ਕੋਠਾ ਗੁਰੂ ਗੋਲੀ ਕਾਂਡ: ਝਗੜਾ ਸਿਰਫ਼ ਇੱਕ ਕਨਾਲ ਜ਼ਮੀਨ ਦਾ ਸੀ , ਪੂਰੀ ਵਿਉਂਤ ਨਾਲ ਘਾਤ ਲਾ ਕੇ ਬੈਠਾ ਸੀ ਕਾਤਲ

*ਕੋਠਾ ਗੁਰੂ ਗੋਲੀ ਕਾਂਡ: ਝਗੜਾ ਸਿਰਫ਼ ਇੱਕ ਕਨਾਲ ਜ਼ਮੀਨ ਦਾ ਸੀ , ਪੂਰੀ ਵਿਉਂਤ ਨਾਲ ਘਾਤ ਲਾ ਕੇ ਬੈਠਾ ਸੀ ਕਾਤਲ*

( *ਜਸਵੀਰ ਸਿੱਧੂ* )ਬਠਿੰਡਾ, 12 ਨਵੰਬਰ 2023: ਬਠਿੰਡਾ ਜਿਲ੍ਹੇ ਦੇ ਪਿੰਡ ਕੋਠਾ ਗੁਰੂ ‘ਚ ਗੁਰਸ਼ਰਨ ਸਿੰਘ ਉਰਫ ਸ਼ਰਨੀ ਵੱਲੋਂ ਸ਼ੁੱਕਰਵਾਰ ਨੂੰ ਕਤਲ ਕਰਨ ਕਰਨ ਤੋਂ ਪਹਿਲਾਂ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਪੂਰੀ ਪੂਰੀ ਵਿਉਂਤਬੰਦੀ ਕੀਤੀ ਸੀ।
ਗੁਰਸ਼ਰਨ ਨੇ ਇਸ ਮੌਕੇ ਸ਼ਰੀਕੇ ਚੋਂ ਭਰਾ ਲੱਗਦੇ ਗੁਰਸ਼ਾਂਤ ਸਿੰਘ ਅਤੇ ਪਿੰਡ ਵਾਸੀ ਭੋਲਾ ਸਿੰਘ ਵੱਡੇ ਘਰ ਵਾਲਾ ਦੀ ਤਾਬੜਤੋੜ ਗੋਲੀਆਂ ਚਲਾਕੇ ਹੱਤਿਆ ਕਰ ਦਿੱਤੀ ਸੀ।
ਇਸ ਸਬੰਧ ‘ਚ ਪਿੰਡ ਵਾਸੀਆਂ ਤੋਂ ਹਾਸਲ ਜਾਣਕਾਰੀ ਦੌਰਾਨ ਹੈਰਾਨ ਕਰਨ ਵਾਲੇ ਇਹ ਤੱਥ ਸਾਹਮਣੇ ਆਏ ਹਨ। ਪੁਲਿਸ ਜਾਂਚ ‘ਚ ਵੀ ਇਹ ਭੇਦ ਖੁੱਲਿ੍ਹਆ ਹੈ ਕਿ ਗੁਰਸ਼ਰਨ ਸਿੰਘ ਨੇ ਗੁਰਸ਼ਾਂਤ ਦਾ ਕਤਲ ਪੂਰੀ ਤਿਆਰੀ ਨਾਲ ਕੀਤੀ ਸੀ ਜਦੋਂਕਿ ਇਸ ਖੌਫਨਾਕ ਗੋਲੀ ਕਾਂਡ ਦੌਰਾਨ ਭੋਲਾ ਸਿੰਘ ਬਿਨਾਂ ਕਿਸੇ ਵਜਾਹ ਤੋਂ ਮਾਰਿਆ ਗਿਆ ਹੈ।
ਦਰਅਸਲ ਹਮਲਾਵਰ ਗੁਰਸ਼ਰਨ ਸਿੰਘ ਅਤੇ ਗੁਰਸ਼ਾਂਤ ਵਿਚਕਾਰ ਕਾਫੀ ਸਮੇਂ ਤੋਂ ਤਣਾਤਣੀ ਚੱਲ ਰਹੀ ਸੀ ਜਿਸ ਦਾ ਮੁੱਖ ਕਾਰਨ ਇੱਕ ਕਨਾਲ ਜਮੀਨ ਦੱਸਿਆ ਗਿਆ ਹੈ। ਮੁਲਜਮ ਗੁਰਸ਼ਰਨ ਦੇ ਪਿਤਾ ਲਾਲਜੀਤ ਸਿੰਘ ਨੇ ਵੀ ਮੀਡੀਆ ਕੋਲ ਕਤਲ ਪਿੱਛੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਵੇਰਵਿਆਂ ਅਨੁਸਾਰ ਗੁਰਸ਼ਰਨ ਨੇ ਗੁਰਸ਼ਾਂਤ ਨੂੰ ਕਤਲ ਕਰਨ ਲਈ 10 ਨਵੰਬਰ ਦਾ ਦਿਨ ਤੈਅ ਕੀਤਾ ਸੀ। ਗੁਰਸ਼ਾਂਤ ਦੇ ਚਾਚੇ ਮਨਿੰਦਰ ਸਿੰਘ ਉਰਫ ਨਿੰਦੀ ਦੀ ਕੁੱਝ ਸਮਾਂ ਪਹਿਲਾਂ ਹੋਈ ਮੌਤ ਕਾਰਨ ਇਸ ਦਿਨ ਪੌਣੇ ਸਾਲ ਮੌਕੇ ਰਖਾਏ ਪਾਠ ਦਾ ਭੋਗ ਪਾਇਆ ਜਾਣਾ ਸੀ। ਗੁਰਸ਼ਰਨ ਇੰਨ੍ਹਾਂ ਭੋਗ ਸਮਾਗਮਾਂ ਦੀ ਤਿਆਰੀ ‘ਚ ਵੀ ਸਹਾਇਤਾ ਕਰ ਰਿਹਾ ਸੀ ਜਿਸ ਕਰਕੇ ਉਸ ਨੂੰ ਗੁਰਸ਼ਾਂਤ ਦੇ ਆਉਣ ਸਬੰਧੀ ਜਾਣਕਾਰੀ ਸੀ।
ਗੁਰਸ਼ਾਂਤ ਦੇ ਚਾਚੇ ਮਨਿੰਦਰ ਸਿੰਘ ਅਤੇ ਹਮਲਾਵਰ ਗੁਰਸ਼ਰਨ ਸਿੰਘ ਦੇ ਘਰ ਆਹਮੋ ਸਾਹਮਣੇ ਹਨ। ਗੁਰਸ਼ਰਨ ਨੇ ਅੰਦਰੋ ਅੰਦਰੀ ਗੁਰਸ਼ਾਂਤ ਤੇ ਹਮਲਾ ਕਰਨ ਦੀ ਸਾਜਿਸ਼ ਘੜ ਲਈ। ਇਸ ਤਹਿਤ ਗੁਰਸ਼ਰਨ ਨੇ ਆਪਣੇ ਘਰ ‘ਚ ਲੱਗੇ ਦਰਖਤ ਦੀਆਂ ਟਾਹਣੀਆਂ ਛਾਂਗ ਦਿੱਤੀਆਂ ਤਾਂ ਜੋ ਉਸ ਨੂੰ ਚੁਬਾਰੇ ਚੋਂ ਦੇਖਣ ਮੌਕੇ ਕੋਈ ਵਿਘਨ ਨਾਂ ਪਵੇ। ਇਸ ਮੌਕੇ ਉਸ ਨੇ ਘਰ ਦੇ ਗੇਟ ਅੱਗੇ ਖਲੋਤੀ ਗੱਡੀ ਨੂੰ ਵੀ ਅੜਿੱਕਾ ਪੈਣ ਦੇ ਡਰੋਂ ਹਟਵਾ ਦਿੱਤਾ। ਗੁਰਸ਼ਰਨ ਆਪਣੇ ਕੋਲ ਭਾਰੀ ਮਾਤਰਾ ‘ਚ ਕਾਰਤੂਸ ਜਮਾਂ ਕਰ ਲਏ ਅਤੇ ਆਪਣੇ ਮਾਪਿਆਂ ਤੇ ਪਤਨੀ ਦੇ ਮੋਬਾਇਲਾ ਫੋਨਾਂ ਨੂੰ ਵੀ ਕਬਜੇ ‘ਚ ਲੈ ਲਿਆ ਤਾਂ ਜੋ ਉਹ ਕਿਸੇ ਨੂੰ ਸੱਦਣ ਜਾਂ ਸਹਾਇਤਾ ਲਈ ਕੋਈ ਫੋਨ ਵਗੈਰਾ ਨਾਂ ਕਰ ਸਕਣ।
