ਡਿਪਸ ਸਕੂਲ ਉੱਗੀ ਦੀ ਬੱਸ ਪਲਟੀ । ਤੁੰਨ ਕੇ ਭਰੇ ਬੱਚਿਆਂ ਨੂੰ ਲੱਗੀਆਂ ਗੁੱਝੀਆਂ ਸੱਟਾਂ ।

ਡਿਪਸ ਸਕੂਲ ਉੱਗੀ ਦੀ ਬੱਸ ਪਲਟੀ ।

ਤੁੰਨ ਕੇ ਭਰੇ ਬੱਚਿਆਂ ਨੂੰ ਲੱਗੀਆਂ ਗੁੱਝੀਆਂ ਸੱਟਾਂ ।

ਕਾਲਾ ਸੰਘਿਆਂ 19 ਅਕਤੂਬਰ (ਮਨਜੀਤ ਮਾਨ) ਅੱਜ ਸਵੇਰੇ 8 ਵਜੇ ਦੇ ਕਰੀਬ ਪਿੰਡ ਕੰਗ ਸਾਹਿਬ ਰਾਏ ਤੋਂ ਚੂਹੜ ਲਿੰਕ ਸੜਕ ਉੱਪਰ ਬੱਚਿਆਂ ਨਾਲ ਤੁੰਨ ਕੇ ਭਰੀ ਡਿਪਸ ਸਕੂਲ ਉੱਗੀ ਦੀ ਖਸਤਾ ਹਾਲਤ ਵਿੱਚ ਬੱਸ ਪੀਬੀ 09 ਐਸ 6547 ਤੇਜ਼ ਰਫਤਾਰੀ ਕਾਰਨ ਸੜਕ ਦੇ ਕਿਨਾਰੇ ਪਲਟ ਗਈ ਅਤੇ ਬੱਸ ਚਾਲਕ ਸਮੇਤ ਬੱਚਿਆਂ ਦੇ ਗੁੱਝੀਆਂ ਸੱਟਾਂ ਲੱਗੀਆਂ ਪਰ ਚੰਗੀ ਕਿਸਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ । ਘਟਨਾ ਸਥਾਨ ਤੇ ਮੌਜੂਦ ਚਸ਼ਮਦੀਨ ਵਿਅਕਤੀਆਂ ਅਨੁਸਾਰ ਬੱਸ ਚਾਲਕ ਤੇਜ਼ ਰਫਤਾਰੀ ਨਾਲ ਬੱਸ ਚਲਾ ਰਿਹਾ ਸੀ ਅਤੇ ਉਸ ਦੇ ਅੱਗੇ ਵੀ ਕੋਈ ਸਾਧਨ ਨਹੀਂ ਸੀ ਪਰ ਫਿਰ ਵੀ ਅਚਾਨਕ ਬੱਸ ਪਲਟ ਗਈ। ਬੱਸ ਵਿੱਚ ਪਿੰਡ ਬਿੱਲਾ ਰਾਂਗੜਾ ,ਹੇਰਾ, ਤਲਵੰਡੀ ਭਰੋ, ਕੰਗ ਸਾਹਿਬ ਰਾਏ ਤੇ ਹੋਰ ਪਿੰਡਾ ਦੇ 45, 50 ਦੇ ਕਰੀਬ ਬੱਚੇ ਸਵਾਰ ਸਨ। ਪੀੜ੍ਹਤ ਬੱਚਿਆ ਦੇ ਮਾਪਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਸ ਦੀ ਹਾਲਤ ਖਸਤਾ ਵਿੱਚ ਹੈ ਅਤੇ ਜਿਸ ਦੇ ਟਾਇਰ ਵੀ ਬਿਲਕੁਲ ਘਸੇ ਹੋਏ ਹਨ ਤੇ ਇਹ ਹਾਦਸਾ ਡਰਾਈਵਰ ਦੀ ਅਣਗੈਹਲੀ ਕਾਰਨ ਹੀ ਵਾਪਰਿਆ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਜੋ ਰੋਜ਼ਾਨਾ ਚਾਲਕ ਬੱਸ ਨੂੰ ਚਲਾਉਂਦਾ ਹੈ ਅੱਜ ਉਹ ਸਾਈਡ ਤੇ ਬੈਠਾ ਸੀ ਅਤੇ ਇੱਕ ਹੋਰ ਕੋਈ ਡਰਾਈਵਰ ਬੱਸ ਚਲਾ ਰਿਹਾ ਸੀ ਜੋ ਪਹਿਲਾ ਡਰਾਈਵਰ ਸਾਈਡ ਤੇ ਬੈਠਾ ਸੀ ਉਸ ਦੇ ਹੀ ਸੱਟਾਂ ਲੱਗੀਆਂ ਹਨ । ਬੱਚਿਆਂ ਦੇ ਮਾਪਿਆਂ ਨੇ ਇਹ ਵੀ ਕਿਹਾ ਕਿ ਸਕੂਲ ਪ੍ਰਬੰਧਨ ਵੱਲੋਂ ਕਈ ਪਿੰਡਾਂ ਵਿੱਚੋਂ ਬੱਚੇ ਇਕੱਠੇ ਕਰਕੇ ਇੱਕੋ ਵਾਰੀ ਹੀ ਲਿਜਾਏ ਜਾਂਦੇ ਹਨ ਜੋ ਬੱਚਿਆਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਹਾਦਸੇ ਤੋਂ ਬਾਅਦ ਬੱਚਿਆਂ ਦੇ ਮਾਪਿਆਂ ਨੇ ਸਕੂਲ ਪ੍ਰਬੰਧਨ ਨਾਲ ਵੀ ਗੱਲਬਾਤ ਕੀਤੀ ਪਰ ਸਕੂਲ ਪ੍ਰਬੰਧਨ ਵੱਲੋਂ ਮਾਪਿਆਂ ਨੂੰ ਕੋਈ ਵੀ ਠੋਸ ਜਵਾਬ ਨਹੀਂ ਦਿੱਤੇ ਗਏ। ਮਾਪਿਆਂ ਨੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਹਾਦਸੇ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਅਜਿਹੇ ਹਾਦਸੇ ਨਾ ਵਾਪਰ ਸਕਣ । ਉਹਨਾਂ ਨੇ ਦੱਸਿਆ ਕਿ ਇਸੇ ਹੀ ਬੱਸ ਦਾ ਕੁਝ ਦਿਨ ਪਹਿਲਾਂ ਵੀ ਇੱਕ ਟਾਇਰ ਜੋ ਕਿ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਪੰਚਰ ਹੋ ਗਿਆ ਸੀ। ਸਕੂਲ ਪ੍ਰਬੰਧਨ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ ।

186 Views