ਜੋਗਿੰਦਰ ਮਾਨ ਨੇ ਸਿਵਲ ਹਸਪਤਾਲ ਵਿਖੇ ਡੇਂਗੂ ਦੇ ਇਲਾਜ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮਰੀਜ਼ਾਂ ਦਾ ਹਾਲ ਪੁੱਛਿਆ ਅਤੇ ਮੁਸ਼ਕਿਲਾਂ ਵੀ ਸੁਣੀਆਂ
ਫਗਵਾੜਾ (ਡਾ ਰਮਨ / ਕਸਤੂਰੀ ਲਾਲ ) ਆਮ ਆਦਮੀ ਪਾਰਟੀ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਸਥਾਨਕ ਸਿਵਲ ਹਸਪਤਾਲ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਹਸਪਤਾਲ ਵਿੱਚ ਡੇਂਗੂ ਅਤੇ ਹੋਰ ਮੌਸਮੀ ਬਿਮਾਰੀਆਂ ਦੇ ਇਲਾਜ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਹਸਪਤਾਲ ਦੇ ਸਾਰੇ ਵਾਰਡਾਂ ਵਿੱਚ ਇਲਾਜ ਅਧੀਨ ਮਰੀਜ਼ਾਂ ਦੀਆਂ ਮੁਸ਼ਕਲਾਂ ਸੁਣੀਆਂ। ਮਾਨ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਇਲਾਜ ਲਈ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਹਸਪਤਾਲ ਵਿੱਚ ਡੇਂਗੂ ਦੇ ਟੈਸਟ ਦਾ ਵੀ ਪ੍ਰਬੰਧ ਹੈ। ਉਨ੍ਹਾਂ ਜਿੱਥੇ ਹਸਪਤਾਲ ਦੇ ਸਟਾਫ਼ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਉੱਥੇੇ ਹੀ ਉਨ੍ਹਾਂ ਨੇ ਆਮ ਜਨਤਾ ਨੂੰ ਵੀ ਪੁਰਜ਼ੋਰ ਅਪੀਲ ਕੀਤੀ ਕਿ ਇਲਾਜ ਨਾਲੋਂ ਰੋਕਥਾਮ ਹਮੇਸ਼ਾ ਬਿਹਤਰ ਹੁੰਦੀ ਹੈ। ਇਸ ਲਈ ਉਹ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੇ ਘਰਾਂ ਵਿੱਚ ਫਾਲਤੂ ਪਾਣੀ ਇਕੱਠਾ ਨਾ ਹੋਣ ਦੇਣ। ਫਰਿੱਜ, ਕੂਲਰ ਆਦਿ ਦੀ ਨਿਯਮਤ ਸਫਾਈ ਕੀਤੀ ਜਾਵੇ। ਬਰਤਨਾਂ, ਭਾਂਡਿਆਂ ਅਤੇ ਘਰਾਂ ਦੇ ਆਲੇ-ਦੁਆਲੇ ਕਿਸੇ ਵੀ ਤਰ੍ਹਾਂ ਦਾ ਪਾਣੀ ਖੜ੍ਹਾ ਨਾ ਹੋਣ ਦਿਓ। ਜੇਕਰ ਫਿਰ ਵੀ ਡੇਂਗੂ ਜਾਂ ਕਿਸੇ ਹੋਰ ਬਿਮਾਰੀ ਦੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਸਿਵਲ ਹਸਪਤਾਲ ਵਿੱਚ ਜਾਂਚ ਕਰਵਾ ਕੇ ਫਰੀ ਇਲਾਜ ਦੀ ਸਹੂਲਤ ਪ੍ਰਾਪਤ ਕੀਤੀ ਜਾਵੇ। ਇਸ ਬਿਮਾਰੀ ਤੋਂ ਪੀੜਤ ਸਾਰੇ ਮਰੀਜ਼ਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਿਆਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਦਾ ਖਿਆਲ ਰੱਖਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ। ਇਸ ਮੌਕੇ ਹਰਮੇਸ਼ ਪਾਠਕ, ਹੈਲਥ ਇੰਸਪੈਕਟਰ ਕੰਵਲਜੀਤ ਸਿੰਘ, ਡਾ: ਰਾਜੇਸ਼ ਚੰਦਰ, ਡਾ: ਦੀਪਕ, ਨਰੇਸ਼ ਸ਼ਰਮਾ, ਪਰਮਜੀਤ ਧਰਮਕੋਟ ਆਦਿ ਹਾਜ਼ਰ ਸਨ