ਸਵੇਰ ਵੇਲੇ ਜਦੋਂ ਗੁਰਸ਼ਾਂਤ ਆਪਣੇ ਚਾਚੇ ਦੇ ਘਰ ਆਇਆ ਤਾਂ ਗੁਰਸ਼ਰਨ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ। ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਸ਼ਾਂਤ ਫਾਇਰ ਵੱਜਣ ਕਾਰਨ ਡਿੱਗ ਪਿਆ ਤਾਂ ਭੋਲਾ ਸਿੰਘ, ਕੁਲਦੀਪ ਸਿੰਘ ਅਤੇ ਕੁੱਝ ਹੋਰ ਪਿੰਡ ਵਾਸੀ ਉਸ ਨੂੰ ਚੁੱਕਣ ਲਈ ਅੱਗੇ ਗਏ ਤਾਂ ਜੋ ਉਸ ਨੂੰ ਹਸਪਤਾਲ ਲਿਜਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਇੰਨ੍ਹਾਂ ਲੋਕਾਂ ਨੂੰ ਇਲਮ ਹੀ ਨਹੀਂ ਸੀ ਕਿ ਗੋਲੀ ਗੁਰਸ਼ਰਨ ਨੇ ਚਲਾਈ ਹੈ ਬਲਕਿ ਉਹ ਤਾਂ ਇਹ ਸਮਝ ਰਹੇ ਸਨ ਕਿ ਕੋਈ ਬੰਦਾ ਗੁਰਸ਼ਾਂਤ ਨੂੰ ਗੋਲੀਆਂ ਮਾਰਨ ਤੋਂ ਬਾਅਦ ਭੱਜ ਗਿਆ ਹੈ। ਜਦੋਂ ਗੁਰਸ਼ਰਨ ਨੂੰ ਪਤਾ ਲੱਗਿਆ ਕਿ ਇਹ ਲੋਕ ਗੰਭੀਰ ਜਖਮੀ ਗੁਰਸ਼ਾਤ ਨੂੰ ਚੁੱਕ ਰਹੇ ਹਨ ਤਾਂ ਤੈਸ਼ ‘ਚ ਆ ਕੇ ਉਸ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ।
ਇਸ ਗੋਲੀਬਾਰੀ ਕਾਰਨ ਭੋਲਾ ਸਿੰਘ ਦੀ ਮੌਤ ਹੋ ਗਈ ਜਦੋਂਕਿ ਕੁਲਦੀਪ ਸਿੰਘ ਗੰਭੀਰ ਜਖਮੀ ਹੋ ਗਿਆ ਜਿਸ ਦਾ ਇੱਕ ਪ੍ਰਾਈਵੇਟ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਸ ਹਮਲੇ ‘ਚ ਕਿਸਾਨ ਆਗੂ ਜਸਪਾਲ ਸਿੰਘ ਪਾਲਾ ਦੋ ਹੋਰ ਵੀ ਛਰ੍ਹੇ ਲੱਗਣ ਕਾਰਨ ਜਖਮੀ, ਪਰ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।
