ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਨੇ ਮਾਤਾ ਹਰਬੰਸ ਕੌਰ ਨੂੰ ਭੇਂਟ ਕੀਤੀ ਸ਼ਰਧਾਂਜਲੀ

ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਨੇ ਮਾਤਾ ਹਰਬੰਸ ਕੌਰ ਨੂੰ ਭੇਂਟ ਕੀਤੀ ਸ਼ਰਧਾਂਜਲੀ

ਵਧਵਾ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਪ੍ਰਗਟਾਵਾ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸੀਨੀਅਰ ਕਾਂਗਰਸੀ ਆਗੂ ਅਤੇ ਸਮਾਜ ਸੇਵਕ ਬਾਲ ਕ੍ਰਿਸ਼ਨ ਵਧਵਾ ਤੇ ਅਸ਼ੋਕ ਵਧਵਾ ਦੇ ਸਤਿਕਾਰਯੋਗ ਮਾਤਾ ਸਵਰਗੀ ਹਰਬੰਸ ਕੌਰ ਦੀ ਆਤਮਿਕ ਸ਼ਾਂਤੀ ਲਈ ਗੀਤਾ ਭਵਨ ਮੰਦਿਰ ਮਾਡਲ ਟਾਊਨ ਫਗਵਾੜਾ ਵਿਖੇ ਪਾਠ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਸੰਤੋਸ਼ ਚੌਧਰੀ ਅਤੇ ਉਨ੍ਹਾਂ ਦੀ ਬੇਟੀ ਨਮਿਤਾ ਚੌਧਰੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸ੍ਰੀਮਤੀ ਸੰਤੋਸ਼ ਚੌਧਰੀ ਨੇ ਕਿਹਾ ਕਿ ਵਧਵਾ ਪਰਿਵਾਰ ਨੇ ਜਿੱਥੇ ਕਾਰੋਬਾਰ ਵਿੱਚ ਚੰਗੀ ਪਹਿਚਾਣ ਬਣਾਈ ਹੈ, ਉੱਥੇ ਹੀ ਧਾਰਮਿਕ ਕਾਰਜਾਂ ਅਤੇ ਸਮਾਜ ਸੇਵਾ ਵਿੱਚ ਵੀ ਇਸ ਪਰਿਵਾਰ ਦਾ ਜ਼ਿਕਰਯੋਗ ਯੋਗਦਾਨ ਹੈ। ਉਹਨਾਂ ਕਿਹਾ ਕਿ ਅਜਿਹਾ ਸੁਭਾਗ ਤਾਂ ਹੀ ਪ੍ਰਾਪਤ ਹੁੰਦਾ ਹੈ ਜੇਕਰ ਪਰਿਵਾਰ ਦੇ ਬਜ਼ੁਰਗਾਂ ਤੋਂ ਚੰਗੇ ਸੰਸਕਾਰ ਵਿਰਾਸਤ ਵਿਚ ਮਿਲੇ ਹੋਣ। ਸਵ. ਮਾਤਾ ਹਰਬੰਸ ਕੌਰ ਨੇ ਵੀ ਆਪਣੇ ਚਾਰ ਪੁੱਤਰਾਂ ਅਤੇ ਤਿੰਨ ਧੀਆਂ ਨੂੰ ਚੰਗੇ ਸੰਸਕਾਰ ਦੇ ਕੇ ਉਨ੍ਹਾਂ ਦੇ ਕਿਰਦਾਰ ਨੂੰ ਨੇਕ ਬਣਾਇਆ। ਅੱਗੋਂ ਆਪਣੀ ਮਾਤਾ ਜੀ ਦੇ ਨਕਸ਼ੇ ਕਦਮਾਂ ’ਤੇ ਚੱਲਦਿਆਂ ਉਨ੍ਹਾਂ ਦੇ ਪੁੱਤਰਾਂ ਅਤੇ ਧੀਆਂ ਨੇ ਵੀ ਆਪਣੇ ਬੱਚਿਆਂ ਵਿਚ ਇਹੀ ਗੁਣ ਪੈਦਾ ਕੀਤੇ। ਜਿਸ ਕਰਕੇ ਉਹਨਾਂ ਦਾ ਇਕ ਦੋਹਤਾ ਮੋਹਿਤ ਚਾਵਲਾ ਹਿਮਾਚਲ ਪ੍ਰਦੇਸ਼ ਪੁਲਸ ’ਚ ਡੀ.ਆਈ.ਜੀ. ਦੇ ਅਹੁਦੇ ’ਤੇ ਸੇਵਾ ਨਿਭਾਅ ਰਿਹਾ ਹੈ ਅਤੇ ਬਾਕੀ ਬੱਚੇ ਵੀ ਵੱਖੋ ਵੱਖਰੇ ਖੇਤਰ ਵਿਚ ਸਫਲਤਾ ਦੇ ਮੁਕਾਮ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਲਈ ਬਜ਼ੁਰਗਾਂ ਦਾ ਵਿਛੋੜਾ ਹਮੇਸ਼ਾ ਦੁਖਦਾਈ ਹੁੰਦਾ ਹੈ ਪਰ ਜੀਵਨ ਦੀ ਸੱਚਾਈ ਇਹ ਹੈ ਕਿ ਜੋ ਵੀ ਇਸ ਨਾਸ਼ਵਾਨ ਸੰਸਾਰ ਵਿੱਚ ਆਇਆ ਹੈ, ਉਸ ਨੂੰ ਆਖਰਕਾਰ ਪੰਜਾਂ ਤੱਤਾਂ ਵਿੱਚ ਅਭੇਦ ਹੋਣਾ ਪੈਂਦਾ ਹੈ। ਸ੍ਰੀਮਤੀ ਚੌਧਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਤੇ ਰੇਲਵੇ ਬੋਰਡ ਦੇ ਸਾਬਕਾ ਮੈਂਬਰ ਰਾਮਾਮੂਰਤੀ ਭਾਣੋਕੀ, ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ, ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ ਸਮੇਤ ਸੈਂਕੜੇ ਸ਼ਹਿਰ ਵਾਸੀ ਤੇ ਪਤਵੰਤੇ ਹਾਜ਼ਰ ਸਨ

128 Views