*ਮੈਂ ਪੰਜਾਬ ਬੋਲਦਾ ਹਾਂ: ਭਗਵੰਤ ਮਾਨ ਦਾ ਵਿਰੋਧੀਆਂ ‘ਤੇ ਵਾਰ; ਜੇ ਮੇਰੇ ਖਿਲਾਫ਼ ਕੁਝ ਮਿਲਦਾ ਤਾਂ ਜ਼ਰੂਰ ਆਉਂਦੇ*

*ਮੈਂ ਪੰਜਾਬ ਬੋਲਦਾ ਹਾਂ: ਭਗਵੰਤ ਮਾਨ ਦਾ ਵਿਰੋਧੀਆਂ ‘ਤੇ ਵਾਰ; ਜੇ ਮੇਰੇ ਖਿਲਾਫ਼ ਕੁਝ ਮਿਲਦਾ ਤਾਂ ਜ਼ਰੂਰ ਆਉਂਦੇ*

( *ਜਸਵੀਰ ਸਿੱਧੂ* )
‘ਮੈਂ ਪੰਜਾਬ ਬੋਲਦਾ ਹਾਂ’ ਨਾਮ ‘ਤੇ ਰੱਖੀ ਸਿਆਸੀ ਡਿਬੇਟ ਵਿਚ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਹਾਲ ਵਿੱਚ ਹਾਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਦੀਆਂ ਕੁਰਸੀਆਂ ਖਾਲੀ ਸਨ। ਸਰਕਾਰ ਵੱਲੋਂ ਐਸਵਾਈਐਲ ਸਮੇਤ ਹੋਰ ਅਹਿਮ ਮੁੱਦਿਆਂ ਤੇ ਖੁੱਲੀ ਬਹਿਸ ਲਈ ਵੱਖ-ਵੱਖ ਰਾਜਨੀਤਿਕ ਦਲਾਂ ਦੇ ਆਗੂਆਂ ਅਤੇ ਆਮ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ, ਪਰ ਵਿਰੋਧੀਆਂ ਵੱਲੋਂ ਸਾਂਝੇ ਤੌਰ ਤੇ ਇਸ ਡਿਬੇਟ ਤੋਂ ਕਿਨਾਰਾ ਕਰ ਲਿਆ ਗਿਆ।
ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਸਭ ਤੋਂ ਪਹਿਲਾਂ ਪਾਣੀਆਂ ਦੇ ਮੁੱਦੇ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਫਿਰ ਟਰਾਂਸਪੋਰਟ ਉਪਰ ਬਾਦਲ ਪਰਿਵਾਰ ਦੇ ਕਬਜ਼ੇ ਨੂੰ ਲੈ ਕੇ ਤਿੱਖੇ ਸਵਾਲ ਦਾਗੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਅੱਜ ਮਹਾ ਡਿਬੇਟ ਦੌਰਾਨ ਆਪਣੇ ਸੰਬੋਧਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਦੀ ਥਾਂ ‘ਤੇ ਨਹਿਰ ਦਾ ਨਾਮ ਯਮੁਨਾ ਸਤਲੁਜ ਲਿੰਕ(ਵਾਈਐਸਐਲ) ਰੱਖਿਆ ਜਾਵੇ ਤਾਂ ਜੋ ਯਮੁਨਾ ਤੋਂ ਆਉਣ ਵਾਲਾ ਪਾਣੀ ਹਰਿਆਣਾ ਨੂੰ ਮਿਲ ਸਕੇ ਅਤੇ ਉਸਦਾ ਹਿੱਸਾ ਪੰਜਾਬ ਕੋਲ ਵੀ ਆ ਸਕੇ। ਮੁੱਖ ਮੰਤਰੀ ਨੇ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਵੱਲੋਂ ਐਸ ਵਾਈ ਐਲ ਨਹਿਰ ਬਾਰੇ ਚੁੱਕੇ ਗਏ ਕਦਮਾਂ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਬਹਾਨੇ ਬਣਾ ਕੇ ਬਹਿਸ ਤੋਂ ਭੱਜੇ ਵਿਰੋਧੀ-ਮਾਨ
ਮਹਾਡਿਬੇਟ ਵਿੱਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਟੈਲੀਕਾਸਟ ਵੇਖਣ ਵਾਲਿਆਂ ਦਾ ਧੰਨਵਾਦ ਕੀਤਾ ਜੋ ਇਸ ਇਤਿਹਾਸਕ ਪਲ ਦੇ ਗਵਾਹ ਬਣੇ ਹਨ।
ਉਨ੍ਹਾਂ ਕਿਹਾ ਕਿ ਰਾਜ ਸੱਤਾ ਵਿੱਚ ਰਹੇ ਲੋਕਾਂ ਨੇ ਅਜਿਹੇ ਫੈਸਲੇ ਕੀਤੇ ਜੋ ਰੋਗਟੇ ਖੜੇ ਕਰਨ ਵਾਲੇ ਹਨ। ਉਨ੍ਹਾਂ ਕਿਹਾ ਕਿ ਇਹ ਕੇਵਲ ਉਨ੍ਹਾਂ ਨਾਲ ਡਿਬੇਟ ਹੈ ਜਿਨ੍ਹਾਂ ਨੇ ਰਾਜ ਕੀਤਾ। ਉਨ੍ਹਾਂ ਕਿਹਾ ਕਿ ਇਹ ਬਹਿਸ ਜਿੱਤ ਜਾਂ ਹਾਰ ਨਹੀਂ ਸਗੋਂ ਸੂਖਮ ਮੁੱਦਿਆਂ ‘ਤੇ ਵਿਚਾਰ ਚਰਚਾ ਹੈ। ਉਨ੍ਹਾਂ ਬਹਾਨੇ ਲਾਉਂਦੇ-ਲਾਉਂਦੇ ਵਿਰੋਧੀ ਇਸ ਗੱਲ ‘ਤੇ ਪਹੁੰਚ ਗਏ ਕਿ ਉਹ ਇਸ ਮਹਾਬਹਿਸ ਦਾ ਹਿੱਸਾ ਨਹੀਂ ਬਨਣਗੇ। ਪਹਿਲੀ ਵਾਰ ਹੋਇਆ ਕਿ ਰਾਜ ਕਰਨ ਵਾਲੀਆਂ ਪਾਰਟੀਆਂ ਸੱਤਾ ਤੋਂ ਬਾਹਰ ਹੋਈਆਂ ਅਤੇ ਲੋਕਾਂ ਨੇ ਪੁੱਛਿਆ ਕਿ ਤੁਸੀਂ ਕੀ- ਕੀ ਫੈਸਲੇ ਕੀਤੇ। ਐੱਸਵਾਈਐੱਲ ਤੋਂ ਬਹਿਸ ਦੀ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਭ ਤੋਂ ਵੱਧ ਧੱਕਾ ਪੰਜਾਬ ਨਾਲ ਹੋਇਆ।

53 Views