ਓਧਰ ਇਸ ਕਤਲ ਕਾਂਡ ਵਿੱਚ ਮਾਰੇ ਗਏ ਗੁਰਸ਼ਾਂਤ ਸਿੰਘ ਅਤੇ ਭੋਲਾ ਸਿੰਘ ਦਾ ਸ਼ਨੀਵਾਰ ਨੂੰ ਵੱਡੀ ਗਿਣਤੀ ਪਿੰਡ ਵਾਸੀਆਂ ,ਰਿਸ਼ਤੇਦਾਰਾਂ ,ਸਿਆਸੀ, ਸਮਾਜਿਕ ਤੇ ਧਾਰਮਿਕ ਸ਼ਖਸ਼ੀਅਤਾਂ ਦੀ ਮੌਜੂਦਗੀ ‘ਚ ਅੰਤਿਮ ਸਸਕਾਰ ਕੀਤਾ ਗਿਆ ਤਾਂ ਇਸ ਮੌਕੇ ਹਰ ਅੱਖ ਨਮ ਸੀ । ਦੋ ਗੱਭਰੂਆਂ ਦੇ ਇੱਕੋ ਦਿਨ ਸਿਵੇ ਬਲਣ ਕਾਰਨ ਪਿੰਡ ਕੋਠਾ ਗੁਰੂ ‘ਚ ਮਾਤਮ ਦੀ ਚਾਦਰ ਪੱਸਰ ਗਈ ਹੈ।
ਇੰਨ੍ਹਾਂ ਪ੍ਰੀਵਾਰਾਂ ਦੇ ਸੋਗ ਵਜੋਂ ਇੰਨ੍ਹਾਂ ਦੇ ਆਂਢ ਗੁਆਂਢ ਦੇ ਘਰਾਂ ਵਿੱਚ ਚੰਗੀ ਤਰਾਂ ਕੋਈ ਚੁੱਲ੍ਹਾ ਨਹੀਂ ਬਲਿਆ। ਹਮੇਸ਼ਾ ਚਹਿਲ ਪਹਿਲ ਰਹਿਣ ਵਾਲੇ ਪਿੰਡ ਦੇ ਮੁੱਖ ਬਜ਼ਾਰ ‘ਚ ਅੱਜ ਦਿਵਾਲੀ ਦੇ ਤਿਉਹਾਰ ਜਾਂ ਰੌਣਕ ਵਾਲੀ ਕੋਈ ਗੱਲ ਨਜ਼ਰ ਨਹੀਂ ਆਈ ਹੈ। ਗਮ ‘ਚ ਡੁੱਬੇ ਦੁਕਾਨਦਾਰ ਵੀ ਡੌਰ ਭੌਰਿਆਂ ਵਾਂਗ ਇੱਕ ਦੂਜੇ ਵੱਲ ਦੇਖ ਰਹੇ ਸਨ । ਭਾਵੇਂ ਗੁਰਸ਼ਾਂਤ ਸਿੰਘ ਦਾ ਪ੍ਰੀਵਾਰ ਸਰਦਾ ਪੁੱਜਦਾ ਹੈ ਪਰ ਅਚਾਨਕ ਆਣ ਪਈ ਬਿਪਤਾ ਨੇ ਪ੍ਰੀਵਾਰਕ ਮੈਂਬਰ ਧੁਰ ਅੰਦਰੋਂ ਹਿਲਾਕੇ ਰੱਖ ਦਿੱਤੇ ਹਨ। ਦੋ ਧੀਆਂ ਦਾ ਪਿਤਾ ਭੋਲਾ ਸਿੰਘ ਸਧਾਰਨ ਕਿਸਾਨੀ ਚੋਂ ਸੀ ਜਿਸ ਦੇ ਅਚਾਨਕ ਤੁਰ ਜਾਣ ਨਾਲ ਡੂੰਘੇ ਸਦਮੇਂ ‘ਚ ਚਲੇ ਗਏ ਪ੍ਰੀਵਾਰ ਦਾ ਸਮੁੱਚਾ ਤਾਣਾ ਬਾਣਾ ਪ੍ਰਭਾਵਿਤ ਹੋ ਗਿਆ ਹੈ।
ਗੁਰਸ਼ਰਨ ਦਾ ਵੀ ਅੰਤਿਮ ਸਸਕਾਰ ਹਮਲਾਵਰ ਗੁਰਸ਼ਰਨ ਸਿੰਘ ਦਾ ਵੀ ਪ੍ਰੀਵਾਰ ਨੇ ਅੰਤਿਮ ਸਸਕਾਰ ਕਰ ਦਿੱਤਾ ਹੈ ਜਿਸ ਜਿਆਦਾਤਰ ਰਿਸ਼ਤੇਦਾਰ ਜਾਂ ਨਜ਼ਦੀਕੀਆਂ ਨੇ ਸ਼ਮੂਲੀਅਤ ਕੀਤੀ ਹੈ। ਕਤਲਾਂ ਦੇ ਰੋਸ ਕਾਰਨ ਪਿੰਡ ਵਾਸੀਆਂ ਨੇ ਗੁਰਸ਼ਰਨ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਣ ਤੋਂ ਪਾਸਾ ਵੱਟ ਲਿਆ

69 Views