ਚੋਰਾਂ ਤੇ ਲੁਟੇਰਿਆਂ ਦੀ ਦਹਿਸ਼ਤ ਤੋੜਨਾ ਬਠਿੰਡਾ ਪੁਲਿਸ ਲਈ ਚੁਣੌਤੀ ਬਣਿਆ*

*ਚੋਰਾਂ ਤੇ ਲੁਟੇਰਿਆਂ ਦੀ ਦਹਿਸ਼ਤ ਤੋੜਨਾ ਬਠਿੰਡਾ ਪੁਲਿਸ ਲਈ ਚੁਣੌਤੀ ਬਣਿਆ*

( *ਜਸਵੀਰ ਸਿੱਧੂ* )
ਬਠਿੰਡਾ,24ਨਵੰਬਰ2023: ਬਠਿੰਡਾ ਸ਼ਹਿਰ ਵਿੱਚ ਚੋਰਾਂ ਅਤੇ ਲੋਟੇਰਿਆਂ ਦੀ ਸਰਦਾਰੀ ਖਤਮ ਕਰਨਾ ਪੁਲਿਸ ਲਈ ਚੁਣੌਤੀ ਬਣਿਆ ਹੋਇਆ ਹੈ। ਪਿਛਲੇ ਇੱਕ ਮਹੀਨਾ ਤਾਂ ਬਠਿੰਡਾ ਵਾਸੀਆਂ ਨੇ ਦਹਿਸ਼ਤ ਵਿੱਚ ਹੀ ਕੱਟਿਆ ਹੈ। ਨਿੱਤ ਦਿਨ ਕਿਸੇ ਔਰਤ ਦੀ ਚੇਨੀ ਖੋਹੀ ਜਾਂਦੀ ਰਹੀ ਹੈ ਤੇ ਕਿਸੇ ਦਾ ਪਰਸ।
ਨਸ਼ੇੜੀ ਲੋਕਾਂ ਨੇ ਔਰਤਾਂ ਅਤੇ ਆਮ ਲੋਕਾਂ ‘ਚ ਕਾਫੀ ਸਹਿਮ ਪਾ ਰੱਖਿਆ ਹੈ। ਸ਼ਹਿਰ ਵਿੱਚ ਬਹੁਤੀਆਂ ਔਰਤਾਂ ਤਾਂ ਹੱਥ ਵਿੱਚ ਪਰਸ ਤੇ ਮੋਬਾਇਲ ਹੀ ਰੱਖਣੋ ਹਟ ਗਈਆਂ ਹਨ। ਪੁਲਿਸ ਪ੍ਰਸ਼ਾਸ਼ਨ ਕੋਈ ਵੀ ਦਲੀਲ ਦੇਈ ਜਾਵੇ ਬਠਿੰਡਾ ਪੂਰੇ ਪੰਜਾਬ ਦੇ ਸ਼ਹਿਰਾਂ ਚੋਂ ਇਸ ਗੱਲੋਂ ਆਪਣਾ ਨਾਮ ਰੱਖਣ ਲੱਗਾ ਹੈ। ਨਵੇਂ ਐਸ ਐਸ ਪੀ ਦੇ ਆਉਣ ਮਗਰੋਂ ਸ਼ਹਿਰ ਵਿੱਚ ਨਾਕਾਬੰਦੀ ਨਜ਼ਰ ਆਈ ਹੈ ਨਹੀਂ ਤਾਂ ਇਸ ਤੋਂ ਪਹਿਲਾਂ ਰੱਬ ਹੀ ਰਾਖਾ ਰਿਹਾ ਹੈ।
ਐਸਐਸਪੀ ਨੇ ਅਮਨ ਕਾਨੂੰਨ ਕਾਇਮ ਕਰਨ ਲਈ ਪੁਲਿਸ ਢਾਂਚੇ ਵਿੱਚ ਕਈ ਅਹਿਮ ਪੇਸ਼ਬੰਦੀਆਂ ਕੀਤੀਆਂ ਹਨ ਜਿੰਨ੍ਹਾਂ ਦੇ ਨਤੀਜਿਆਂ ਵੱਲ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਪੀੜਤ ਲੋਕ ਆਖਦੇ ਹਨ ਕਿ ਇੱਕ ਤਾਂ ਉਨ੍ਹਾਂ ਦਾ ਨੁਕਸਾਨ ਹੋ ਜਾਂਦਾ ਹੈ ਉੱਪਰੋਂ ਐਫਆਈਆਰ ਦਰਜ ਕਰਵਾਉਣ ਲਈ ਪੁਲਿਸ ਦੇ ਹਾੜੇ ਕੱਢਣੇ ਪੈਂਦੇ ਹਨ। ਪਿਛਲਾ ਰਿਕਾਰਡ ਛੱਡ ਦੇਈਏ ਤਾਂ ਨਵੰਬਰ ਦੇ 22 ਦਿਨਾਂ ਦੌਰਾਨ ਚੋਰੀ ਆਦਿ ਦੀਆਂ 10 ਵਾਰਦਾਤਾਂ ਹੋ ਚੁੱਕੀਆਂ ਹਨ। ਪਿਛਲੇ ਸਮੇਂ ਦੌਰਾਨ ਪੁਲਿਸ ਨੇ ਅਜਿਹੇ ਅਪਰਾਧੀਆਂ ਨੂੰ ਕਾਬੂ ਕੀਤਾ ਸੀ ਇਸ ਦੇ ਬਾਵਜੂਦ ਘਟਨਾਵਾਂ ਵਿੱਚ ਕੋਈ ਕਮੀ ਨਹੀਂ ਹੋਈ ਹੈ। ਗਸ਼ਤ ਅਤੇ ਸ਼ਹਿਰ ਵਿੱਚ ਨਾਕਾਬੰਦੀ ਦੀ ਘਾਟ ਕਾਰਨ ਚੋਰ ਲੁਟੇਰੇ ਬਿਨਾਂ ਕਿਸੇ ਡਰ ਭੈਅ ਦੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਇਸ ਮਾਮਲੇ ‘ਚ ਜੋ ਮਹੱਤਵਪੂਰਨ ਪਹਿਲੂ ਸਾਹਮਣੇ ਆਇਆ ਹੈ ਉਹ ਇਹ ਕਿ ਬਹੁਤੀਆਂ ਵਾਰਦਾਤਾਂ ਬਿਨਾਂ ਨੰਬਰ ਦੇ ਮੋਟਰਸਾਈਕਲਾਂ ਤੇ ਕੀਤੀਆਂ ਜਾ ਰਹੀਆਂ ਹਨ। ਟਰੈਫਿਕ ਪੁਲਿਸ ਵੀ ਬਿਨਾਂ ਨੰਬਰ ਦੇ ਮੋਟਰਸਾਈਕਲਾਂ ਨੂੰ ਰੋਕਦੀ ਜਾਂ ਫਿਰ ਪੜਤਾਲ ਨਹੀਂ ਕਰਦੀ ਹੈ। ਪਤਾ ਲੱਗਿਆ ਹੈ ਕਿ ਸ਼ਹਿਰ ਵਿੱਚ ਨਸ਼ੇੜੀ ਮੁੰਡਿਆਂ ਦੇ ਗੈਂਗ ਸਰਗਰਮ ਹਨ ਜਿੰਨ੍ਹਾਂ ਵੱਲੋਂ ਔਰਤਾਂ ਦੇ ਪਰਸ ਅਤੇ ਮੋਬਾਇਲ ਫੋਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਲੰਘੀ ਛੇ ਨਵੰਬਰ ਨੂੰ ਸੀਆਈਏ ਸਟਾਫ ਵਨ ਕੋਲ ਅਬੋਹਰ ਨਿਵਾਸੀ ਮਹਿਲਾ ਨੀਲਮ ਦਾ ਪਰਸ ਖੋਹ ਲਿਆ ਸੀ। ਇਸ ਤੋਂ ਅਗਲੇ ਦਿਨ 7 ਨਵੰਬਰ ਨੂੰ ਸਵੇਰੇ ਸਵੇਰੇ ਹਨੂੰਮਾਨ ਚੌਂਕ ਲਾਗਿਓਂ ਨੌਜਵਾਨ ਨੂੰ ਅਗਵਾ ਕਰਕੇ ਤੇਜਧਾਰ ਹਥਿਆਰ ਦੀ ਨੋਕ ਤੇ ਮੋਬਾਇਲ, ਪੈਸੇ ਤੇ ਮੋਟਰਸਾਈਕਲ ਖੋਹ ਲਿਆ ਸੀ।
ਇਸੇ ਦਿਨ ਚੋਰਾਂ ਨੇ ਰੇਲਵੇ ਕੁਆਟਰ ਦਾ ਜਿੰਦਰਾ ਤੋੜਕੇ 12 ਹਜ਼ਾਰ ਰੁਪਏ ਨਕਦ ਅਤੇ ਸੋਨਾ ਚਾਂਦੀ ਦੇ ਗਹਿਣੇ ਚੁਰਾ ਲਏ ਸਨ। 