ਜੀ.ਐਨ.ਏ. ਯੂਨੀਵਰਸਿਟੀ ਨੇ ਪੰਜਾਬ ਬੋਰਡ ਦੀ ਪ੍ਰੀਖਿਆ ‘ਚ 12ਵੀਂ ਜਮਾਤ ਦੇ ਟਾਪਰ ਏਕਮਪ੍ਰੀਤ ਦਾ ਕੀਤਾ ਸਨਮਾਨ
ਜੀ.ਐਨ.ਏ. ਯੂਨੀਵਰਸਿਟੀ ਨੇ ਪੰਜਾਬ ਬੋਰਡ ਦੀ ਪ੍ਰੀਖਿਆ ‘ਚ 12ਵੀਂ ਜਮਾਤ ਦੇ ਟਾਪਰ ਏਕਮਪ੍ਰੀਤ ਦਾ ਕੀਤਾ ਸਨਮਾਨ
ਸਰਟੀਫਿਕੇਟ ਆਫ ਅਚੀਵਮੈਂਟ ਦੇ ਨਾਲ ਦਿੱਤਾ ਨਗਦ ਪੁਰਸਕਾਰ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਜੀ.ਐਨ.ਏ. ਯੂਨੀਵਰਸਿਟੀ ਫਗਵਾੜਾ ਦੀ ਤਰਫੋਂ ਬੀ.ਸੀ.ਐਮ ਸੀਨੀਅਰ ਸੈਕੰਡਰੀ ਸਕੂਲ, ਲੁਧਿਆਣਾ ਦੇ ਵਿਦਿਆਰਥੀ ਅਤੇ ਮਕੈਨਿਕ ਪਿਤਾ ਸੁੱਚਾ ਸਿੰਘ ਦੇ ਹੋਣਹਾਰ ਪੁੱਤਰ ਏਕਮਪ੍ਰੀਤ ਸਿੰਘ, ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ (ਕਾਮਰਸ ਗਰੁੱਪ) ਦੀ ਸਾਲਾਨਾ ਪ੍ਰੀਖਿਆ ਵਿੱਚ 500/500 ਅੰਕ ਪ੍ਰਾਪਤ ਕਰਕੇ ਟਾਪਰ ਬਣਿਆ ਹੈ। ਜੀ.ਐਨ.ਏ. ਯੂਨੀਵਰਸਿਟੀ ਦੇ ਚਾਂਸਲਰ ਗੁਰਦੀਪ ਸਿੰਘ ਸੀਹਰਾ ਦੀ ਪ੍ਰੇਰਨਾ ਨਾਲ ਏਕਮਪ੍ਰੀਤ ਸਿੰਘ ਨੂੰ ਸਨਮਾਨਿਤ ਕਰਨ ਲਈ ਜੀ.ਐਨ.ਏ. ਯੂਨੀਵਰਸਿਟੀ ਦੀ ਤਰਫੋਂ ਹੇਮੰਤ ਬੱਸੀ, ਸਤਿੰਦਰ ਗਰੇਵਾਲ ਅਤੇ ਹਰਮਨ ਬੱਗਾ ਵਿਸ਼ੇਸ਼ ਤੌਰ ’ਤੇ ਲੁਧਿਆਣਾ ਦੇ ਫੋਕਲ ਪੁਆਇੰਟ ਸਥਿਤ ਸਕੂਲ ਵਿੱਚ ਪਹੁੰਚੇ ਅਤੇ ਏਕਮਪ੍ਰੀਤ ਸਿੰਘ ਨੂੰ ਸਰਟੀਫਿਕੇਟ ਆਫ ਅਚੀਵਮੈਂਟ ਦੇ ਨਾਲ ਨਕਦ ਇਨਾਮ ਦਿੰਦਿਆਂ ਸਨਮਾਨਿਤ ਕੀਤਾ। ਇਸ ਦੌਰਾਨ ਸਕੂਲ ਪ੍ਰਿੰਸੀਪਲ ਨੀਰੂ ਕੌੜਾ ਨੇ ਦੱਸਿਆ ਕਿ ਹਰਮਨਪ੍ਰੀਤ ਸਿੰਘ ਕਿਤਾਬੀ ਕੀੜਾ ਨਹੀਂ ਸਗੋਂ ਵਿਲੱਖਣ ਬੁੱਧੀ ਵਾਲਾ ਵਿਦਿਆਰਥੀ ਹੈ, ਜੋ ਨਾ ਸਿਰਫ਼ ਪੜ੍ਹਾਈ ਵਿੱਚ ਬਲਕਿ ਖੇਡਾਂ ਸਮੇਤ ਹੋਰ ਗਤੀਵਿਧੀਆਂ ਵਿੱਚ ਵੀ ਪੂਰੇ ਉਤਸ਼ਾਹ ਨਾਲ ਭਾਗ ਲੈ ਕੇ ਆਪਣੀ ਪ੍ਰਤਿਭਾ ਦਾ 100 ਫੀਸਦੀ ਪ੍ਰਦਰਸ਼ਨ ਕਰਨ ਲਈ ਤਿਆਰ ਰਹਿੰਦਾ ਹੈ। ਉਹਨਾਂ ਨੇ ਦੱਸਿਆ ਕਿ 12ਵੀਂ ਦੀ ਸਾਲਾਨਾ ਪ੍ਰੀਖਿਆ ਤੋਂ ਕੁਝ ਦਿਨ ਪਹਿਲਾਂ ਹੀ ਉਹ ਛੱਤੀਸਗੜ੍ਹ ਵਿੱਚ ਕਰਵਾਏ ਗੱਤਕਾ ਮੁਕਾਬਲੇ ਵਿੱਚ ਭਾਗ ਲੈਣ ਗਿਆ ਸੀ ਅਤੇ ਸੋਨ ਤਗਮਾ ਜਿੱਤ ਕੇ ਵਾਪਸ ਪਰਤਿਆ। ਜੀ.ਐਨ.ਏ. ਦੇ ਵਫ਼ਦ ਨੇ ਏਕਮਪ੍ਰੀਤ ਸਿੰਘ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਦੱਸਿਆ ਕਿ ਜੀ.ਐਨ.ਏ. ਯੂਨੀਵਰਸਿਟੀ ਇੱਕ ਉਦਯੋਗਿਕ ਤੌਰ ’ਤੇ ਸਮਰਥਿਤ ਯੂਨੀਵਰਸਿਟੀ ਹੈ, ਇਹ ਵਿਦਿਅਕ ਸੰਸਥਾ ਹਮੇਸ਼ਾ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਜੀਵਨ ਵਿੱਚ ਸਫਲਤਾ ਦੇ ਮਾਪਦੰਡ ਸਥਾਪਿਤ ਕਰਨ ਵਿੱਚ ਹਰ ਸੰਭਵ ਮਦਦ ਵੀ ਪ੍ਰਦਾਨ ਕਰਦੀ ਹੈ

