ਲੋਕਸਭਾ ਚੋਣਾਂ ’ਚ ਕਾਂਗਰਸ ਦੇ ਮਜ਼ਬੂਤ ਉਮੀਦਵਾਰ ਹੋ ਸਕਦੇ ਹਨ ਬਲਵਿੰਦਰ ਸਿੰਘ ਧਾਲੀਵਾਲ : ਮੁਨੀਸ਼ ਪ੍ਰਭਾਕਰ
ਲੋਕਸਭਾ ਚੋਣਾਂ ’ਚ ਕਾਂਗਰਸ ਦੇ ਮਜ਼ਬੂਤ ਉਮੀਦਵਾਰ ਹੋ ਸਕਦੇ ਹਨ ਬਲਵਿੰਦਰ ਸਿੰਘ ਧਾਲੀਵਾਲ : ਮੁਨੀਸ਼ ਪ੍ਰਭਾਕਰ
ਕਿਹਾ: ਆਈ.ਏ.ਐਸ. ਅਧਿਕਾਰੀ ਵਜੋਂ ਹੁਸ਼ਿਆਰਪੁਰ ਹਲਕੇ ‘ਚ ਹੈ ਚੰਗੀ ਪੈਠ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਦੇਸ਼ ‘ਚ ਹੋਣ ਜਾ ਰਹੀਆਂ ਲੋਕਸਭਾ ਚੋਣਾਂ ਵਿਚ ਲੋਕਸਭਾ ਹਲਕਾ ਹੁਸ਼ਿਆਰਪੁਰ ਤੋਂ ਬਲਵਿੰਦਰ ਸਿੰਘ ਧਾਲੀਵਾਲ ਕਾਂਗਰਸ ਪਾਰਟੀ ਲਈ ਮਜ਼ਬੂਤ ਉਮੀਦਵਾਰ ਸਾਬਤ ਹੋ ਸਕਦੇ ਹਨ। ਇਹ ਗੱਲ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਨਗਰ ਕੌਂਸਲਰ ਮੁਨੀਸ਼ ਪ੍ਰਭਾਕਰ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਮੌਜੂਦਾ ਪ੍ਰਧਾਨ ਅਤੇ ਫਗਵਾੜਾ ਤੋਂ ਲਗਾਤਾਰ ਦੂਜੀ ਵਾਰ ਵਿਧਾਇਕ ਚੁਣੇ ਗਏ ਬਲਵਿੰਦਰ ਸਿੰਘ ਧਾਲੀਵਾਲ ਨੇ ਆਈ.ਏ.ਐਸ. ਅਧਿਕਾਰੀ ਵਜੋਂ ਸੇਵਾਕਾਲ ਦੌਰਾਨ ਹੁਸ਼ਿਆਰਪੁਰ ਲੋਕਸਭਾ ਹਲਕੇ ਵਿੱਚ ਡੂੰਘੀ ਛਾਪ ਛੱਡੀ ਹੈ। ਫਗਵਾੜਾ ਵਿੱਚ ਵੀ ਐਸ.ਡੀ.ਐਮ. ਵਜੋਂ ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਅਤੇ ਸਮਾਜ ਸੇਵਾ ਪ੍ਰਤੀ ਝੁਕਾਅ ਨੂੰ ਦੇਖਦਿਆਂ ਇੱਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਪਹਿਲਾਂ 2019 ਦੀਆਂ ਮੱਧਕਾਲੀ ਚੋਣਾਂ ਵਿੱਚ ਵਿਧਾਇਕ ਚੁਣਿਆ ਅਤੇ ਫਿਰ 2023 ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਦੇ ਤੂਫ਼ਾਨ ਦੇ ਬਾਵਜੂਦ ਉਹ ਲਗਾਤਾਰ ਦੂਜੀ ਵਾਰ ਵਿਧਾਇਕ ਚੁਣੇ ਗਏ। ਧਾਲੀਵਾਲ ਦੀਆਂ ਬਤੌਰ ਵਿਧਾਇਕ ਅਤੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਵਜੋਂ ਸੇਵਾਵਾਂ ਸ਼ਾਨਦਾਰ ਰਹੀਆਂ ਹਨ। ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹਿਣਾ ਉਨ੍ਹਾਂ ਦੀ ਡਿਊਟੀ ਪ੍ਰਤੀ ਲਗਨ ਦਾ ਪ੍ਰਤੱਖ ਪ੍ਰਮਾਣ ਹੈ। ਮੁਨੀਸ਼ ਪ੍ਰਭਾਕਰ ਨੇ ਦੱਸਿਆ ਕਿ ਧਾਲੀਵਾਲ ਨੇ ਆਈ.ਏ.ਐਸ. ਅਧਿਕਾਰੀ ਦੇ ਤੌਰ ਤੇ ਸੇਵਾਕਾਲ ਦੌਰਾਨ ਜ਼ਿਆਦਾਤਰ ਸਮਾਂ ਹੁਸ਼ਿਆਰਪੁਰ ਹਲਕੇ ਵਿੱਚ ਹੀ ਸੇਵਾ ਕੀਤੀ। ਉਹ ਹੁਸ਼ਿਆਰਪੁਰ ਵਿੱਚ ਏ.ਡੀ.ਸੀ. ਤੇ ਡੀਟੀਓ ਰਹੇ ਜਦਕਿ ਦਸੂਹਾ ਅਤੇ ਮੁਕੇਰੀਆਂ ਵਿੱਚ ਐਸ.ਡੀ.ਐਮ. ਵਜੋਂ ਉਨ੍ਹਾਂ ਵੱਲੋਂ ਬਿਹਤਰੀਨ ਸੇਵਾਵਾਂ ਨਿਭਾਉਣ ਦੇ ਨਾਲ ਲੋਕ ਭਲਾਈ ਦੇ ਕਾਰਜਾਂ ‘ਚ ਵੀ ਸਰਗਰਮ ਰਹੇ। ਉਹਨਾਂ ਦੀਆਂ ਸੇਵਾਵਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਇਹੀ ਕਾਰਨ ਹੈ ਕਿ ਧਾਲੀਵਾਲ ਦੇ ਉਕਤ ਹਲਕਿਆਂ ਦੇ ਲੋਕਾਂ ਨਾਲ ਪਰਿਵਾਰਕ ਸਬੰਧ ਹਨ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਧਾਲੀਵਾਲ ਸਿਆਸਤ ਵਿੱਚ ਆਏ ਹਨ, ਉਦੋਂ ਤੋਂ ਉਨ੍ਹਾਂ ਦੇ ਕੰਮ ਨੂੰ ਨੇੜਿਓਂ ਦੇਖਣ ਅਤੇ ਸਮਝਣ ਦਾ ਮੌਕਾ ਮਿਲਿਆ। ਉਹਨਾਂ ਦਾ ਸੰਜਮੀ ਸੁਭਾਅ, ਨਪੀ-ਤੁਲੀ ਭਾਸ਼ਾ ਅਤੇ ਸਿਆਸਤ ਦੀਆਂ ਬਾਰੀਕੀਆਂ ’ਤੇ ਚੰਗੀ ਪਕੜ ਉਹਨਾਂ ਨੂੰ ਦੂਜਿਆਂ ਤੋਂ ਵੱਖਰਾ ਕਰਦੀ ਹੈ। ਇਨ੍ਹਾਂ ਗੁਣਾਂ ਦੇ ਦਮ ’ਤੇ ਹੀ ਧਾਲੀਵਾਲ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਫਗਵਾੜਾ ਤੋਂ ‘ਆਪ’ ਉਮੀਦਵਾਰ ਨੂੰ ਸ਼ਿਕਸਤ ਦਿੰਦਿਆਂ ਵਿਰੋਧੀਆਂ ਨੂੰ ਹੈਰਾਨ ਕਰ ਦਿੱਤਾ ਸੀ। ਚੋਣ ਰਣਨੀਤੀ ਦੇ ਮਾਹਿਰ ਹੋਣ ਦੇ ਨਾਲ-ਨਾਲ ਉਹ ਜਨਤਾ ਵਿੱਚ ਹਰਮਨ ਪਿਆਰੇ, ਮਿਹਨਤੀ ਅਤੇ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਵੀ ਹਨ। ਇਸ ਲਈ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਉਮੀਦਵਾਰ ਦਾ ਫੈਸਲਾ ਕਰਨ ਸਮੇਂ ਵਿਧਾਇਕ ਧਾਲੀਵਾਲ ਦੇ ਨਾਂ ’ਤੇ ਗੰਭੀਰਤਾ ਨਾਲ ਵਿਚਾਰ ਜਰੂਰ ਕਰਨਾ ਚਾਹੀਦਾ ਹੈ

