ਲੁਧਿਆਣਾ ‘ ਚ ਕਾਰੋਬਾਰੀ ਨੂੰ ਅਗਵਾ ਕਰ ਕੇ ਗੋਲੀ ਮਾਰਨ ਵਾਲੇ ਬਦਮਾਸ਼ਾਂ ਨਾਲ ਪੁਲਿਸ ਦਾ ਐਨਕਾਊਂਟਰ

ਲੁਧਿਆਣਾ ‘ ਚ ਕਾਰੋਬਾਰੀ ਨੂੰ ਅਗਵਾ ਕਰ ਕੇ ਗੋਲੀ ਮਾਰਨ ਵਾਲੇ ਬਦਮਾਸ਼ਾਂ ਨਾਲ ਪੁਲਿਸ ਦਾ ਐਨਕਾਊਂਟਰ
ਤਲਵੰਡੀ ਸਾਬੋ(ਗੁਰਪ੍ਰੀਤ ਜੋਗੇਵਾਲਾ)30ਨਵੰਬਰ – ਲੁਧਿਆਣਾ ਵਿੱਚ ਹੌਜ਼ਰੀ ਕਾਰੋਬਾਰੀ ਸੰਭਵ ਜੈਨ ਨੂੰ ਅਗਵਾ ਕਰਕੇ ਗੋਲੀ ਮਾਰਨ ਦੇ ਮਾਮਲੇ ਵਿੱਚ ਪੁਲਿਸ ਨੇ ਬੁੱਧਵਾਰ ਸ਼ਾਮ ਨੂੰ ਇੱਕ ਮੁਕਾਬਲੇ ਵਿੱਚ ਦੋ ਗੈਂਗਸਟਰਾਂ ਨੂੰ ਮਾਰ ਮੁਕਾਇਆ । ਇਸ ਦੌਰਾਨ ਗੋਲੀ ਲੱਗਣ ਨਾਲ ਪੰਜਾਬ ਪੁਲੀਸ ਦਾ ਏ.ਐਸ.ਆਈ ਸੁਖਦੀਪ ਵੀ ਜ਼ਖ਼ਮੀ ਹੋ ਗਿਆ ।ਜਿਸ ਨੂੰ ਡੀ.ਐਮ.ਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।ਸੀਆਈਏ – ਵਨ ਦੀ ਟੀਮ ਨੇ ਗੈਂਗਸਟਰਾਂ ਨੂੰ ਘੇਰ ਲਿਆ ਸੀ । ਇਸ ਦੌਰਾਨ ਸਕੂਟਰ ਸਵਾਰ ਗੈਂਗਸਟਰਾਂ ਨੇ ਪੁਲਿਸ ‘ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਪੁਲਿਸ ਵਾਲੇ ਪਾਸਿਓਂ ਵੀ ਜਵਾਬੀ ਗੋਲੀਬਾਰੀ ਹੋਈ । ਇਸ ਦੌਰਾਨ ਦੋਵਾਂ ਪਾਸਿਆਂ ਤੋਂ 20 ਦੇ ਕਰੀਬ ਗੋਲੀਆਂ ਚੱਲੀਆਂ,ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸਾਹਨੇਵਾਲ ਡੇਹਲੋਂ ਰੋਡ ‘ ਤੇ ਸਥਿਤ ਟਿੱਬਾ ਪੁੱਲ ਤੋਂ ਜੰਗਲ ਵੱਲ ਜਾ ਰਹੇ ਸਨ ,ਪਰ ਜਦੋਂ ਪੁਲੀਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਗੋਲੀਆਂ ਚਲਾ ਦਿੱਤੀਆਂ । ਗੋਲੀਬਾਰੀ ‘ ਚ ਦੋ ਗੈਂਗਸਟਰਾਂ ਦੀ ਮੌਤ ਹੋ ਗਈ । ਮ੍ਰਿਤਕਾਂ ਦੀ ਪਛਾਣ ਗੈਂਗਸਟਰ ਸੰਜੀਵ ਕੁਮਾਰ ਉਰਫ ਸੰਜੂ ਬਾਹਮਣ ਅਤੇ ਸ਼ੁਭਮ ਗੋਪੀ ਵਾਸੀ ਸ਼ਿਮਲਾ ਕਲੋਨੀ ਕਾਕੋਵਾਲ ਰੋਡ ਵਜੋਂ ਹੋਈ ਹੈ ।ਮੁਕਾਬਲੇ ਦੀ ਸੂਚਨਾ ਮਿਲਣ ‘ ਤੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ ‘ ਤੇ ਪਹੁੰਚ ਗਏ । ਮੁਲਜ਼ਮਾਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਹੋਏ ਹਨ । ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਪੁਲੀਸ ਨੇ ਸੰਭਵ ਜੈਨ ਨੂੰ ਅਗਵਾ ਕਰਕੇ ਗੋਲੀ ਮਾਰਨ ਦੇ ਮਾਮਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਇਨ੍ਹਾਂ ਵਿੱਚ ਜਤਿਨ ਨੇਪਾਲੀ , ਪਰਮਜੀਤ , ਮਨਤੋਸ਼ ਕੁਮਾਰ , ਆਦਿਤਿਆ ਸ਼ਰਮਾ ਅਤੇ ਮਨਦੀਪ ਕੁਮਾਰ ਸ਼ਾਮਲ ਸਨ । ਇਸ ਦੌਰਾਨ ਗੈਂਗਸਟਰ ਸੰਜੂ ਬਾਹਮਣ ਅਤੇ ਗੋਪੀ ਫਰਾਰ ਹੋ ਗਏ । ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਕੋਲ ਆਟੋਮੈਟਿਕ ਪਿਸਤੌਲ ਸਨ ਜਿਸ ਨਾਲ ਉਨ੍ਹਾਂ ਪੁਲੀਸ ’ ਤੇ ਗੋਲੀਆਂ ਚਲਾਈਆਂ । 18 ਨਵੰਬਰ ਨੂੰ ਲੁਧਿਆਣਾ ਦੇ ਸਭ ਤੋਂ ਭੀੜ ਭੜੱਕੇ ਵਾਲੇ ਇਲਾਕੇ ਨੂਰਵਾਲਾ ਰੋਡ ਇਲਾਕੇ ਵਿੱਚ ਹੌਜ਼ਰੀ ਫੈਕਟਰੀ ਚਲਾਉਣ ਵਾਲੇ ਕਾਰੋਬਾਰੀ ਸੰਭਵ ਜੈਨ ਉਰਫ਼ ਸ਼ੋਬੀ ਨੂੰ ਮੁਲਜ਼ਮਾਂ ਨੇ ਅਗਵਾ ਕਰ ਲਿਆ ਸੀ । ਦੋਸ਼ੀ ਨੇ ਸੰਭਵ ਦੀ ਪਤਨੀ ਨੂੰ ਫੋਨ ਕਰਕੇ ਨਕਦੀ ਅਤੇ ਗਹਿਣਿਆਂ ਦੀ ਮੰਗ ਕੀਤੀ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਜੈਨ ਨੂੰ ਕਰੀਬ ਦੋ – ਤਿੰਨ ਘੰਟੇ ਤੱਕ ਸ਼ਹਿਰ ਵਿੱਚ ਘੁੰਮਾਉਂਦੇ ਰਹੇ ।ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਲਈ ਜਾਲ ਵਿਛਾਇਆ । ਇਸ ਸਬੰਧੀ ਸੂਚਨਾ ਮਿਲਣ ‘ ਤੇ ਮੁਲਜ਼ਮਾਂ ਨੇ ਸੰਭਵ ਜੈਨ ਦੇ ਪੱਟ ‘ ਤੇ ਗੋਲੀ ਮਾਰ ਕੇ ਉਸ ਨੂੰ ਜਗਰਾਉਂ ਪੁਲ ਨੇੜੇ ਸੁੱਟ ਦਿੱਤਾ । ਉਹ ਉਥੋਂ ਸੰਭਵ ਜੈਨ ਦੀ ਕਾਰ ਵਿਚ ਫਰਾਰ ਹੋ ਗਏ । ਜੈਨ ਹੌਜ਼ਰੀ ਦੇ ਮਾਲਕ ਸੰਭਵ ਜੈਨ ਦੀ ਨੂਰਵਾਲਾ ਰੋਡ ’ ਤੇ ਹੌਜ਼ਰੀ ਦੀ ਫੈਕਟਰੀ ਹੈ । ਜਿੱਥੇ ਹੌਜ਼ਰੀ ਦਾ ਸਮਾਨ ਤਿਆਰ ਕੀਤਾ ਜਾਂਦਾ ਹੈ । ਉਹ ਸਿੱਧ ਸ਼ਰਮਾਂ ਜੀ ਫੈਬਰਿਕਸ ਦੇ ਮਾਲਕ ਪ੍ਰੇਮ ਸਾਗਰ ਜੈਨ ਦਾ ਭਤੀਜਾ ਹੈ । ਕਾਰੋਬਾਰੀ ਦੀ ਕਾਰ ਉਤਰਾਖੰਡ ਦੇ ਹਰਿਦੁਆਰ ਤੋਂ ਬਰਾਮਦ ਹੋਈ ਹੈ । ਇੱਕ ਦਿਨ ਇਹ ਕਾਰ ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਇੱਕ ਘਰ ਦੇ ਬਾਹਰ ਖੜ੍ਹੀ ਰਹੀ । ਦੋਸ਼ੀ ਅਗਲੇ ਦਿਨ ਉਥੋਂ ਭੱਜ ਗਿਆ । ਪੁਲੀਸ ਨੇ ਕਾਰ ਦੀ ਲੋਕੇਸ਼ਨ ਪਹਿਲਾਂ ਰੋਪੜ ਅਤੇ ਬਾਅਦ ਵਿੱਚ ਅੰਬਾਲਾ ਵਿੱਚ ਲੱਭੀ । ਇਸ ਤੋਂ ਬਾਅਦ ਹਰਿਆਣਾ ਪੁਲਿਸ ਨਾਲ ਸੰਪਰਕ ਕਰਕੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਪਤਾ ਲੱਗਾ ਕਿ ਕਾਰ ਉਤਰਾਖੰਡ ਦੇ ਹਰਿਦੁਆਰ ਵੱਲ ਗਈ ਸੀ । ਇਸ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਨੇ ਉਤਰਾਖੰਡ ਦੀ ਹਰਿਦੁਆਰ ਪੁਲਿਸ ਨਾਲ ਸੰਪਰਕ ਕੀਤਾ । ਜਦੋਂ ਜਾਂਚ ਕੀਤੀ ਗਈ ਤਾਂ ਉੱਥੋਂ ਕਾਰ ਬਰਾਮਦ ਹੋਈ ।

117 Views