ਹੜ੍ਹਾਂ ਦੀ ਸੰਭਾਵਨਾ ਦਾ ਜਾਇਜਾ ਲੈਣ ਲਈ ਵਿਧਾਇਕ ਧਾਲੀਵਾਲ ਨੇ ਕੀਤਾ ਪੇਂਡੂ ਖੇਤਰਾਂ ਦਾ ਦੌਰਾ

ਕਿਹਾ: ਮੁਸ਼ਕਿਲ ਦੌਰ ‘ਚ ਪਿੰਡਾਂ ਦੇ ਵਸਨੀਕਾਂ ਤੇ ਕਿਸਾਨਾਂ ਦੇ ਨਾਲ ਹੈ ਕਾਂਗਰਸ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਬਰਸਾਤ ਦੇ ਮੌਸਮ ਦੌਰਾਨ ਵਿਧਾਨ ਸਭਾ ਹਲਕਾ ਫਗਵਾੜਾ ਦੇ ਕਈ ਦਿਹਾਤੀ ਖੇਤਰਾਂ ਵਿੱਚ ਹੜ੍ਹਾਂ ਦੇ ਖਤਰੇ ਦੇ ਮੱਦੇਨਜ਼ਰ ਹਲਕਾ ਵਿਧਾਇਕ ਅਤੇ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਪਿੰਡ ਲੱਖਪੁਰ, ਮਲਕਪੁਰ ਅਤੇ ਸਾਹਨੀ ਦਾ ਦੌਰਾ ਕੀਤਾ। ਇਸ ਦੌਰਾਨ ਵਿਧਾਇਕ ਧਾਲੀਵਾਲ ਜੋ ਸਾਬਕਾ ਆਈ.ਏ.ਐਸ. ਅਧਿਕਾਰੀ ਵੀ ਰਹੇ ਹਨ, ਉਨ੍ਹਾਂ ਨੇ ਨਹਿਰਾਂ ਦੀ ਹਾਲਤ ਤੇ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਪਿੰਡ ਵਾਸੀਆਂ ਨੂੰ ਆਪਣੇ ਤਜ਼ਰਬੇ ਦੇ ਆਧਾਰ ’ਤੇ ਸੁਚੇਤ ਰਹਿਣ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਇਸ ਔਖੀ ਘੜੀ ਵਿੱਚ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਨਾਲ ਹੈ। ਜੇਕਰ ਕੋਈ ਕੁਦਰਤੀ ਆਫ਼ਤ ਦੀ ਸਥਿਤੀ ਬਣਦੀ ਹੈ ਤਾਂ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨਾਲ ਗੱਲ ਕਰਨਗੇ ਤਾਂ ਜੋ ਸੰਭਾਵਿਤ ਤੌਰ ਤੇ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਅਤੇ ਵਸਨੀਕਾਂ ਨੂੰ ਬਣਦੀ ਰਾਹਤ ਪਹੁੰਚਾਈ ਜਾ ਸਕੇ। ਇਸ ਦੌਰਾਨ ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹਾਂ ਵਰਗੀਆਂ ਸਥਿਤੀਆਂ ਨਾਲ ਨਜਿੱਠਣ ਲਈ ਪਹਿਲਾਂ ਤੋਂ ਪ੍ਰਬੰਧਾਂ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ। ਜ਼ਿਕਰਯੋਗ ਹੈ ਕਿ ਫਗਵਾੜਾ ’ਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਅਤੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਅਤੇ ਬੱਦਲ ਫਟਣ ਵਰਗੀਆਂ ਘਟਨਾਵਾਂ ਕਾਰਨ ਡੈਮਾਂ ਤੋਂ ਪਾਣੀ ਛੱਡੇ ਜਾਣ ਕਰਕੇ ਫਗਵਾੜਾ ਇਲਾਕੇ ਦੇ ਕਈ ਪਿੰਡਾਂ ਵਿਚ ਦੀ ਲੰਘਦੀਆਂ ਨਹਿਰਾਂ ਦੇ ਨੁਕਸਾਨੇ ਜਾਣ ਨਾਲ ਹੜ੍ਹ ਆਉਣ ਦਾ ਖਦਸ਼ਾ ਹੈ। ਹਾਲਾਂਕਿ ਅੱਜ ਮੌਸਮ ਸੁਹਾਵਣਾ ਰਿਹਾ ਅਤੇ ਤੇਜ਼ ਧੁੱਪ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ। ਪਰ ਜੇਕਰ ਆਉਣ ਵਾਲੇ ਦਿਨਾਂ ’ਚ ਮੌਸਮ ਫਿਰ ਤੋਂ ਖਰਾਬ ਹੁੰਦਾ ਹੈ ਤਾਂ ਖ਼ਤਰਾ ਵੱਧ ਸਕਦਾ ਹੈ। ਇਸ ਮੌਕੇ ਵਿਧਾਇਕ ਧਾਲੀਵਾਲ ਦੇ ਨਾਲ ਬਲਾਕ ਸਮਿਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ, ਨਿਰਮਲਜੀਤ ਸਿੰਘ ਹੈਪੀ ਸਰਪੰਚ, ਸੰਨੀ ਸਾਹਨੀ, ਜਤਿੰਦਰ ਸਿੰਘ, ਭੁਪਿੰਦਰ ਸਿੰਘ, ਪ੍ਰਦੀਪ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ

89 Views