ਧੋਖਾਧੜੀ ਕਰਨ ਵਾਲਾ ਮੁਲਜਮ ਗ੍ਰਿਫਤਾਰ
ਧੋਖਾਧੜੀ ਕਰਨ ਵਾਲਾ ਮੁਲਜਮ ਗ੍ਰਿਫਤਾਰ
ਬਠਿੰਡਾ( ਜਸਵੀਰ ਸਿੱਧੂ)ਲੁਧਿਆਣਾ ਦੇ ਸਾਈਬਰ ਕ੍ਰਾਈਮ ਯੂਨਿਟ ਨੇ ਅਜਿਹੇ ਮੁਲਜ਼ਮ ਨੂੰ ਗਿ੍ਰਫ਼ਤਾਰ ਕੀਤਾ ਹੈ, ਜਿਸ ਨੇ ਲੁਧਿਆਣਾ ਦੇ 65 ਰੈਸਟੋਰੈਂਟਾਂ ਅਤੇ ਢਾਬਿਆਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਸੀ। ਮੁਲਜ਼ਮ ਖ਼ੁਦ ਨੂੰ ਸਵਿਗੀ ਅਤੇ ਜ਼ਮੈਟੋ ਦਾ ਮੁਲਾਜ਼ਮ ਦੱਸ ਕੇ ਉਨ੍ਹਾਂ ਕੋਲੋਂ ਰਕਮ ਹਾਸਲ ਕਰ ਰਿਹਾ ਸੀ। ਪੁਲਿਸ ਮੁਤਾਬਕ ਮੁਲਜ਼ਮ ਨੇ ਹੁਣ ਤਕ 4 ਲੱਖ 39 ਹਜਾਰ ਰੁਪਏ ਦੀ ਧੋਖਾਧੜੀ ਕੀਤੀ ਹੈ।ਮੁਲਜ਼ਮ ਕੋਲੋਂ ਜ਼ਮੈਟੋ ਕੰਪਨੀ ਦਾ ਆਈ ਕਾਰਡ, ਟੀਸ਼ਰਟ, ਇਕ ਮੋਬਾਈਲ ਫੋਨ ਅਤੇ ਐਕਟਿਵਾ ਬਰਾਮਦ ਕੀਤੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਸਮੀਰ ਵਰਮਾ ਅਤੇ ਏਸੀਪੀ ਸਾਈਬਰ ਸੈੱਲ ਰਾਜ ਕੁਮਾਰ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰੋਜ਼ ਇਨਕਲੇਵ ਹੈਬੋਵਾਲ ਕਲਾਂ ਵਾਸੀ ਸਿਧਾਰਥ ਅਗਰਵਾਲ ਵਜੋਂ ਹੋਈ।
ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਸਿਧਾਰਥ ਨੇ 65 ਰੈਸਟੋਰੈਂਟਾਂ ਅਤੇ ਢਾਬਿਆਂ ਨੂੰ ਸਵਿਗੀ ਅਤੇ ਜ਼ਮੈਟੋ ਕੰਪਨੀ ਨਾਲ ਜੋੜਨ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੈ। ਮੁਲਜ਼ਮ ਨੇ ਝਾਂਸਾ ਦੇਣ ਲਈ ਇਕ ਸਵਿਗੀ ਦੇ ਰਜਿਸਟਰਡ ਨਾਮ ਵਰਗਾ ਗੂਗਲ ਪੇ ਅਕਾਊਂਟ ਵੀ ਤਿਆਰ ਕੀਤਾ ਸੀ, ਜਿਸ ਰਾਹੀਂ ਉਹ ਰੈਸਟੋਰੈਂਟ ਕਾਰੋਬਾਰੀਆਂ ਨਾਲ ਧੋਖਾਧੜੀ ਕਰ ਕੇ ਉਨ੍ਹਾਂ ਕੋਲੋਂ ਰਕਮ ਹਾਸਲ ਕਰ ਲੈਂਦਾ ਸੀ। ਕੁਝ ਦਿਨ ਪਹਿਲਾਂ ਉਸ ਨੇ ਇਕ ਰੈਸਟੋਰੈਂਟ ਅਧਿਕਾਰੀ ਨੂੰ ਠੱਗੀ ਦਾ ਸ਼ਿਕਾਰ ਬਣਾਇਆ, ਜਿਸ ਤੋਂ ਬਾਅਦ ਮਾਮਲਾ ਉਜਾਗਰ ਹੋਇਆ। ਇਸ ਮਾਮਲੇ ’ਚ ਸਾਈਬਰ ਸੈੱਲ ਦੀ ਟੀਮ ਨੇ ਕਾਰਵਾਈ ਕਰਦਿਆਂ ਮੁਲਜਮ ਨੂੰ ਹਿਰਾਸਤ ’ਚ ਲੈ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਨੇ 4 ਲੱਖ ਤੋਂ ਵੱਧ ਦੀ ਰਕਮ ਲਾਇਸੈਂਸ ਰੀਨਿਊ ਕਰਵਾਉਣ ਦੇ ਨਾਮ ’ਤੇ ਹਾਸਲ ਕੀਤੀ ਸੀ। ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੇ ਵੱਖ-ਵੱਖ ਤਿੰਨ ਖਾਤਿਆਂ ’ਚ 10 ਲੱਖ ਰੁਪਏ ਤੋਂ ਵੱਧ ਦੀ ਰਕਮ ਟਰਾਂਸਫਰ ਕੀਤੀ ਗਈ ਹੈ। ਸਾਈਬਰ ਸੈੱਲ ਦੀ ਟੀਮ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ’ਚ ਅਗਲੇਰੀ ਪੜਤਾਲ ਕਰ ਰਹੀ ਹੈ।

