ਲੋੜਵੰਦਾਂ ਦੀ ਹਰ ਸੰਭਵ ਸੇਵਾ ਅਸਲ ਪਰਉਪਕਾਰ ਹੈ – ਡਾ. ਲਹਿੰਬਰ ਰਾਮ

ਲੋੜਵੰਦਾਂ ਦੀ ਹਰ ਸੰਭਵ ਸੇਵਾ ਅਸਲ ਪਰਉਪਕਾਰ ਹੈ – ਡਾ. ਲਹਿੰਬਰ ਰਾਮ

ਸਰਬ ਨੌਜਵਾਨ ਸਭਾ ਨੇ ਔਰਤ ਦੀ ਅੱਖ ਦਾ ਕਰਵਾਇਆ ਆਪ੍ਰੇਸ਼ਨ

ਸਮਾਜ ਸੇਵਕ ਰਾਜਕੁਮਾਰ ਮੱਟੂ ਨੇ ਕੀਤੀ ਸ਼ਲਾਘਾ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਉੱਘੀ ਸਮਾਜ ਸੇਵੀ ਸੰਸਥਾ ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਅਤੇ ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਦੇ ਸਹਿਯੋਗ ਨਾਲ ਲੜੀਵਾਰ ਪ੍ਰੋਜੈਕਟ ‘ਆਓ ਪੁੰਨ ਕਮਾਈਏ’ ਤਹਿਤ ਇਕ ਲੋੜਵੰਦ ਔਰਤ ਦੀ ਅੱਖ ਦਾ ਓਪਰੇਸ਼ਨ ਕਰਵਾਇਆ ਗਿਆ। ਅੱਖਾਂ ਦੇ ਮਾਹਿਰ ਡਾ: ਤੁਸ਼ਾਰ ਅਗਰਵਾਲ ਦੀ ਟੀਮ ਵਲੋਂ ਬਜੁਰਗ ਔਰਤ ਦੀ ਅੱਖ ਦਾ ਸਫਲ ਆਪ੍ਰੇਸ਼ਨ ਕਰਦਿਆਂ ਲੈਂਜ ਪਾ ਕੇ ਨਵੀਂ ਰੌਸ਼ਨੀ ਦਿੱਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਿਵਲ ਹਸਪਤਾਲ ਫਗਵਾੜਾ ਦੇ ਐਸ.ਐਮ.ਓ. ਡਾ: ਲਹਿੰਬਰ ਰਾਮ ਨੇ ਸਭਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦਾਂ ਦੀ ਹਰ ਸੰਭਵ ਸੇਵਾ ਅਸਲ ਪਰਉਪਕਾਰ ਹੈ। ਹਰੇਕ ਸਮਰੱਥ ਵਿਅਕਤੀ ਨੂੰ ਅਜਿਹੇ ਨੇਕ ਕਾਰਜਾਂ ਵਿਚ ਆਪਣਾ ਯਥਾ ਯੋਗ ਹਿੱਸਾ ਪਾਉਣਾ ਚਾਹੀਦਾ ਹੈ। ਇਸ ਦੌਰਾਨ ਡਾ: ਤੁਸ਼ਾਰ ਅਗਰਵਾਲ ਨੇ ਅੱਖਾਂ ਦੀ ਸੰਭਾਲ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਖਾਂ ਦੀ ਸੁਰੱਖਿਆ ਅਤਿ ਜ਼ਰੂਰੀ ਹੈ ਅਤੇ ਸਾਨੂੰ ਅੱਜ ਦੀ ਡਿਜੀਟਲ ਦੁਨੀਆ ਅਤੇ ਮੋਬਾਇਲ ਫੋਨਾ ਦੇ ਯੁੱਗ ‘ਚ ਅੱਖਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਅੱਖਾਂ ਦੀ ਕਿਸੇ ਤਕਲੀਫ ਨੂੰ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਉਹਨਾ ਭਰੋਸਾ ਦਿੱਤਾ ਕਿ ਉਹਨਾਂ ਦਾ ਹਸਪਤਾਲ ਵੱਧ ਤੋਂ ਵੱਧ ਲੋੜਵੰਦਾਂ ਦੀਆਂ ਅੱਖਾਂ ਦਾ ਆਪਰੇਸ਼ਨ ਕਰਵਾਉਣ ਵਿੱਚ ਆਪਣਾ ਸਹਿਯੋਗ ਕਰਦਾ ਰਹੇਗਾ। ਉਹਨਾ ਮਾਪਿਆਂ ਨੂੰ ਵੀ ਪੁਰਜੋਰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਮੋਬਾਇਲ ਫੋਨ ਦੀ ਘੱਟ ਤੋਂ ਘੱਟ ਵਰਤੋਂ ਕਰਨ ਲਈ ਪ੍ਰੇਰਿਤ ਕਰਨ। ਸਮਾਜ ਸੇਵਕ ਰਾਜ ਕੁਮਾਰ ਮੱਟੂ ਰਿਟਾ. ਬੈਂਕ ਅਫਸਰ ਨੇ ਵੀ ਸਰਬ ਨੌਜਵਾਨ ਸਭਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਜਿਸ ਨਾਲ ਨੇਤਰਹੀਣਾਂ ਦੀਆਂ ਅੱਖਾਂ ਨੂੰ ਨਵੀਂ ਰੌਸ਼ਨੀ ਦਿੱਤੀ ਜਾ ਰਹੀ ਹੈ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੋੜਵੰਦ ਔਰਤ ਦੀ ਅੱਖ ‘ਚ ਫੋਲਡੇਬਲ ਲੈਨਜ ਪਾਇਆ ਗਿਆ ਹੈ। ਉਹਨਾਂ ਸਭਾ ਦੇ ਪ੍ਰੋਜੈਕਟਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਵਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਵਿਖੇ ਵੋਕੇਸ਼ਨਲ ਕੋਰਸਾਂ ਦਾ ਜੋ ਸੈਂਟਰ ਚਲਾਇਆ ਜਾ ਰਿਹਾ ਹੈ, ਉੱਥੇ ਨਵੇਂ ਕੋਰਸਾਂ ਲਈ ਦਾਖਲੇ ਸ਼ੁਰੂ ਹਨ। ਸਭਾ ਵਲੋਂ ਐਮ.ਐਮ.ਓ. ਡਾ. ਲਹਿੰਬਰ ਰਾਮ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ: ਵਿਜੇ ਕੁਮਾਰ, ਲੈਕਚਰਾਰ ਹਰਜਿੰਦਰ ਗੋਗਨਾ, ਸਾਹਿਬਜੀਤ ਸਾਬੀ, ਰਾਕੇਸ਼ ਕੋਛੜ, ਆਰ.ਪੀ ਸ਼ਰਮਾ, ਰਾਜ ਬਸਰਾ, ਗੁਰਦੀਪ ਸਿੰਘ ਤੁਲੀ, ਹਰਵਿੰਦਰ ਸਿੰਘ, ਨਰਿੰਦਰ ਸੈਣੀ, ਗੁਰਸ਼ਰਨ ਬਾਸੀ, ਮੈਡਮ ਤੰਨੂ, ਜਸ਼ਨ ਮਹਿਰਾ, ਮਨਦੀਪ ਬਾਸੀ, ਰਾਜ ਕੁਮਾਰ ਰਾਜਾ, ਗੁਲਸ਼ਨ ਕਲੇਰ, ਅਨੂਪ ਦੁੱਗਲ, ਜਗਜੀਤ ਸੇਠ, ਮੈਡਮ ਸਪਨਾ ਸ਼ਾਰਦਾ, ਮੈਡਮ ਰਮਨਦੀਪ ਕੌਰ, ਮੈਡਮ ਆਸ਼ੂ ਬੱਗਾ ਆਦਿ ਹਾਜ਼ਰ ਸਨ

138 Views