇ | ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਉਪਰੋਕਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੂਹ ਮੁਲਾਜ਼ਮ ਜਥੇਬੰਦੀਆਂ ਸੰਯੁਕਤ ਰੂਪ ‘ਚ ਵੱਡੇ ਸੰਘਰਸ਼ ਦਾ ਬਿਗਲ ਵਜਾਉਣਗੀਆਂ | ਇਸ ਮੌਕੇ ਅਸ਼ਵਨੀ ਕੁਮਾਰ ਭੈਣੀਬਾਘਾ, ਵਿਸ਼ਾਲ ਗਰਗ, ਗਗਨ ਗੋਇਲ ਮਾਨਸਾ, ਬਹਾਦਰ ਸਿੰਘ ਜਵੰਧਾ, ਸੰਜੀਵ ਕੁਮਾਰ, ਰਾਕੇਸ਼ ਕੁਮਾਰ, ਵਿਸ਼ਾਲ ਗਰਗ, ਰਿੰਪਲ ਰਾਣੀ, ਰਿੰਪੀ ਰਾਣੀ, ਮਨਦੀਪ ਕੌਰ, ਰਮਨਦੀਪ ਕੌਰ ਆਦਿ ਹਾਜ਼ਰ ਸਨ |

55 Views