ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੇ ਮਸਲੇ ‘ਤੇ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਭਗਵੰਤ ਮਾਨ : ਸਾਬਕਾ ਮੇਅਰ ਖੋਸਲਾ

ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੇ ਮਸਲੇ ‘ਤੇ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਭਗਵੰਤ ਮਾਨ : ਸਾਬਕਾ ਮੇਅਰ ਖੋਸਲਾ

ਕਿਹਾ : ਪਹਿਲਾਂ ਸਰਕਾਰ ਬਣਨ ’ਤੇ ਜ਼ਿਲ੍ਹਾ ਬਣਾਉਣ ਦੀ ਕਹੀ ਸੀ ਗੱਲ

ਫਗਵਾੜਾ (ਡਾ ਰਮਨ ਹਰਦਿਆਲ ਸਿੰਘ ਸੰਧੂ ) ਸ਼ਹਿਰ ‘ਚ ਰੋਡ ਸ਼ੋਅ ਦੇ ਦੌਰਾਨ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਫਗਵਾੜਾ ਨੂੰ ਤਹਿਸੀਲ ਤੋਂ ਜ਼ਿਲ੍ਹਾ ਬਣਾਉਣ ਦੀ ਮੰਗ ਕਰ ਰਹੇ ਇੱਥੋਂ ਦੇ ਵਸਨੀਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਦੋਸ਼ ਲਾਉਂਦਿਆਂ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਪਾਰਟੀ ਦੇ ਉਮੀਦਵਾਰ ਨੂੰ ਜਿਤਾਉਣ ਦੇ ਬਦਲੇ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਕਹੀ ਹੈ। ਜਦਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਉਨ੍ਹਾਂ ਫਗਵਾੜਾ ਵਿੱਚ ਰੋਡ ਸ਼ੋਅ ਕੀਤਾ ਸੀ ਅਤੇ ਕਿਹਾ ਸੀ ਕਿ ਤੁਸੀਂ ਮੇਰੀ ਸਰਕਾਰ ਬਣਾਓ ਮੈਂ ਫਗਵਾੜਾ ਨੂੰ ਜ਼ਿਲ੍ਹਾ ਬਣਾਵਾਂਗਾ। ਪਰ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਦਿਆਂ ਹੀ ਭਗਵੰਤ ਮਾਨ ਆਪਣੇ ਵਾਅਦੇ ਤੋਂ ਪਿੱਛੇ ਹਟ ਗਏ। ਹੁਣ ਲੋਕ ਸਭਾ ਚੋਣਾਂ ਵਿੱਚ ਮੁੜ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਗੱਲ ਕਹਿ ਰਹੇ ਹਨ ਕਿਉਂਕਿ ਆਮ ਆਦਮੀ ਪਾਰਟੀ ਦੀ ਮਨਸ਼ਾ ਫਗਵਾੜਾ ਦੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਮੁੜ ਵੋਟਾਂ ਹੜੱਪਣਾ ਹੈ ਪਰ ਜਨਤਾ ਜਾਣਦੀ ਹੈ ਕਿ ਆਪ ਪਾਰਟੀ ਦੇ ਆਗੂ ਸਿਰਾਂ ’ਤੇ ਝੂਠ ਦਾ ਪੁਲੰਦਾ ਚੁੱਕ ਕੇ ਚੋਣ ਪ੍ਰਚਾਰ ’ਚ ਉਤਰੇ ਹੋਏ ਹਨ ਉਨ੍ਹਾਂ ਕਿਹਾ ਕਿ ਫਗਵਾੜਾ ਨੂੰ ਜ਼ਿਲ੍ਹੇ ਦਾ ਦਰਜਾ ਜ਼ਰੂਰ ਮਿਲੇਗਾ ਪਰ ਅਜਿਹਾ ਉਦੋਂ ਹੀ ਹੋਵੇਗਾ ਜਦੋਂ ਸੂਬੇ ਵਿੱਚ ਭਾਜਪਾ ਦੀ ਸਰਕਾਰ ਬਣੇਗੀ। ਵਿਰੋਧੀ ਪਾਰਟੀਆਂ ਫਗਵਾੜਾ ਨੂੰ ਜ਼ਿਲਾ ਬਣਾਉਣ ਦੇ ਨਾਂ ’ਤੇ ਸਿਰਫ ਰਾਜਨੀਤੀ ਕਰਦੀਆਂ ਰਹੀਆਂ ਹਨ ਅਤੇ ਅੱਗੇ ਵੀ ਕਰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਅਕਾਲੀ ਦਸ ਸਾਲ ਸੱਤਾ ਵਿੱਚ ਰਹੇ ਪਰ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦਾ ਵਿਚਾਰ ਨਹੀਂ ਆਇਆ। ਫਿਰ ਕਾਂਗਰਸ ਪਾਰਟੀ ਨੇ ਪੰਜ ਸਾਲ ਇਸ ਮੁੱਦੇ ਨੂੰ ਖੱਖੋਂ ਪਰੋਖੇ ਰੱਖਿਆ। ਜਦਕਿ ਕੇਂਦਰੀ ਮੰਤਰੀ ਅਤੇ ਫਗਵਾੜਾ ਦੇ ਸਾਬਕਾ ਵਿਧਾਇਕ ਸੋਮ ਪ੍ਰਕਾਸ਼ ਨੇ ਤਤਕਾਲੀ ਮੁੱਖ ਮੰਤਰੀ ਨੂੰ ਤੱਥਾਂ ਸਮੇਤ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਤੋਂ ਜਾਣੂ ਕਰਵਾਇਆ ਸੀ। ਹੁਣ ਆਮ ਆਦਮੀ ਪਾਰਟੀ ਵੀ ਲੋਕ ਭਾਵਨਾਵਾਂ ਨਾਲ ਜੁੜੇ ਇਸ ਮੁੱਦੇ ’ਤੇ ਸਿਆਸਤ ਕਰ ਰਹੀ ਹੈ। ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਫਗਵਾੜਾ ਜਿਲ੍ਹਾ ਤਾਂ ਬਣੇਗਾ ਪਰ ਇਹ ਕੰਮ ਭਾਜਪਾ ਹੀ ਕਰੇਗੀ। ਕਿਉਂਕਿ ਭਾਜਪਾ ਨੇ ਅਯੁੱਧਿਆ ਵਿੱਚ ਭਗਵਾਨ ਸ੍ਰੀ ਰਾਮ ਜੀ ਦਾ ਮੰਦਿਰ ਬਣਾਉਣ ਅਤੇ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਵਰਗੇ ਗੁੰਝਲਦਾਰ ਮੁੱਦਿਆਂ ਨੂੰ ਅੱਖ ਝਪਕਦਿਆਂ ਹੀ ਹੱਲ ਕਰਕੇ ਸਾਬਿਤ ਕੀਤਾ ਹੈ ਕਿ ਜੋ ਵਾਅਦਾ ਭਾਜਪਾ ਜਨਤਾ ਨਾਲ ਕਰਦੀ ਹੈ ਉਸਨੂੰ ਪੂਰਾ ਵੀ ਕਰਦੀ ਹੈ। ਉਹਨਾਂ ਕਿਹਾ ਕਿ ਫਗਵਾੜਾ ਨੂੰ ਜ਼ਿਲ੍ਹਾ ਬਣਾਉਣ ਦੇ ਲਈ ਤਾਂ ਸਿਰਫ ਸਾਫ ਨੀਯਤ ਦੀ ਲੋੜ ਹੈ। ਇਸ ਲਈ ਫਗਵਾੜਾ ਨੂੰ ਜ਼ਿਲ੍ਹੇ ਦਾ ਦਰਜਾ ਉਦੋਂ ਹੀ ਮਿਲੇਗਾ ਜਦੋਂ ਸੱਤਾ ਵਿੱਚ ਬੈਠੇ ਲੋਕਾਂ ਦੇ ਇਰਾਦੇ ਸਾਫ਼ ਹੋਣਗੇ ਅਤੇ ਇਸ ਲਈ ਫਗਵਾੜਾ ਵਾਸੀਆਂ ਨੂੰ ਕੁਝ ਸਮਾਂ ਉਡੀਕ ਕਰਨੀ ਪਵੇਗੀ

63 Views