16 ਨਵੰਬਰ ਨੂੰ ਫੌਜੀ ਚੌਂਕ ‘ਚ ਸਥਿਤ ਦੋ ਦੁਕਾਨਾਂ ਦੇ ਤਾਲੇ ਤੋੜਕੇ ਚੋਰਾਂ ਨੇ 80 ਹਜ਼ਾਰ ਦਾ ਸਮਾਨ ਅਤੇ ਸਾਢੇ ਤਿੰਨ ਹਜ਼ਾਰ ਦੀ ਨਕਦੀ ਚੋਰੀ ਕਰ ਲਈ ਸੀ । ਏਦਾਂ ਹੀ 17 ਨਵੰਬਰ ਨੂੰ ਦੋ ਲੋਟੇਰਿਆਂ ਨੇ ਲੇਬਰ ਚੌਂਕ ਦੇ ਦੋ ਮਜ਼ਦੂਰਾਂ ਤੋਂ 15 ਸੌ ਰੁਪਏ ਨਕਦ ਅਤੇ ਮੋਬਾਇਲ ਫੋਨ ਲੁੱਟ ਲਿਆ ਸੀ। ਸੁਭਾਸ਼ ਮਾਰਕੀਟ ਦੀ ਇੱਕ ਮੋਬਾਇਲ ਫੋਨਾਂ ਦੀ ਦੁਕਾਨ ਤੋਂ 18 ਨਵੰਬਰ ਨੂੂੰ ਇੱਕ ਲੁਟੇਰਾ ਪਿਸਤੌਲ ਦਾ ਡਰ ਦਿਖਾਕੇ ਤਿੰਨ ਮੋਬਾਇਲ ਫੋਨ,ਤਿੰਨ ਮਹਿੰਗੀ ਘੜੀਆਂ ਅਤੇ 7 ਹਜ਼ਾਰ ਰੁਪਏ ਨਕਦ ਲੁੱਟ ਕੇ ਫਰਾਰ ਹੋ ਗਿਆ।
ਖੇਤਾ ਸਿੰਘ ਬਸਤੀ ਦੀਆਂ ਦੋ ਦੁਕਾਨਾਂ ਵਿੱਚ 18 ਨਵੰਬਰ ਨੂੰ ਚੋਰੀ ਦੀ ਘਟਨਾ ਵਾਪਰੀ ਜਿੰਨ੍ਹਾਂ ‘ਚ ਹਜਾਰਾਂ ਰੁਪਏ ਦਾ ਨੁਕਸਾਂਨ ਹੋਇਆ ਹੈ। ਕਰਤਾਰ ਨਗਰ ਵਿੱਚ ਇੱਕ ਔਰਤ ਦਾ 21 ਨਵੰਬਰ ਨੂੰ ਪਰਸ ਖੋਹਿਆ ਗਿਆ ਜਿਸ ਵਿੱਚ ਇੱਕ ਲੱਖ ਰੁਪਿਆ ਅਤੇ ਸੋਨੇ ਦੇ ਜੇਵਰ ਸਨ। ਰਾਹਤ ਦੀ ਗੱਲ ਇਹੋ ਰਹੀ ਕਿ ਲੁਟੇਰਾ ਗ੍ਰਿਫਤਾਰ ਹੋ ਗਿਆ ਹੈ। ਬਠਿੰਡਾ ਪ੍ਰੈਸ ਕਲੱਬ ਦੇ ਸਾਹਮਣੇ 22 ਨਵੰਬਰ ਨੂੰ ਐਸਐਸਪੀ ਦੇ ਘਰ ਤੋਂ ਥੋਹੜੀ ਦੂਰ ਲੁਟੇਰੇ ਇੱਕ ਅਧਿਆਪਕਾ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ ਸਨ। ਪਰਸ ਵਿੱਚ ਮੋਬਾਈਲ ਫੋਨ, ਆਈਡੀ ਕਾਰਡ ਅਤੇ ਕਰੀਬ 2700 ਰੁਪਏ ਦੀ ਨਕਦੀ ਸੀ। ਇੱਕ ਦਿਨ ਪਹਿਲਾਂ ਮਹਿਣਾ ਚੌਂਕ ਦੀ ਨੀਟਾ ਸਟਰੀਟ ਵਿੱਚ ਲੱਖਾਂ ਦੀ ਲੁੱਟ ਦਾ ਮਾਮਲਾ ਅਸਲ ਵਿੱਚ ਠੱਗੀ ਦਾ ਸੀ।
ਗਨੀਮਤ ਇਹ ਰਹੀ ਉੱਤਰ ਪ੍ਰਦੇਸ਼ ਨਾਲ ਇਹ ਠੱਗ ਲੋਕਾਂ ਨੇ ਦਬੋਚ ਲਏ ਅਤੇ ਪੁਲਿਸ ਹਵਾਲੇ ਕਰ ਦਿੱਤੇ। ਇਹ ਕੁਝ ਮਿਸਾਲਾਂ ਹਨ ਜਦੋਂਕਿ ਕਈ ਨਿੱਕੀਆਂ ਮੋਟੀਆਂ ਵਾਰਦਾਤਾਂ ਅਣਗੌਲਿਆ ਕਰ ਦਿੱਤੀਆਂ ਜਾਂਦੀਆਂ ਹਨ। ਸ਼ਹਿਰ ਵਾਸੀ ਆਖਦੇ ਹਨ ਕਿ ਅਪਰਾਧੀਆਂ ਵੱਲੋਂ ਸ਼ਹਿਰ ਦੀਆਂ ਸੜਕਾਂ,ਮੁੱਖ ਬਜ਼ਾਰਾਂ ਅਤੇ ਜਨਤਕ ਥਾਵਾਂ ਤੇ ਬਿਨਾਂ ਕਿਸੇ ਖੌਫ ਦੇ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਦੇ ਇੱਕ ਅਧਿਕਾਰੀ ਨੇ ਮੰਨਿਆ ਕਿ ਸ਼ਹਿਰ ਵਿੱਚ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ ‘ਚ ਦਿਨ ਬਦਿਨ ਵਾਧਾ ਹੋ ਰਿਹਾ ਹੈ ਜਿਸ ਨਾਲ ਵਾਰਦਾਤਾਂ ਵੀ ਵਧਣ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਵੀ ਲੈਂਦੀ ਹੈ ਜੋ ਜਮਾਨਤ ਲੈਣ ਮਗਰੋਂ ਫਿਰ ਸਰਗਰਮ ਹੋ ਜਾਂਦੇ ਹਨ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜਿਲ੍ਹਾ ਅਦਾਲਤੀ ਕੰਪਲੈਕਸ ਵਿੱਚੋਂ ਵੀ ਮੋਟਰਸਾਈਕਲ ਆਦਿ ਚੋਰੀ ਹੋਏ ਹਨ ਅਤੇ ਲੋਕਾਂ ਦੇ ਰਖਿਆਂ ਦੇ ਦਫਤਰਾਂ ਵਾਲਾ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵੀ ਚੋਰਾਂ ਤੋਂ ਬਚ ਨਹੀਂ ਸਕਿਆ ਹੈ। ਸ਼ਹਿਰ ਦਾ ਲਾਈਨੋਪਾਰ ਇਲਾਕਾ ਲੁੱਟਾਂ ਖੋਹਾਂ ਦੇ ਮਾਮਲੇ ‘ਚ ਬਦਨਾਮ ਹੈ ਤਾਂ ਪਾਸ਼ ਕਲੋਨੀਆਂ ਵਿੱਚ ਵੀ ਚੋਰਾਂ ਲੁਟੇਰਿਆਂ ਦੀ ਦਹਿਸ਼ਤ ਬਣੀ ਹੋਈ ਹੈ। ਮਾਲ ਰੋਡ ਤੇ ਇਸ ਦੌਰਾਨ ਦੋ ਕਤਲ ਦੀਆਂ ਵਾਰਦਾਤਾਂ ਵੀ ਹੋਈਆਂ ਹਨ ਜਿੰਨ੍ਹਾਂ ‘ਚ ਕੁਲਚਾ ਵਪਾਰੀ ਅਤੇ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਦੀ ਹੱਤਿਆ ਵੀ ਸ਼ਾਮਲ ਹੈ। ਐਸਐਸਪੀ ਹਰਮਨਬੀਰ ਸਿੰਘ ਗਿੱਲ ਦਾ ਕਹਿਣਾ ਸੀ ਕਿ ਅਮਨ ਕਾਨੂੰਨ ਦੇ ਮੋਰਚੇ ਤੇ ਸ਼ਹਿਰ ਵਾਸੀਆਂ ਨੂੰ ਜਲਦੀ ਹੀ ਤਬਦੀਲੀਆਂ ਨਜ਼ਰ ਆਉਣਗੀਆਂ।

53 Views